
ਪੰਜਾਬ ਵਿੱਚ ਦੋ ਘਟਨਾਵਾਂ ਨੂੰ ਛੱਡ ਕੇ ਬਾਕੀ ਵੋਟਾਂ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹਿਆ: ਵੀ.ਕੇ.ਸਿੰਘ
33 ਹਲਕਿਆਂ ਵਿੱਚ ਪਹਿਲੀ ਵਾਰ ਵੀਵੀਪੀਏਟੀ ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦਾ ਕੰਮ ਰਿਹਾ ਸਫਲਤਾ ਪੂਰਵਕ
ਮੁੱਖ ਚੋਣ ਅਫ਼ਸਰ ਵੀ.ਕੇ. ਸਿੰਘ ਵੱਲੋਂ ਪੰਜਾਬ ਦੇ ਲੋਕਾਂ ਦਾ ਅਮਨ-ਆਮਾਨ ਤਰੀਕੇ ਨਾਲ ਵੋਟਾਂ ਪਾਉਣ ਲਈ ਵਿਸ਼ੇਸ਼ ਧੰਨਵਾਦ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਫਰਵਰੀ:
ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਪੁਰਅਮਨ-ਆਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਸੂਬੇ ਵਿੱਚ ਸਿਰਫ 2 ਘਟਨਾਵਾਂ ਨੂੰ ਛੱਡ ਕੇ ਬਾਕੀ ਥਾਵਾਂ ’ਤੇ ਚੋਣਾਂ ਦਾ ਅਮਲ ਸ਼ਾਂਤੀ ਪੂਰਵਕ ਰਿਹਾ ਅਤੇ ਲੋਕਾਂ ਨੇ ਬਿਨ੍ਹਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜਮੂਹਰੀ ਹੱਕ ਦਾ ਇਸੇਤਮਾਲ ਕੀਤਾ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੀ.ਕੇ. ਸਿੰਘ ਅਤੇ ਪੰਜਾਬ ਪੁਲੀਸ ਦੇ ਏਡੀਜੀਪੀ ਸ੍ਰੀ ਵੀ.ਕੇ. ਭਾਵੜਾ ਨੇ ਅੱਜ ਸ਼ਾਮ ਵੋਟਾਂ ਪੈਣ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਨੇ ਰਾਜ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਅਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਦਾ ਅਮਲ ਨੇਪਰੇ ਚਾੜ੍ਹ ਕੇ ਦੂਜੇ ਸੂਬਿਆਂ ਲਈ ਉਦਹਾਰਨ ਕਾਇਮ ਕੀਤੀ ਹੈ।
ਉਨ੍ਹਾਂ ਵੋਟਾਂ ਦੇ ਕੰਮ ਵਿੱਚ ਲੱਗੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਸਿਰ ਇਸ ਪ੍ਰਾਪਤੀ ਦਾ ਸਿਹਰਾ ਵੀ ਬੰਨ੍ਹਿਆ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਬਿਨਾਂ ਕਿਸੇ ਪੱਖਪਾਤ ਦੇ ਸਾਫ-ਸੁਥਰੇ ਢੰਗ ਨਾਲ ਵੋਟਾਂ ਪੈਣ ਦੇ ਟੀਚੇ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਇਸ ਵਾਰ 1129 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਜਦੋਂ ਕਿ 96 ਅਜਿਹੇ ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਜਿੱਥੇ ਸਿਰਫ ਅੌਰਤ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਸਨ। ਇਹ ਤਜ਼ਰਬਾ ਬਹੁਤ ਹੀ ਸਫਲ ਰਿਹਾ। ਵੋਟਾਂ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ 8166 ਮਾਈਕਰੋ ਓਬਜ਼ਰਵਰ ਤਾਇਨਾਤ ਕੀਤੇ ਗਏ ਸਨ ਜਦੋਂ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 100 ਤੋਂ ਵੱਧ ਹੋਰ ਤਾਇਨਾਤ ਕੀਤੇ ਓਬਜ਼ਰਵਰ ਆਪਣੀ ਰਿਪੋਰਟ ਜਲਦ ਸੌਂਪਣਗੇ।
ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ 33 ਵਿਧਾਨ ਸਭਾ ਹਲਕਿਆਂ ਵਿੱਚ ਵੀ.ਵੀ.ਪੀ.ਏ.ਟੀ. ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੇ ਤਜ਼ਰਬੇ ਨੂੰ ਸਫਲ ਦੱਸਦਿਆਂ ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਇਨ੍ਹਾਂ ਹਲਕਿਆਂ ਵਿੱਚ 6668 ਵੀ.ਵੀ.ਪੀ.ਏ.ਟੀ. ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕ ਪੋਲ ਦੌਰਾਨ 538 ਵੀ.ਵੀ.ਪੀ.ਏ.ਟੀ. ਮਸ਼ੀਨਾਂ ਬਦਲੀਆਂ ਗਈਆਂ ਜਦੋਂ ਕਿ ਮਜੀਠਾ, ਸੰਗਰੂਰ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ 187 ਮਸ਼ੀਨਾਂ ਨੂੰ ਵੋਟਾਂ ਪੈਂਦਿਆਂ ਦੌਰਾਨ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਮਜੀਠਾ ਹਲਕੇ ਵਿੱਚ 25, ਸ੍ਰੀ ਮੁਕਤਸਰ ਸਾਹਿਬ ਤੇ ਸੰਗਰੂਰ ਵਿੱਚ 10-10 ਪੋਲਿੰਗ ਬੂਥਾਂ ’ਤੇ ਵੋਟਾਂ ਪਾਉਣ ਦਾ ਕੰਮ ਦੇਰੀ ਨਾਲ ਸ਼ੁਰੂ ਹੋਇਆ। ਉਨ੍ਹਾਂ ਦੱਸਿਆ ਕਿ 195 ਵੋਟਿੰਗ ਮਸ਼ੀਨਾਂ ਨੂੰ ਮੌਕ ਪੋਲ ਦੌਰਾਨ ਬਦਲਿਆ ਗਿਆ ਜਦੋਂ ਕਿ 47 ਨੂੰ ਬਾਅਦ ਵਿੱਚ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦਿਨ ਕਮਿਸ਼ਨ ਦੇ ਧਿਆਨ ਵਿੱਚ ਇਕ ਵੀ ਅਜਿਹੀ ਘਟਨਾ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ ਕਿ ਵੋਟਾਂ ਪੈਣ ਦੇ ਕੰਮ ਵਿੱਚ ਵਿਘਨ ਪਿਆ ਹੋਵੇ ਜਾਂ ਫੇਰ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਨੇ ਧੱਕੇਸ਼ਾਹੀ ਕੀਤੀ ਹੋਵੇ ਜਿਹੜੀ ਕਿ ਚੋਣ ਕਮਿਸ਼ਨ ਲਈ ਤਸੱਲੀ ਦੀ ਗੱਲ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ 1.28 ਲੱਖ ਮੁਲਾਜ਼ਮਾਂ ਨੇ ਵੋਟਾਂ ਪਾਉਣ ਦੇ ਕੰਮ ਵਿੱਚ ਆਪਣੀ ਡਿਊਟੀ ਨਿਭਾਈ ਜਦੋਂ ਕਿ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ 31000 ਕੇਂਦਰੀ ਨੀਮ ਸੁਰੱਖਿਆ ਬਲਾਂ ਦੇ ਜਵਾਨ ਅਤੇ 55000 ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਡਿਊਟੀ ਕੀਤੀ। ਚੋਣਾਂ ਲਈ ਨੋਡਲ ਅਫਸਰ ਕਮ ਏ.ਡੀ.ਜੀ.ਪੀ. ਸ੍ਰੀ ਵੀ.ਕੇ.ਭਾਵੜਾ ਨੇ ਦੱਸਿਆ ਕਿ ਤਰਨਤਾਰਨ ਹਲਕੇ ਦੇ ਪਿੰਡ ਲਾਲੂ ਘੁਮਾਣ ਵਿਖੇ ਫਾਇਰਿੰਗ ਦੀ ਘਟਨਾ ਵਾਪਰੀ ਜਿੱਥੇ ਕੁਝ ਵੋਟਰਾਂ ਦੇ ਜਾਅਲੀ ਵੋਟਾਂ ਦੇ ਮਾਮਲੇ ਵਿੱਚ ਦੋ ਗਰੁੱਪਾਂ ਵਿਚਕਾਰ ਲੜਾਈ ਹੋਈ। ਇਸ ਘਟਨਾ ਵਿੱਚ ਜਗਜੀਤ ਸਿੰਘ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਿਸ ਥਾਣਾ ਝਬਾਲ ਵਿੱਚ ਪਿੰਡ ਦੇ ਸਰਪੰਚ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਪਿੰਡ ਵਿੱਚ ਵੋਟਾਂ ਪੈਣ ਦੇ ਕੰਮ ਵਿੱਚ ਕੋਈ ਵਿਘਨ ਨਹੀਂ ਪਿਆ। ਇਸੇ ਤਰ੍ਹਾਂ ਇਕ ਹੋਰ ਘਟਨਾ ਫਤਹਿਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪਾਵਾਲੀ ਵਿਖੇ ਵਾਪਰੀ ਜਿੱਥੇ ਦੋ ਰਾਜਸੀ ਵਿਰੋਧੀ ਗਰੁੱਪਾਂ ਵਿਚਕਾਰ ਪ੍ਰਜ਼ਾਈਡਿੰਗ ਅਫਸਰ ’ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਗਾਉਣ ਦੇ ਸਿਲਸਿਲੇ ਵਜੋਂ ਲੜਾਈ ਹੋਈ। ਇਕ ਉਮੀਦਵਾਰ ਪ੍ਰਜ਼ਾਈਡਿੰਗ ਅਫਸਰ ਨੂੰ ਬਦਲਣ ਦੀ ਮੰਗ ਕਰ ਰਿਹਾ ਸੀ ਪਰ ਉਹ ਲਿਖ ਕੇ ਮੰਗ ਕਰਨ ਤੋਂ ਮਨ੍ਹਾਂ ਕਰ ਗਿਆ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਸ੍ਰੀ ਭਾਵੜਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਵਿਖੇ ਦੋ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਜਾਅਲੀ ਵੋਟਾਂ ਨੂੰ ਲੈ ਕੇ ਤਕਰਾਰ ਹੋ ਗਈ। ਇਸ ਮਾਮਲੇ ਵਿੱਚ ਪੱਡਾ ਪਿੰਡ ਦੇ ਸ਼ਮਸ਼ੇਰ ਸਿੰਘ ਤੇ ਕੁਲਵੰਤ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਅਗਾਂਹ ਦੱਸਿਆ ਕਿ ਬਾਅਦ ਦੁਪਹਿਰ ਗੁਰੂ ਹਰ ਸਹਾਏ ਹਲਕੇ ਵਿੱਚ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਜਿਸ ਦੀ ਹਾਲੇ ਪੁਸ਼ਟੀ ਨਹੀਂ ਹੋਈ ਜਦੋਂ ਕਿ ਇਸ ਸਬੰਧੀ ਮੁੱਢਲੀ ਜਾਂਚ ਜਾਰੀ ਹੈ।
ਇਸੇ ਤਰ੍ਹਾਂ ਡੇਰਾਬਸੀ ਹਲਕੇ ਵਿੱਚ ਜ਼ੀਰਕਪੁਰ ਨੇੜਲੇ ਪਿੰਡ ਲੋਹਗੜ੍ਹ ਵਿੱਚ ਦੋ ਅਣਪਛਾਤੇ ਵਿਅਕਤੀਆਂ ਵਿਚਾਲੇ ਲੜਾਈ ਦੀ ਗੱਲ ਦੀ ਰਿਪੋਰਟ ਆਈ। ਇਸ ’ਤੇ ਇਕ ਉਮੀਦਵਾਰ ਘਟਨਾ ਵਾਲੀ ਥਾਂ ’ਤੇ ਪੁੱਜ ਗਿਆ। ਜਿਸ ਨੇ ਕਿਹਾ ਕਿ ਉਸ ਦੇ ਸਮਰਥਕਾਂ ’ਤੇ ਗੋਲੀ ਚਲਾਈ ਗਈ ਹੈ। ਸੂਚਨਾ ਮਿਲਣ ’ਤੇ ਐਸਪੀ (ਡੀ) ਜੋ ਮੌਕੇ ’ਤੇ ਪਹੁੰਚ ਗਏ ਸੀ। ਜਿਨ੍ਹਾਂ ਨੇ ਸਥਾਨਕ ਲੋਕਾਂ ਤੋਂ ਪੁੱਛ-ਗਿੱਛ ਮਗਰੋਂ ਘਟਨਾ ਸਬੰਧੀ ਜ਼ਰੂਰ ਪੁਸ਼ਟੀ ਕੀਤੀ ਪਰ ਕਿਸੇ ਵੀ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਹੋਈ। ਇਸ ਘਟਨਾ ਵਿੱਚ ਵੀ ਕਿਸੇ ਦੇ ਜਖ਼ਮੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਵੋਟਾਂ ਪੈਣ ਦੇ ਕੰਮ ਵਿੱਚ ਵਿਘਨ ਪਿਆ ਹੈ।