Nabaz-e-punjab.com

ਬੀਐਲਓਜ਼ ਹੁਣ ਮੋਬਾਈਲ ਵਰਕਫੋਰਸ ਅਸੈਨਸ਼ੀਅਲਸ ਐਪ ਨਾਲ ਕਰਨਗੇ ਵੋਟਰਾਂ ਦੀ ਵੈਰੀਫਿਕੇਸ਼ਨ

ਸਕੱਤਰ ਭਾਰਤ ਚੋਣ ਕਮਿਸ਼ਨ ਡਾ. ਐਸ. ਕਰੁਣਾ ਰਾਜੂ ਨੇ ਮੁਹਾਲੀ ਤੋਂ ਕੀਤੀ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਬੂਥ ਲੈਵਲ ਅਫ਼ਸਰ (ਬੀਐਲਓਜ਼) ਹੁਣ ਵੋਟਰਾਂ ਦੀ ਵੈਰੀਫਿਕੇਸ਼ਨ ਦਾ ਕੰਮ ਵੋਡਾਫੋਨ ਵੱਲੋਂ ਤਿਆਰ ਕੀਤੀ ਮੋਬਾਈਲ ਵਰਕਫੋਰਸ ਅਸੈਨਸ਼ੀਅਲਸ ਐਪ ਨਾਲ ਕਰ ਸਕਣਗੇ। ਇਹ ਜਾਣਕਾਰੀ ਮੁੱਖ ਕਾਰਜ ਅਧਿਕਾਰੀ-ਕਮ-ਸਕੱਤਰ ਭਾਰਤ ਚੋਣ ਕਮਿਸ਼ਨ ਡਾ. ਐਸ. ਕਰੁਣਾ ਰਾਜੂ ਨੇ ਅੱਜ ਇੱਥੇ ਵੋਟਰਾਂ ਦੇ ਵੈਰੀਫਿਕੇਸ਼ਨ ਦੇ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਬੀਐਲਓਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਮੁਹਾਲੀ ਤੋਂ ਕੀਤੀ ਗਈ ਹੈ ਅਤੇ ਜੇਕਰ ਇਹ ਤਜਰਬਾ ਸਫਲ ਰਿਹਾ ਤਾਂ ਇਸ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ।
ਉਨ੍ਹਾਂ ਬੀਐਲਓਜ਼ ਨੂੰ ਕਿਹਾ ਕਿ ਅਗਲੇ ਇੱਕ ਮਹੀਨੇ ਤੱਕ ਉਹ ਆਪਣੇ ਚੋਣ ਬੂਥਾਂ ਅਧੀਨ ਆਉਂਦੇ ਵੋਟਰਾਂ ਦੀ ਘਰ-ਘਰ ਜਾ ਕੇ ਤਸਦੀਕ ਕਰਕੇ ਉਨ੍ਹਾਂ ਦੀ ਗਿਣਤੀ ਅਤੇ ਹੋਰ ਵੇਰਵੇ ਇਸ ਐਪ ਰਾਹੀਂ ਭੇਜਣ ਤਾਂ ਜੋ ਵੋਟਰ ਵੈਰੀਫਿਕੇਸ਼ਨ ਦੇ ਕੰਮ ਨੂੰ ਹੋਰ ਸੁਵਿਧਾਜਨਕ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਚਲਾਉਣ ਲਈ ਹਰੇਕ ਬੀਐਲਓ ਦਾ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਹੋਵੇਗਾ, ਜਿਸ ਨਾਲ ਉਹ ਇਸ ਐਪ ਨੂੰ ਚਲਾ ਸਕਣਗੇ। ਉਨ੍ਹਾਂ ਇਸ ਮੌਕੇ ਬੀਐਲਓਜ਼ ਵੱਲੋਂ ਐਪ ਅਤੇ ਚੋਣਾਂ ਸਬੰਧੀ ਕੀਤੇ ਗਏ ਸਵਾਲਾਂ ਦਾ ਮੌਕੇ ’ਤੇ ਹੀ ਹੱਲ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਕੌਰ ਸਪਰਾ ਨੇ ਬੀਐਲਓਜ਼ ਨੂੰ ਕਿਹਾ ਕਿ ਕੋਈ ਵੀ ਵੋਟਰ ਜਿਸ ਦੀ ਉਮਰ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੋਵੇ ਅਤੇ ਉਸ ਦੀ ਵੋਟ ਨਾ ਬਣੀ ਹੋਵੇ ਤਾਂ ਸਬੰਧਤ ਦੀ ਵੋਟ ਜ਼ਰੂਰ ਬਣਾਈ ਜਾਵੇ ਅਤੇ ਇਸ ਮੁਹਿੰਮ ਦੌਰਾਨ ਦਿਵਿਆਂਗਜਨ, ਐਨਆਰਆਈ ਅਤੇ ਥਰਡ ਜੈਂਡਰ ਦੀ ਵੋਟ ਬਣਾਉਣ ਨੂੰ ਵੀ ਤਰਜੀਹ ਦਿੱਤੀ ਜਾਵੇ ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਸਕੇ। ਇਸ ਮੌਕੇ ਵੋਡਾਫੋਨ ਵੱਲੋਂ ਸੰਨੀ ਕੌਲ, ਚੋਣ ਦਫ਼ਤਰ ਤੋਂ ਡਾਟਾਬੇਸ ਇੰਚਾਰਜ ਪਰਮਜੀਤ ਸਿੰਘ ਅਤੇ ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਬੀਐਲਓਜ਼ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ

ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਨੇ ਡਾਇਰੈਕਟਰ ਉਚੇਰੀ ਸਿੱਖਿਆ ਦਾ ਦਫ਼ਤਰ ਘੇਰਿਆ ਮਹਿਲਾ ਪ੍ਰੋਫ਼ੈਸਰਾਂ ਸਮ…