Nabaz-e-punjab.com

ਕੋਰੋਨਾਵਾਇਰਸ ਵਿਰੁੱਧ ਜੰਗ: ਮੁਹਾਲੀ ਜ਼ਿਲ੍ਹੇ ਵਿੱਚ ਤਿੰਨ ਸੈਂਪਲਿੰਗ ਟੀਮਾਂ ਸਰਗਰਮ

ਰੋਜ਼ਾਨਾ ਲੈ ਰਹੀਆਂ ਹਨ ਅੌਸਤਨ 15-20 ਸੈਂਪਲ, ਜ਼ੋਖ਼ਮ ਭਰਿਆ ਕੰਮ ਹੈ ਮਰੀਜ਼ ਦਾ ਸੈਂਪਲ ਲੈਣਾ:

ਇਕ ਦਿਨ ਵਿੱਚ 70 ਸੈਂਪਲ ਵੀ ਲਏ, ਸਾਡੇ ਲਈ ਡਿਊਟੀ ਸਭ ਤੋਂ ਅਹਿਮ: ਡਾ. ਸੰਦੀਪ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦਾ ਪਤਾ ਲਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਤਿੰਨ ਸੈਂਪਲਿੰਗ ਟੀਮਾਂ ਕਈ ਦਿਨਾਂ ਤੋਂ ਪੂਰੀ ਤਰ੍ਹਾਂ ਸਰਗਰਮ ਹਨ। ਕੋਰੋਨਾ ਵਾਇਰਸ ਜਿਹੀ ਜਾਨਲੇਵਾ ਬੀਮਾਰੀ ਦੇ ਸ਼ੱਕੀ ਅਤੇ ਪੁਸ਼ਟ ਮਰੀਜ਼ ਦਾ ਸੈਂਪਲ ਲੈਣਾ ਕਾਫ਼ੀ ਜ਼ੋਖ਼ਮ ਭਰਿਆ ਕੰਮ ਹੈ ਪਰ ਸੈਂਪਲਿੰਗ ਟੀਮਾਂ ਪੂਰੀ ਨਿਡਰਤਾ ਅਤੇ ਅਹਿਤਿਆਤ ਨਾਲ ਇਸ ਅੌਖੇ ਕੰਮ ਨੂੰ ਸਿਰੇ ਚਾੜ੍ਹ ਰਹੀਆਂ ਹਨ। ਜਦ ਵੀ ਕਿਸੇ ਇਲਾਕੇ ਜਾਂ ਘਰ ਵਿਚੋਂ ਕੋਈ ਪਾਜ਼ੇਟਿਵ ਜਾਂ ਸ਼ੱਕੀ ਕੇਸ ਮਿਲਦਾ ਹੈ ਤਾਂ ਟੀਮਾਂ ਤੁਰੰਤ ਟਿਕਾਣੇ ’ਤੇ ਪਹੁੰਚ ਜਾਂਦੀਆਂ ਹਨ ਅਤੇ ਸੈਂਪਲ ਇਕੱਠੇ ਕਰਦੀਆਂ ਹਨ।
ਜ਼ਿਲ੍ਹਾ ਹਸਪਤਾਲ ਦੀ ਸੈਂਪਲਿੰਗ ਟੀਮ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਹਸਪਤਾਲ ਦੇ ਈਐਨਟੀ ਸਪੈਸ਼ਲਿਸਟ ਡਾ. ਸੰਦੀਪ ਸਿੰਘ ਨੇ ਕਿਹਾ, ‘ਜਦ ਵੀ ਸਾਨੂੰ ਜ਼ਿਲ੍ਹਾ ਹੈਡਕੁਆਰਟਰ ਤੋਂ ਨਿਰਦੇਸ਼ ਮਿਲਦਾ ਹੈ ਤਾਂ ਤੁਰੰਤ ਸਾਡੀ ਟੀਮ ਸਬੰਧਤ ਥਾਂ ’ਤੇ ਸੈਂਪਲ ਲੈਣ ਲਈ ਪੁੱਜ ਜਾਂਦੀ ਹੈ। ਅਸੀਂ ਸ਼ੱਕੀ ਮਰੀਜ਼ ਦੇ ਨੱਕ ਅਤੇ ਗਲੇ ਵਿਚੋਂ ਸੈਂਪਲ ਲੈਂਦੇ ਹਾਂ ਜਦਕਿ ਪਾਜ਼ੇਟਿਵ ਮਰੀਜ਼ ਦੇ ਖ਼ੂਨ ਦਾ ਵੀ ਸੈਂਪਲ ਲਿਆ ਜਾਂਦਾ ਹੈ। ਅਸੀਂ ਹੁਣ ਤੱਕ ਕੋਈ 150 ਸੈਂਪਲ ਲੈ ਚੁੱਕੇ ਹਾਂ ਜਿਨ੍ਹਾਂ ਵਿਚੋਂ ਛੇ ਪਾਜ਼ੇਟਿਵ ਆਏ ਹਨ ਜਦਕਿ ਬਾਕੀ ਸਾਰੇ ਨੈਗੇਵਿਟ ਆਏ ਹਨ।’ ਸਮੁੱਚੇ ਜ਼ਿਲ੍ਹੇ ਵਿਚ ਹੁਣ ਤੱਕ 320 ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 10 ਸੈਂਪਲਾਂ ਦੀਆਂ ਰੀਪੋਰਟਾਂ ਪਾਜ਼ੇਟਿਵ ਆਈਆਂ ਹਨ। ਕੁੱਝ ਸੈਂਪਲਾਂ ਦੀਆਂ ਰੀਪੋਰਟਾਂ ਦੀ ਉਡੀਕ ਹੈ। ਸਾਰੇ ਸੈਂਪਲ ਪੀਜੀਆਈ, ਚੰਡੀਗੜ੍ਹ ਵਿਖੇ ਭੇਜੇ ਜਾਂਦੇ ਹਨ। ਸ਼ੱਕੀ ਅਤੇ ਪੁਸ਼ਟ ਮਰੀਜ਼ ਦੇ ਸਭ ਤੋਂ ਨੇੜੇ ਪੁੱਜਣ ਵਾਲੀ ਸੈਂਪਲਿੰਗ ਟੀਮ ਹੀ ਹੁੰਦੀ ਹੈ ਜਿਸ ਕਾਰਨ ਟੀਮ ਮੈਂਬਰਾਂ ਦੇ ਮਨਾਂ ਅੰਦਰ ਡਰ ਪੈਦਾ ਹੋਣਾ ਸੁਭਾਵਕ ਹੈ। ਇਸ ਟੀਮ ਦੇ ਮੈਂਬਰ ਅਪਣਾ, ਅਪਣੇ ਸਹਿਕਰਮੀਆਂ ਅਤੇ ਅਪਣੇ ਘਰ ਵਾਲਿਆਂ ਦਾ ਵੀ ਪੂਰਾ ਖ਼ਿਆਲ ਰਖਦੇ ਹਨ।
ਡਾ. ਸੰਦੀਪ ਸਿੰਘ ਨੇ ਕਿਹਾ, ‘ਡਰ ਤਾਂ ਹੁੰਦਾ ਹੀ ਹੈ ਪਰ ਸਾਡੇ ਲਈ ਅਪਣਾ ਫ਼ਰਜ਼ ਸੱਭ ਤੋਂ ਅਹਿਮ ਹੈ। ਜਦ ਮੈਂ ਕੰਮ ਨਿਪਟਾ ਕੇ ਘਰੇ ਜਾਂਦਾ ਹਾਂ ਤਾਂ ਸੱਭ ਤੋਂ ਪਹਿਲਾਂ ਨਹਾਉਂਦਾ ਹਾਂ ਅਤੇ ਹੋਰ ਉਪਾਅ ਕਰਦਾ ਹਾਂ। ਮੈਂ ਕਾਫ਼ੀ ਸਮਾਂ ਅਪਣੇ ਵਖਰੇ ਕਮਰੇ ਵਿਚ ਗੁਜ਼ਾਰਦਾ ਹਾਂ ਅਤੇ ਘਰ ਵਾਲਿਆਂ ਤੋਂ ਦੂਰੀ ਬਣਾ ਕੇ ਰਖਦਾ ਹਾਂ। ਇਨ੍ਹਾਂ ਦਿਨਾਂ ਵਿਚ ਇਕ ਦੂਜੇ ਤੋਂ ਦੂਰੀ ਬਹੁਤ ਜ਼ਰੂਰੀ ਹੈ ਖ਼ਾਸਕਰ ਡਾਕਟਰੀ ਕਿੱਤੇ ਦੇ ਲੋਕਾਂ ਲਈ। ਮਨ ਵਿਚ ਮਾੜਾ ਮੋਟਾ ਡਰ ਤਾਂ ਹੁੰਦਾ ਹੀ ਹੈ ਪਰ ਅਸੀਂ ਸੈਂਪਲ ਲੈਣ ਸਮੇਂ ਨਿਜੀ ਸੁਰੱਖਿਆ ਕਿੱਟ ਪਾ ਕੇ ਪੂਰੀ ਅਹਿਤਿਆਤ ਵਰਤਦੇ ਹਾਂ।’
ਡਾ. ਸੰਦੀਪ ਸਿੰਘ ਦੀ ਟੀਮ ਵਿਚ ਮਾਇਕਰੋਬਾਇਓਲੋਜਿਸਟ ਦੀਪਿਕਾ ਅਤੇ ਲੈਬ ਤਕਨੀਸ਼ਨ ਵੀ ਹੁੰਦੇ ਹਨ। ਕਈ ਵਾਰ ਉਨ੍ਹਾਂ ਨਾਲ ਮੈਡੀਕਲ ਸਪੈਸ਼ਲਿਸਟ ਵੀ ਹੁੰਦਾ ਹੈ ਜਿਹੜਾ ਪੀੜਤ ਕੋੋਲੋਂ ਬੀਮਾਰੀ ਨਾਲ ਸਬੰਧਤ ਹਰ ਜਾਣਕਾਰੀ ਲੈਂਦਾ ਹੈ। ਜ਼ਿਲ੍ਹੇ ਦੀਆਂ ਤਿੰਨੇ ਟੀਮਾਂ ਰੋਜ਼ਾਨਾ ਅੌਸਤਨ 15-20 ਸੈਂਪਲ ਲੈ ਰਹੀਆਂ ਹਨ। ਪਿਛਲੇ ਦਿਨੀਂ ਜਗਤਪੁਰਾ ਅਤੇ ਨਯਾਗਾਉਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਮਿਲਣ ਮਗਰੋਂ ਜ਼ਿਲ੍ਹਾ ਹਸਪਤਾਲ ਦੀ ਟੀਮ ਨੇ ਇਕ ਦਿਨ ਵਿਚ 70 ਸੈਂਪਲ ਲਏ ਸਨ।
(ਬਾਕਸ ਆਈਟਮ)
ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਫ਼ਿਲਹਾਲ ਤਿੰਨ ਸੈਂਪਲਿੰਗ ਟੀਮਾਂ ਹਨ। ਜਿਨ੍ਹਾਂ ’ਚੋਂ ਇੱਕ ਟੀਮ ਜ਼ਿਲ੍ਹਾ ਹਸਪਤਾਲ ਮਸਹਾਲੀ, ਇਕ ਟੀਮ ਡੇਰਾਬੱਸੀ ਦੇ ਹਸਪਤਾਲ ਅਤੇ ਇਕ ਟੀਮ ਖਰੜ ਦੇ ਹਸਪਤਾਲ ਵਿੱਚ ਬਣਾਈ ਗਈ ਹੈ। ਇਹ ਟੀਮਾਂ ਆਪੋ ਅਪਣੇ ਇਲਾਕੇ ਵਿੱਚ ਸੈਂਪਲ ਇਕੱਠੇ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਛੇਤੀ ਹੀ ਹੋਰ ਸੈਂਪਲਿੰਗ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…