
ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਬਣਾਉਣ ਤੇ ਮਤਦਾਨ ਕਰਨਾ ਬੇਹੱਦ ਜ਼ਰੂਰੀ: ਮਨੀਸ਼ਾ ਰਾਣਾ
18 ਸਾਲ ਤੇ ਇਸ ਤੋਂ ਵੱਧ ਉਮਰ ਦੇ ਸਾਰੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ
ਵੋਟਾਂ ਬਣਾਉਣ ਸਬੰਧੀ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਫ਼ਸਰਾਂ ਤੇ ਕਰਮਚਾਰੀਆਂ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਵੱਲੋਂ ਅੱਜ ਇੱਥੇ 11ਵਾਂ ਰਾਸ਼ਟਰੀ ਵੋਟਰ ਦਿਵਸ ਜ਼ਿਲ੍ਹਾ ਪੱਧਰ ’ਤੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਹਾਲੀ ਦੀ ਸਹਾਇਕ ਕਮਿਸ਼ਨਰ (ਜਨਰਲ) ਮਨੀਸ਼ਾ ਰਾਣਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਉਨ੍ਹਾਂ ਨੌਜਵਾਨ ਨੂੰ ਆਪਣੀ ਵੋਟ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਵੋਟ ਬਣਾਉਣ ਅਤੇ ਵੋਟ ਦੀ ਸਹੀ ਵਰਤੋਂ ਬੇਹੱਦ ਜ਼ਰੂਰੀ ਹੈ। ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਸਮਾਗਮ ਦੌਰਾਨ ਹਾਜ਼ਰੀਨ ਨੂੰ ਜਮਹੂਰੀ ਪਰੰਪਰਾਵਾਂ ਨੂੰ ਬਣਾਈ ਰੱਖਣ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਦੀ ਗਰਿਮਾ ਨੂੰ ਬਰਕਰਾਰ ਰੱਖਦੇ ਹੋਏ ਬਿਨਾਂ ਕਿਸੇ ਡਰ, ਭੈਅ, ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਸਬੰਧੀ ਸਹੁੰ ਵੀ ਚੁਕਾਈ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਨਿਰਪੱਖ ਹੋ ਕੇ ਸਹੀ ਉਮੀਦਵਾਰਾਂ ਨੂੰ ਵੋਟ ਪਾਉਣ ਤਾਂ ਜੋ ਸਾਡਾ ਦੇਸ਼ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚ ਸਕੇ। ਉਨ੍ਹਾਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਆਪਣੀ ਵੋਟ ਲਾਜ਼ਮੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਦੇ ਭਵਿੱਖ ਨੂੰ ਤਾਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਜੇ ਸਹੀ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ। ਇਸ ਮੌਕੇ ਪ੍ਰੋਜੈਕਟਰ ਰਾਹੀਂ ਵੋਟਾਂ ਸਬੰਧੀ ਚੋਣ ਕਮਿਸ਼ਨ ਦਾ ਵੀਡੀਓ ਸੰਦੇਸ਼ ਵੀ ਦਿਖਾਇਆ ਗਿਆ ਅਤੇ ਈਵੀਐਮ/ਵੀਵੀਪੈਟ ਸਬੰਧੀ ਪ੍ਰੋਜੈਕਟਰ ਰਾਹੀਂ ਫਿਲਮ ਦਿਖਾਈ ਗਈ। ਇਸ ਤੋਂ ਪਹਿਲਾ ਵੋਟਰਾਂ ਅਤੇ ਨਾਗਰਿਕਾਂ ਨੂੰ ਲੋਕਤੰਤਰ ਦੀ ਕਦਰਾਂ-ਕੀਮਤਾਂ ਦਾ ਪਾਠ ਪੜ੍ਹਾਉਂਦਿਆਂ ਸੰਵਿਧਾਨਕ ਹਿੱਤਾਂ ਸਬੰਧੀ ਸਹੁੰ ਚੁਕਾਈ ਗਈ ਅਤੇ ਨਵੇਂ ਵੋਟਰਾਂ ਨੂੰ ਫੋਟੋ ਵੋਟਰ ਕਾਰਡ ਵੰਡੇ ਗਏ।
ਇਸ ਮੌਕੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਵਿੱਚ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਂਦਿਆਂ ਜ਼ਿਲ੍ਹੇ ’ਚੋਂ ਅੱਵਲ ਰਹਿਣ ਵਾਲੇ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਨਕਦ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਆਂਗਨਵਾੜੀ ਵਰਕਰਾਂ ਦੇ ਵੋਟਰ ਜਾਗਰੂਕਤਾ ਸਬੰਧੀ ਕਰਵਾਏ ਗਏ ਸਲੋਗਨ ਲੇਖਣ, ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਹਲਕਾ ਖਰੜ ਨੂੰ ਬੈੱਸਟ ਚੋਣਕਾਰ ਰਜਿਸਟਰੇਸ਼ਨ ਵਜੋਂ ਐਲਾਨਿਆ ਗਿਆ ਜਦੋਂਕਿ ਸ੍ਰੀਮਤੀ ਮਧੂ ਬਾਲਾ ਨੂੰ ਬੈੱਸਟ ਬੀਐਲਓ ਵਜੋਂ ਪ੍ਰਸੰਸਾ ਪੱਤਰ ਦਿੱਤਾ ਗਿਆ। ਇਸ ਤੋਂ ਇਲਾਵਾ ਜਗਜੀਤ ਸਿੰਘ ਅਤੇ ਮਨੀਸ਼ ਕੁਮਾਰ ਬੈੱਸਟ ਨੋਡਲ ਅਫ਼ਸਰ ਵਜੋਂ ਸਨਮਾਨ ਪੱਤਰ ਦਿੱਤੇ ਗਏ। ਨਵੇਂ ਵੋਟਰਾਂ ਅਤੇ ਆਮ ਲੋਕਾਂ ਨੂੰ 1 ਫਰਵਰੀ ਤੋਂ ਬਾਅਦ ਈ.ਐਪੀਕ ਨੂੰ ਕਿਵੇਂ ਡਾਊਨਲੋਡ ਕਰਨ ਬਾਰੇ ਦੱਸਿਆ ਗਿਆ ਅਤੇ ਈ-ਐਪੀਕ ਦੀ ਜਾਗਰੂਕਤਾ ਫੈਲਾਉਣ ਲਈ ਮੋਬਾਈਲ ਵੈਨ ਚਲਾਈ ਗਈ, ਜਿਸ ਨੂੰ ਸਹਾਇਕ ਕਮਿਸ਼ਨਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।