
ਵਕਫ਼ ਸੋਧ ਬਿੱਲ: ਜ਼ੁੰਮੇ ਦੀ ਨਮਾਜ਼ ਤੋਂ ਬਾਅਦ ਡੈਸੀ ਦਫ਼ਤਰ ਬਾਹਰ ਧਰਨਾ ਦੇਣ ਦਾ ਐਲਾਨ
ਡਾ. ਅਨਵਰ ਹੁਸੈਨ ਸਨੇਟਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਬਣਾਈ
ਕੌਮੀ ਇਨਸਾਫ਼ ਮੋਰਚਾ ਤੇ ਡਿਪਟੀ ਮੇਅਰ ਕੁਲਜੀਤ ਬੇਦੀ ਵੱਲੋਂ ਮੁਸਲਿਮ ਭਾਈਚਾਰੇ ਨੂੰ ਸਮਰਥਨ ਦੇਣ ਦਾ ਐਲਾਨ
ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ:
ਪਿੰਡ ਕੁੰਭੜਾ (ਸੈਕਟਰ-68) ਵਿਖੇ ਅਸਰ ਦੀ ਨਮਾਜ਼ ਤੋਂ ਬਾਅਦ ਸ਼ਾਮ ਨੂੰ ਮੁਸਲਿਮ ਭਾਈਚਾਰੇ ਦੀ ਜ਼ਿਲ੍ਹਾ ਪੱਧਰੀ ਹੋਈ ਜੋ ਦੇਰ ਸ਼ਾਮ 8 ਵਜੇ ਤੱਕ ਚੱਲੀ। ਜਿਸ ਦਾ ਮੁੱਖ ਏਜੰਡਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਿਊ ਅਮੈਡਮੇਂਡ ਵਕਫ਼ ਸੋਧ ਬਿੱਲ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਅਤੇ ਕੇਂਦਰ ਸਰਕਾਰ ਖ਼ਿਲਾਫ਼ ਭਲਕੇ 11 ਅਪਰੈਲ ਨੂੰ ਜ਼ੁੰਮੇ ਦੀ ਨਮਾਜ਼ ਪੜ੍ਹਨ ਤੋਂ ਬਾਅਦ ਡੈਸੀ ਦਫ਼ਤਰ ਦੇ ਬਾਹਰ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਵੱਖ-ਵੱਖ ਮਸਜਿਦਾਂ, ਈਦਗਾਹ, ਦਰਗਾਹਾਂ ਦੀਆਂ ਮੈਨੇਜਮੈਂਟ ਕਮੇਟੀਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਡਾ. ਅਨਵਰ ਹੁਸੈਨ ਨੇ ਦੱਸਿਆ ਕਿ ਧਰਨੇ ਦੌਰਾਨ ਵਕਫ਼ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਡਾ. ਅਨਵਰ ਹੁਸੈਨ ਸਨੇਟਾ ਦੀ ਅਗਵਾਈ ਹੇਠ ਇੱਕ 5 ਮੈਂਬਰੀ ਕਮੇਟੀ ਬਣਾਈ ਗਈ। ਮੁਸਲਿਮ ਭਾਈਚਾਰੇ ਦੇ ਆਗੂ ਸੁਦਾਗਰ ਖਾਨ ਮਟੌਰ, ਸਵਰਾਤੀ ਖਾਨ ਭਾਗੋਮਾਜਰਾ, ਅਬਦੁੱਲਾ ਖਾਨ ਕੁੰਭੜਾ, ਸ਼ੇਖ਼ ਵਸੀਮ ਸਨੇਟਾ, ਖਲੀਲ ਖਾਨ ਸੁਖਗੜ੍ਹ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਉਧਰ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਸੰਸਥਾ ਕੌਮੀ ਇਨਸਾਫ਼ ਮੋਰਚਾ ਅਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਸਲਿਮ ਭਾਈਚਾਰੇ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਵਕਫ਼ ਸੋਧ ਬਿੱਲ ਖ਼ਿਲਾਫ਼ ਮੁਸਲਿਮ ਭਾਈਚਾਰੇ ਵੱਲੋਂ ਸ਼ੁੱਕਰਵਾਰ ਨੂੰ ਡੈਸੀ ਦਫ਼ਤਰ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਨੂੰ ਸਫਲ ਬਣਾਉਣ ਲਈ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਮੁਸਲਿਮ ਭਾਈਚਾਰੇ ਦੀ ਮੰਗ ’ਤੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਭਲਕੇ 11 ਅਪਰੈਲ ਨੂੰ ਮੁਸਲਿਮ ਭਾਈਚਾਰੇ ਵੱਲੋਂ ਵਕਫ਼ ਸੋਧ ਬਿੱਲ ਦੇ ਖ਼ਿਲਾਫ਼ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਜਿਸ ਦੇ ਖ਼ਿਲਾਫ਼ ਸਮੂਹ ਜਮਹੂਰੀ ਤਾਕਤਾਂ ਨੂੰ ਇੱਕਜੁੱਟ ਹੋ ਕੇ ਸਾਂਝੀ ਲੜਾਈ ਲੜਨ ਦੀ ਲੋੜ ਹੈ।

ਮੀਟਿੰਗ ਵਿੱਚ ਮੁਹਾਲੀ ਜ਼ਿਲ੍ਹੇ ’ਚੋਂ 30/35 ਮੁਸਲਿਕ ਕਮੇਟੀਆਂ ਨੇ ਹਿੱਸਾ ਲਿਆ। ਡਾ. ਅਵਤਾਰ ਮਲਿਕ ਮੈਂਬਰ ਹੱਜ ਕਮੇਟੀ ਪੰਜਾਬ ਸਰਕਾਰ, ਸ਼ੇਰ ਮੁਹੱਮਦ ਮਲਿਕ, ਸਰਕਾਰ, ਹਾਜੀ ਕਰਮਦੀਨ ਸੁੱਖਗੜ੍ਹ, ਹਾਜੀ ਸਦੀਕ ਮਲਿਕ ਚੇਅਰਮੈਨ ਕਬਰਿਸਤਾਨ ਬਚਾਓ ਫਰੰਟ ਮੁਹਾਲੀ, ਮੰਗਤ ਖਾਨ ਝੰਜੇੜੀ ਜ਼ਿਲ੍ਹਾ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ/ਰੋਜ਼ਾ ਸ਼ਰੀਫ਼ ਕਮੇਟੀ ਮਣਕਪੁਰ-ਸ਼ਰੀਫ਼ ਜ਼ਿਲ੍ਹਾ ਮੁਹਾਲੀ, ਖੁਵਾਜਾ ਖਾਨ ਬੂਟਾ ਚੇਅਰਮੈਨ ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ, ਹੈਪੀ ਖਾਨ ਸਨੇਟਾ ਮੁਸਲਿਮ ਲੀਡਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ, ਯੂਥ ਮੁਸਲਿਮ ਆਗੂ ਮੁਸਤਫ਼ਾ ਖਾਨ ਕੁੰਭੜਾ, ਬਹਾਦਰ ਖਾਨ ਪ੍ਰਧਾਨ ਮੁਸਲਿਮ ਕਮੇਟੀ ਕੁੰਭੜਾ, ਡਾ. ਬਲਜੀਤ ਖਾਨ ਸਨੇਟਾ, ਐਸ ਹਮੀਦ ਅਲੀ ਸਾਬਕਾ ਪ੍ਰਧਾਨ ਮੁਸਲਿਮ ਕਮੇਟੀ ਸਨੇਟਾ, ਮੁਹੱਮਦ ਗੁਫਾਰ ਪ੍ਰਧਾਨ ਮੁਸਲਿਮ ਕਮੇਟੀ ਰਾਏਪੁਰ ਅਤੇ ਭਾਗੋਮਾਜਰਾ ਬਾਬਾ ਮੁਹੱਮਦ ਸਲੀਮ ਸਨੇਟਾ, ਐਡਵੋਕੇਟ ਹਾਜੀ ਮੁਹੱਮਦ ਸਲੀਮ ਸੈਕਟਰ-66, ਸੈਕਟਰੀ ਫ਼ਕੀਰ ਮੁਹੰਮਦ ਸਿਆਲਬਾ, ਸਬਰਾਤੀ ਖਾਨ ਭਾਗੋਮਾਜਰਾ, ਮੁਹੰਮਦ ਅਸਲਮ ਭਬਾਤ ਡੇਰਾਬੱਸੀ, ਮਨਜੀਤ ਖਾਨ ਮਟੌਰ, ਸ਼ੇਖ਼ ਮੁਹੱਮਦ ਵਸੀਮ ਸਨੇਟਾ, ਮੁਹੱਮਦ ਤਨਵੀਰ ਸਨੇਟਾ, ਅਕਬਰ ਅਲੀ ਸਿਸਵਾਂ ਆਦਿ ਸ਼ਾਮਲ ਹੋਏ।
ਸਬੰਧਤ ਫੋਟੋ-6, ਮੁਸਲਿਕ ਭਾਈਚਾਰੇ ਦੇ ਲੋਕ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ।