ਮਤਦਾਨ ਸਮੇਂ ਹੰਗਾਮਾ, ਪੁਲੀਸ ਨੇ ਇਲੈਕਟ੍ਰੋਨਿਕ ਸਮਾਨ ਨਾਲ ਲੱਦਿਆਂ ਟੈਂਪੂ ਥਾਣੇ ਡੱਕਿਆ

ਪੀੜਤ ਐਨਆਰਆਈ ਅੌਰਤ ਨੇ ਕਾਂਗਰਸੀ ਵਰਕਰਾਂ ਅਤੇ ਪੁਲੀਸ ’ਤੇ ਲਾਇਆ ਵਧੀਕੀਆਂ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਐਤਵਾਰ ਨੂੰ ਮਤਦਾਨ ਦੌਰਾਨ ਇੱਥੋਂ ਦੇ ਫੇਜ਼-4 ਵਿੱਚ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਕਾਂਗਰਸੀ ਵਰਕਰਾਂ ਨੇ ਇਲੈਕਟ੍ਰੋਨਿਕ ਸਮਾਜ ਨਾਲ ਲੱਦੇ ਟੈਂਪੂ ਨੂੰ ਘੇਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਕਾਂਗਰਸੀ ਕੌਂਸਲਰ ਰੁਪਿੰਦਰ ਕੌਰ ਰੀਨਾ ਅਤੇ ਉਸ ਦੇ ਪਤੀ ਕੁਲਬੀਰ ਸਿੰਘ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਇਹ ਸਮਾਨ ਵੋਟਰਾਂ ਨੂੰ ਭਰਮਾਉਣ ਲਈ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਵੱਲੋਂ ਵੰਡਿਆਂ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਮਗਰੋਂ ਸਾਬਕਾ ਮੇਅਰ ਕੁਲਵੰਤ ਸਿੰਘ ਵੀ ਮੌਕੇ ’ਤੇ ਪੁੱਜ ਗਏ। ਪੁਲੀਸ ਕਰਮਚਾਰੀ ਵੀ ਉੱਥੇ ਪਹੁੰਚ ਗਏ ਅਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਇਲੈਕਟ੍ਰੋਨਿਕ ਸਮਾਨ ਨਾਲ ਲੱਦੇ ਟੈਂਪੂ ਫੇਜ਼-1 ਥਾਣੇ ਵਿੱਚ ਲਿਆ ਕੇ ਬੰਦ ਕਰ ਦਿੱਤਾ।
ਉਧਰ, ਪੀੜਤ ਐਨਆਰਆਈ ਬਲਬੀਰ ਕੌਰ ਗਰੇਵਾਲ ਨੇ ਦੱਸਿਆ ਕਿ ਉਸ ਦੀ ਬਜ਼ੁਰਗ ਮਾਂ ਐਚਐਮ-63, ਫੇਜ਼-4 ਵਿੱਚ ਰਹਿੰਦੀ ਹੈ ਅਤੇ ਉਹ ਸ਼ੂਗਰ ਤੋਂ ਪੀੜਤ ਹੈ। ਉਨ੍ਹਾਂ ਨੂੰ ਰੋਜ਼ਾਨਾ ਇਨਸੋਲੀਨ ਦਾ ਟੀਕਾ ਲਗਦਾ ਹੈ ਅਤੇ ਇਹ ਵੈਕਸੀਨ ਫਰਿੱਜ ਵਿੱਚ ਰੱਖਣੀ ਪੈਂਦੀ ਹੈ। ਉਹ ਬੀਤੀ 16 ਫਰਵਰੀ ਨੂੰ ਹੀ ਅਮਰੀਕਾ ਤੋਂ ਵਾਪਸ ਆਏ ਹਨ। ਘਰ ਪਹੁੰਚ ਕੇ ਉਸ ਨੇ ਦੇਖਿਆ ਕਿ ਫਰਿੱਜ ਖ਼ਰਾਬ ਹੋਣ ਕਾਰਨ ਮਾਂ ਨੇ ਇਨਸੋਲੀਨ ਵੈਕਸੀਨ ਗੁਆਂਢੀਆਂ ਦੇ ਫਰਿੱਜ ਵਿੱਚ ਰੱਖੀ ਹੋਈ ਹੈ। ਜਿਸ ਕਾਰਨ ਉਸ ਨੇ ਆਨਲਾਈਨ ਆਰਡਰ ਦੇ ਕੇ ਇਕ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਖਰੀਦੀ ਗਈ ਅਤੇ ਅੱਜ ਡਲਿਵਰੀ ਬੁਆਏ ਛੋਟੇ ਟੈਂਪੂ ਵਿੱਚ ਇਹ ਸਮਾਨ ਦੇਣ ਲਈ ਜਿਵੇਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ ਪਿੱਛੇ ਕਾਂਗਰਸੀ ਕੌਂਸਲਰ ਅਤੇ ਉਸ ਦਾ ਪਤੀ ਅਤੇ ਹੋਰ ਕਾਂਗਰਸੀ ਵਰਕਰ ਵੀ ਉੱਥੇ ਆ ਗਏ ਅਤੇ ਟੈਂਪੂ ਨੂੰ ਘੇਰ ਕੇ ਕਹਿਣ ਲੱਗੇ ਕਿ ਇਹ ਸਾਰਾ ਸਮਾਨ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਭੇਜਿਆ ਹੈ। ਹਾਲਾਂਕਿ ਇਸ ਸਬੰਧੀ ਕਾਂਗਰਸੀ ਵਰਕਰਾਂ ਅਤੇ ਪੁਲੀਸ ਨੂੰ ਸਬੰਧਤ ਸਮਾਨ ਦੇ ਬਿੱਲ ਅਤੇ ਜਿੱਥੋਂ ਸਮਾਨ ਖ਼ਰੀਦਿਆਂ ਸੀ, ਉਨ੍ਹਾਂ ਨਾਲ ਫੋਨ ’ਤੇ ਗੱਲ ਵੀ ਕਰਵਾਈ ਗਈ ਪਰ ਕਾਂਗਰਸੀ ਅਤੇ ਪੁਲੀਸ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ ਅਤੇ ਪੁਲੀਸ ਨੇ ਟੈਂਪੂ ਨੂੰ ਥਾਣੇ ਲਿਆ ਕੇ ਖੜਾ ਕਰ ਦਿੱਤਾ ਅਤੇ ਉਹ ਆਪਣਾ ਸਮਾਨ ਲੈਣ ਲਈ ਸਾਰਾ ਦਿਨ ਖੱਜਲ ਖੁਆਰ ਹੁੰਦੇ ਰਹੇ।
ਇਸ ਮੌਕੇ ਪੀੜਤ ਅੌਰਤ ਦੀ ਰਿਸ਼ਤੇਦਾਰ ਤੇ ਆਪ ਆਗੂ ਪ੍ਰਭਜੋਤ ਕੌਰ ਨੇ ਕਿਹਾ ਕਿ ਇਹ ਸਾਰਾ ਕੁੱਝ ਖੁੰਦਕ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਕਾਂਗਰਸ ਵਿੱਚ ਸਰਗਰਮ ਆਗੂ ਸਨ ਪ੍ਰੰਤੂ ਪਿਛਲੇ ਦਿਨੀਂ ਉਹ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ ਸੀ। ਜਿਸ ਕਾਰਨ ਮੁਹਾਲੀ ਵਿੱਚ ਕਾਂਗਰਸ ਨੂੰ ਵੱਡੇ ਪੱਧਰ ’ਤੇ ਖੋਰਾ ਲੱਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਚੋਣ ਕਮਿਸ਼ਨ ਅਤੇ ਰਾਜਪਾਲ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰਨ ਅਤੇ ਟੈਂਪੂ ਨੂੰ ਥਾਣੇ ਵਿੱਚ ਬੰਦ ਕਰਨ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਅਤੇ ਪੁਲੀਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੇ ਇਲੈਕਟ੍ਰੋਨਿਕ ਸਮਾਨ ਵਾਲੇ ਟੈਂਪੂ ਨੂੰ ਥਾਣੇ ਲਿਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟੈਂਪੂ ਵਿੱਚ ਫਰਿੱਜ ਤੇ ਵਾਸ਼ਿੰਗ ਮਸ਼ੀਨ ਅਤੇ ਕੁੱਝ ਹੋਰ ਸਮਾਨ ਹੈ। ਇਸ ਸਬੰਧੀ ਸੂਚਨਾ ਮਿਲੀ ਸੀ ਕਿ ਫੇਜ਼-4 ਵਿੱਚ ਇੱਕ ਟੈਂਪੂ ਕਿਸੇ ਦੇ ਘਰ ਇਲੈਕਟ੍ਰੋਨਿਕ ਦਾ ਸਮਾਨ ਉਤਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਉਂਜ ਇਸ ਸਬੰਧੀ ਹਾਲੇ ਤੱਕ ਪੁਲੀਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…