
ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵਾਰਡ ਨੰਬਰ-10 ਦੇ ਦੋ ਬੂਥਾਂ ’ਤੇ ਮੁੜ ਪਈਆਂ ਵੋਟਾਂ
ਸੱਤਾਧਾਰੀ ਧਿਰ ’ਤੇ ਵੋਟਰਾਂ ’ਤੇ ਦਬਾਅ ਪਾਉਣ ਦਾ ਦੋਸ਼, ਕਈ ਜਾਅਲੀ ਵੋਟਰਾਂ ਨੇ ਵੋਟ ਭੁਗਤਾਨ ਦਾ ਯਤਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਫਰਵਰੀ:
ਮੁਹਾਲੀ ਨਗਰ ਨਿਗਮ ਦੇ ਵਾਰਡ ਨੰਬਰ-10 ਦੇ ਦੋ ਬੂਥਾਂ (ਬੂਥ ਨੰਬਰ-32 ਅਤੇ 33) ਵਿੱਚ ਬੁੱਧਵਾਰ ਨੂੰ ਪੁਲੀਸ ਦੇ ਸਖ਼ਤ ਪਹਿਰੇ ਹੇਠ ਦੁਬਾਰਾ ਚੋਣ ਹੋਈ। ਪ੍ਰਸ਼ਾਸਨ ਨੇ ਪਹਿਲੀ ਗਲਤੀ ਤੋਂ ਸਬਕ ਸਿੱਖਦੇ ਹੋਏ ਅੱਜ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਪੂਰੀ ਤਰ੍ਹਾਂ ਚੌਕਸੀ ਵਰਤੀ ਗਈ ਅਤੇ ਵੋਟ ਪਾਉਣ ਆਉਣ ਵਾਲੇ ਵੋਟਰਾਂ ਅਤੇ ਉਮੀਦਵਾਰਾਂ ਦੇ ਸਮਰਥਕਾਂ ’ਤੇ ਤਿੱਖੀ ਨਜ਼ਰ ਰੱਖੀ ਅਤੇ ਪੋਲਿੰਗ ਬੂਥ ਦੇ 200 ਮੀਟਰ ਘੇਰੇ ਦੇ ਅੰਦਰ ਆਉਣ ਵਾਲੇ ਹਰੇਕ ਵਿਅਕਤੀ ਦੀ ਪੁੱਛਗਿੱਛ ਕੀਤੀ ਗਈ ਅਤੇ ਸ਼ਨਾਖ਼ਤੀ ਕਾਰਡ ਦੇਖਣ ਤੋਂ ਬਾਅਦ ਹੀ ਉਸ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ।
ਬਾਅਦ ਦੁਪਹਿਰ ਤਿੰਨ ਵਜੇ ਤੱਕ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਜਾਰੀ ਰਿਹਾ ਪ੍ਰੰਤੂ ਬਾਅਦ ਦੁਪਹਿਰ ਉੱਥੇ ਰੌਲਾ ਪੈ ਗਿਆ ਜਦੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਦੋਸ਼ ਲਾਇਆ ਗਿਆ ਸੱਤਾਧਾਰੀ ਧਿਰ ਕਥਿਤ ਤੌਰ ’ਤੇ ਜਾਅਲੀ ਵੋਟਾਂ ਭੁਗਤਾਉਣ ਦਾ ਯਤਨ ਕਰ ਰਹੀ ਹੈ। ਪੁਲੀਸ ਨੇ ਇੱਕ-ਦੋ ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਵੀ ਕੀਤਾ ਗਿਆ ਅਤੇ ਦੋ ਵਿਅਕਤੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਪੋਲਿੰਗ ਬੂਥ ਦੇ ਬਾਹਰੋਂ ਭਜਾ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਉਕਤ ਦੋਵੇਂ ਬੂਥਾਂ ਦੀਆਂ ਕਰੀਬ 1648 ਵੋਟਾਂ ਹਨ। ਜਿਨ੍ਹਾਂ ’ਚੋਂ ਕੱੁਲ 999 ਵੋਟਾਂ ਪਈਆਂ ਹਨ। ਬੂਥ ਨੰਬਰ-32 ’ਤੇ 527 ਅਤੇ ਬੂਥ ਨੰਬਰ-33 ਵਿੱਚ 472 ਵੋਟਾਂ ਪਈਆਂ ਹਨ। ਜਿਨ੍ਹਾਂ ਵਿੱਚ 497 ਪੁਰਸ਼ ਅਤੇ 502 ਅੌਰਤਾਂ ਸ਼ਾਮਲ ਹਨ। ਦੋਵੇਂ ਬੂਥਾਂ ’ਤੇ 59.39 ਫੀਸਦੀ ਵੋਟਾਂ ਪਈਆਂ ਹਨ। ਸੇਂਟ ਸੋਲਜਰ ਸਕੂਲ ਵਿੱਚ ਬਣਾਏ ਇਨ੍ਹਾਂ ਦੋਵੇਂ ਪੋਲਿੰਗ ਬੂਥਾਂ ’ਤੇ ਵੋਟਾਂ ਪਾਉਣ ਦਾ ਕੰਮ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ, ਜੋ ਸ਼ਾਮ 4 ਵਜੇ ਤੱਕ ਜਾਰੀ ਰਿਹਾ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਦੁਬਾਰਾ ਮਤਦਾਨ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ ਜਦੋਂਕਿ ਆਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਵੀ ਆਪਣੇ ਪੱਧਰ ’ਤੇ ਵੀਡੀਓਗ੍ਰਾਫ਼ੀ ਕੀਤੀ ਗਈ ਜਦੋਂਕਿ ਬੀਤੀ 14 ਫਰਵਰੀ ਨੂੰ ਮਨਜ਼ੂਰੀ ਹੋਣ ਦੇ ਬਾਵਜੂਦ ਪੁਲੀਸ ਨੇ ਉਸ ਨੂੰ ਵੀਡੀਓਗਰਾਫ਼ੀ ਕਰਨ ਤੋਂ ਰੋਕ ਦਿੱਤਾ ਸੀ। ਪੋਲਿੰਗ ਬੂਥਾਂ ਦੇ ਗੇਟ ’ਤੇ ਤਾਇਨਾਤ ਡੀਐਸਪੀ ਰਮਨਦੀਪ ਸਿੰਘ ਵਾਰ-ਵਾਰ ਇਹ ਮੁਨਿਆਦੀ ਕਰਦੇ ਰਹੇ ਕਿ ਵੋਟਰਾਂ ਨੂੰ ਛੱਡ ਕੇ ਹੋਰ ਕੋਈ ਵੀ ਵਿਅਕਤੀ 200 ਮੀਟਰ ਘੇਰੇ ਵਿੱਚ ਨਾ ਆਵੇ। ਕਾਂਗਰਸ ਦੇ ਉਮੀਦਵਾਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਆਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਪੋਲਿੰਗ ਬੂਥ ਦੇ ਗੇਟ ’ਤੇ ਖੜੇ ਹੋ ਕੇ ਵੋਟਰਾਂ ਨੂੰ ਮਿਲਦੇ ਰਹੇ ਅਤੇ ਸਾਰਾ ਕੰਮ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਅਹਿਮ ਫੈਸਲਾ ਲੈਂਦਿਆਂ ਵਾਰਡ ਨੰਬਰ-10 ਦੇ ਬੂਥ ਨੰਬਰ-32 ਅਤੇ 33 ਦੀ ਚੋਣ ਨੂੰ ਰੱਦ ਕਰਕੇ ਇਨ੍ਹਾਂ ਦੋਵੇਂ ਬੂਥਾਂ ’ਤੇ ਅੱਜ ਨਵੇਂ ਸਿਰਿਓਂ ਮਤਦਾਨ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਆਜ਼ਾਦ ਗਰੁੱਪ ਨੇ ਇਨ੍ਹਾਂ ਦੋਵੇਂ ਬੂਥਾਂ ’ਤੇ ਜਬਰੀ ਕਬਜ਼ਾ ਕਰਨ ਅਤੇ ਜਾਅਲੀ ਵੋਟਾਂ ਭੁਗਤਾਏ ਜਾਣ ਸਬੰਧੀ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਦੁਬਾਰਾ ਚੋਣ ਕਰਵਾਉਣ ਦੇ ਹੁਕਮ ਜਾਰੀ ਕਰਦਿਆਂ ਸ਼ਹਿਰ ਦੇ ਬਾਕੀ 49 ਵਾਰਡਾਂ ਦੀਆਂ ਵੋਟਾਂ ਦੀ ਅੱਜ ਹੋਣ ਵਾਲੀ ਗਿਣਤੀ ਦਾ ਕੰਮ ਵੀ ਰੋਕ ਦਿੱਤਾ ਗਿਆ ਸੀ। ਹੁਣ ਭਲਕੇ ਵੀਰਵਾਰ ਨੂੰ (18 ਫਰਵਰੀ ਨੂੰ) ਸਾਰੇ ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਕੀਤੀ ਜਾਵੇਗੀ। ਵਾਰਡ ਨੰਬਰ-1 ਤੋਂ 25 ਦੀਆਂ ਵੋਟਾਂ ਦੀ ਗਿਣਤੀ ਖੇਡ ਸਟੇਡੀਅਮ ਸੈਕਟਰ-78 ਵਿੱਚ ਕੀਤੀ ਜਾਵੇਗੀ ਜਦੋਂਕਿ ਵਾਰਡ ਨੰਬਰ-26 ਤੋਂ 50 ਤੱਕ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਸੈਕਟਰ-65ਏ ਨਾਲ ਲੱਗਦੀ ਅਤਿ-ਆਧੁਨਿਕ ਏਸੀ ਸਬਜ਼ੀ ਮੰਡੀ ਦੀ ਇਮਾਰਤ ਵਿੱਚ ਹੋਵਗੀ।