
ਗਮਾਡਾ ਵੱਲੋਂ ਕਲੋਨੀ ਢਾਹੁਣ ਖ਼ਿਲਾਫ਼ ਆਪ ਵਲੰਟੀਅਰਾਂ ਤੇ ਕਲੋਨੀ ਵਾਸੀਆਂ ਰੋਸ ਪ੍ਰਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਆਮ ਆਦਮੀ ਪਾਰਟੀ (ਆਪ) ਦੇ ਵਲੰਟੀਅਰਾਂ ਅਤੇ ਕਲੋਨੀ ਵਾਸੀਆਂ ਵੱਲੋਂ ਇੱਥੋਂ ਦੇ ਨਜ਼ਦੀਕੀ ਪਿੰਡ ਜੁਝਾਰ ਨਗਰ ਵਿੱਚ ਗਮਾਡਾ ਵੱਲੋਂ ਨਾਜਾਇਜ਼ ਉਸਾਰੀਆਂ ਢਾਹੁਣ ਖ਼ਿਲਾਫ਼ ਅਮਿਤ ਐਨਕਲੇਵ ਦੇ ਗੇਟ ਮੂਹਰੇ ਪੰਜਾਬ ਸਰਕਾਰ ਅਤੇ ਗਮਾਡਾ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਧਰਨਾ ਪ੍ਰਦਰਸ਼ਨ ਦੀ ਅਗਵਾਈ ਆਪ ਦੇ ਸੀਨੀਅਰ ਆਗੂ ਡਾ. ਚਿਰਾਗਦੀਪ ਸਿੰਘ ਆਹਲੂਵਾਲੀਆ, ਜ਼ਿਲ੍ਹਾ ਮੁਹਾਲੀ ਦੇ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ ਅਤੇ ਬਲਾਕ ਪ੍ਰਧਾਨ ਰਾਜੇਸ਼ ਰਾਣਾ ਨੇ ਕੀਤੀ।
ਆਪ ਆਗੂਆਂ ਨੇ ਦੋਸ਼ ਲਾਇਆ ਕਿ ਗਮਾਡਾ ਰਾਹੀਂ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਉਜਾੜਨ ’ਤੇ ਤੁਲੀ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਗਮਾਡਾ ਵੱਲੋਂ ਨਾਜਾਇਜ਼ ਉਸਾਰੀਆਂ ਦੀ ਆੜ ਵਿੱਚ ਗਰੀਬ ਲੋਕਾਂ ਦੇ ਘਰ ਤੋੜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੁਝਾਰ ਨਗਰ ਦੀ ਉਕਤ ਕਲੋਨੀ ਵਿੱਚ ਤਿੰਨ ਸਾਲਾਂ ਤੋਂ 300 ਪਰਿਵਾਰ ਰਹਿ ਰਹੇ ਹਨ। ਕਲੋਨੀਆਂ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਕਾਇਦਾ ਰਜਿਸਟਰੀਆਂ ਕਰਵਾਉਣ ਤੋਂ ਬਾਅਦ ਹੀ ਆਪਣੇ ਰਹਿਣ ਲਈ ਘਰ ਬਣਾਏ ਗਏ ਹਨ ਪ੍ਰੰਤੂ ਹੁਣ ਗਮਾਡਾ ਨੇ ਕਲੋਨੀ ਢਾਹੁਣ ਦਾ ਫੁਰਮਾਨ ਜਾਰੀ ਕਰਕੇ ਗਰੀਬ ਲੋਕਾਂ ਦੇ ਸਿਰ ਤੋਂ ਛੱਤ ਖੋਹੀ ਜਾ ਰਹੀ ਹੈ। ਇੱਥੇ ਉਨ੍ਹਾਂ ਦੇ ਨਾਂ ’ਤੇ ਬਿਜਲੀ ਦੇ ਮੀਟਰ ਵੀ ਲੱਗੇ ਹੋਏ ਹਨ। ਇਸ ਮੌਕੇ ਆਪ ਆਗੂਆਂ ਨੇ ਕਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਗਮਾਡਾ ਦੀ ਧੱਕੇਸ਼ਾਹੀ ਖ਼ਿਲਾਫ਼ ਜਨ ਅੰਦੋਲਨ ਸ਼ੁਰੂ ਕਰਨਗੇ ਅਤੇ ਲੋੜ ਪੈਣ ’ਤੇ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ।