nabaz-e-punjab.com

ਨਸ਼ਿਆਂ ਵਿਰੁੱਧ ਅਵਾਜ ਉਠਾਉਣ ਵਾਲਾ ਹਰ ਸਖਸ਼ ਸ਼ਲਾਘਾ ਦਾ ਪਾਤਰ- ਅਮਨ ਅਰੋੜਾ

ਆਪ ਵਿਧਾਇਕ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੱਧੂ ਨੂੰ ਸਨਮਾਨਿਤ ਕਰਨ ਦੀ ਕੀਤੀ ਮੰਗ

ਜਵਾਨੀ ਨੂੰ ਬਰਬਾਦ ਕਰਨ ਵਾਲੇ ਤਾਕਤਵਰ ਲੋਕਾਂ ਨੂੰ ਹੱਥ ਨਹੀਂ ਪਾ ਰਹੀ ਕਾਂਗਰਸ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜੁਲਾਈ:
ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਅਤੇ ਵਿਧਾਇਕ (ਸੁਨਾਮ) ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੀ ਮਾਰ ਝੱਲ ਰਹੇ ਪੰਜਾਬ ਅੰਦਰ ਕੋਈ ਵੀ ਨਸ਼ਿਆਂ ਵਿਰੁੱਧ ਅਵਾਜ ਬੁਲੰਦ ਕਰਦਾ ਹੈ ਉਹ ਸਲਾਘਾ ਦਾ ਪਾਤਰ ਹੈ।
ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਨਸਿਆਂ ਦੇ ਖਿਲਾਫ ਅਵਾਜ ਬੁਲੰਦ ਕਰਦੀ ਰਹੀ ਹੈ, ਇਸ ਲਈ ਨਸ਼ਿਆਂ ਵਿਰੁੱਧ ਉਠਣ ਵਾਲੀ ਹਰ ਅਵਾਜ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਤਾਂਕਿ ਇਸ ਕੋਹੜ ਨੂੰ ਸਾਰੇ ਰਲ-ਮਿਲ ਕੇ ਜੜੋਂ ਪੁਟ ਸਕੀਏ। ਉਨਾਂ ਕਿਹਾ ਕਿ ਬੀਤੀ 23 ਜੁਲਾਈ ਨੂੰ ਸੰਗਰੂਰ ਪੁਲਿਸ ਵਲੋਂ ਐਸ.ਐਸ.ਪੀ ਮਨਦੀਪ ਸਿੰਘ ਸਿਧੂ ਦੀ ਅਗਵਾਈ ਵਿਚ ‘ਨਸ਼ਿਆਂ ਨੂੰ ਨਾ, ਜਿੰਦਗੀ ਨੂੰ ਹਾਂ’ (ਸੇ ਨੋ ਟੂ ਡਰੱਗਸ ਐਂਡ ਯੈਸ ਟੂ ਲਾਈਫ) ਨਾਅਰੇ ਹੇਠ ਇਕ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ। 16 ਕਿਲੋਮੀਟਰ ਲੰਬੀ ਇਸ ਰੈਲੀ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਸਮੇਤ ਸਮਾਜ ਹਰ ਵਰਗ ਦੇ ਕਰੀਬ 7 ਹਜਾਰ ਲੋਕਾਂ ਦੇ ਨਾਲ ਨਾਲ ਮੈਨੂੰ ਵੀ ਸ਼ਾਮੂਲਿਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਕ ਪ੍ਰਤੱਖਦ੍ਰਸ਼ੀ ਦੇ ਤੌਰ ਤੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਰੈਲੀ ਦਾ ਸਮਾਜ ਅਤੇ ਪ੍ਰਸ਼ਾਸਨ ਵਿਚ ਚੰਗਾ ਸਨੇਹਾ ਗਿਆ ਹੈ।
ਅਮਨ ਅਰੋੜਾ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਬਦਕੀਸਮਤੀ ਨਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਜਵਾਨੀ ਨੂੰ ਨਸਿਆਂ ਨਾਲ ਤਬਾਹ ਕਰਨ ਵਾਲੇ 6ਵੇਂ ਦਰਿਆ ‘ਡਰੱਗ ਮਾਫੀਆ’ ਨੂੰ ਰਾਜ ਦੇ ਹੀ ਕੁਝ ਸਿਰਮੌਰ ਸਿਆਸੀ ਲੀਡਰਾਂ ਅਤੇ ਪੁਲਿਸ ਅਫਸਰਾਂ ਦੀ ਗੋਦੀ ਵਿਚ ਬੈਠ ਕੇ ਪ੍ਰਫੁਲਿਤ ਹੋਣ ਦਾ ਮੌਕਾ ਮਿਲਦਾ ਰਿਹਾ ਹੈ। ਉਥੇ ਨਸ਼ਿਆਂ ਵਿਰੁੱਧ ਇਸ ਤਰਾਂ ਦੀ ਮੁਹਿੰਮ ਤੋਂ ਲਗਦਾ ਹੈ ਕਿ ਆਸ ਦੀ ਕਿਰਨ ਅਜੇ ਵੀ ਪੂਰੀ ਤਰਾਂ ਨਹੀਂ ਬੁਝੀ।
ਅਮਨ ਅਰੋੜਾ ਨੇ ਕਿਹਾ ਕਿ, ‘ ਜਿਥੇ ਮੈਨੂੰ ਬਿਨਾ ਕਿਸੇ ਸੰਕੋਚ ਦੇ ਅਫਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਕਾਂਗਰਸ ਸਰਕਾਰ ਬਣਨ ਦੇ ਕਰੀਬ ਚਾਰ ਮਹੀਨੇ ਨਿਕਲ ਜਾਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਦੀ ਸਿਰਮੌਰ ਲੀਡਰਸ਼ਿਪ ਵਲੋਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਜਿੰਮੇਵਾਰ ਤਾਕਤਵਰ ਸਿਆਸੀ ਲੋਕਾਂ ਨੂੰ ਉਨਾਂ ਦੇ ਕੀਤੇ ਦੀ ਸਜਾ ਦੇਣ ਦੀ ਕੋਈ ਮਨਸ਼ਾ ਨਜ਼ਰ ਨਹੀਂ ਆਉਦੀ, ਉਥੇ ਹੀ ਕਿਸੇ ਵਲੋਂ ਵੀ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੀ ਸ਼ਲਾਘਾ ਕੀਤੇ ਬਗੈਰ ਵੀ ਮੈਂ ਨਹੀਂ ਰਹਿ ਸਕਦਾ।

Load More Related Articles

Check Also

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ

ਤੰਬਾਕੂ ਦੀ ਆਦਤ ਛੱਡ ਕੇ ਚੰਗੀ ਜ਼ਿੰਦਗੀ ਵੱਲ ਮੁੜਿਆ ਜਾਵੇ: ਡਾ. ਨਵਦੀਪ ਸਿੰਘ ਵਿਸ਼ਵ ਤੰਬਾਕੂ ਦਿਵਸ ’ਤੇ ਖ਼ਾਲਸਾ…