Nabaz-e-punjab.com

ਲੜਾਈ ਝਗੜਾ ਕੇਸ: ਮੁਹਾਲੀ ਅਦਾਲਤ ਵੱਲੋਂ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਬਾਇੱਜ਼ਤ ਬਰੀ

ਜਥੇਦਾਰ ਹਰਪਾਲਪੁਰ ਵੱਲੋਂ ਚੰਦੂਮਾਜਰਾ ’ਤੇ ਅਕਾਲੀ ਸਰਕਾਰ ਦੌਰਾਨ ਝੂਠੇ ਕੇਸ ’ਚ ਫਸਾਉਣ ਦਾ ਦੋਸ, ਚੰਦੂਮਾਜਰਾ ਨੇ ਦੋਸ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਮੁਹਾਲੀ ਅਦਾਲਤ ਨੇ ਲੜਾਈ ਝਗੜੇ ਦੇ ਕਰੀਬ ਸਾਢੇ ਤਿੰਨ ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ ਅਤੇ ਉਸ ਦੇ ਸਾਥੀ ਤਰਲੋਚਨ ਸਿੰਘ ਰਾਓਮਾਜਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਦੋਵੇਂ ਆਗੂਆਂ ਦੇ ਖ਼ਿਲਾਫ਼ 22 ਜਨਵਰੀ 2016 ਨੂੰ ਥਾਣਾ ਸੋਹਾਣਾ ਵਿੱਚ ਆਈਪੀਸੀ ਦੀ ਧਾਰਾ 452,354,295,325,148,149,506, ਦੇ ਤਹਿਤ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਚਲ ਰਹੀ ਸੀ। ਜਥੇਦਾਰ ਗੁਰਸੇਵ ਸਿੰਘ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਲੌਂਗੀਆਂ ਨੇ ਕੇਸ ਲੜ ਰਹੇ ਸੀ। ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਗੁਰਸੇਵ ਸਿੰਘ ਅਤੇ ਉਸ ਦੇ ਸਾਥੀ ਰਾਓਮਾਜਰਾ ਨੂੰ ਬੇਕਸੂਰ ਮੰਨਦਿਆਂ ਬਰੀ ਕਰ ਦਿੱਤਾ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਗੁਰਸੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਸੋਹਾਣਾ ਵਿੱਚ 500 ਗਜ਼ ਦਾ ਪਲਾਟ ਖਰੀਦਿਆਂ ਗਿਆ ਸੀ, ਦੇ ਕਬਜ਼ੇ ਨੂੰ ਲੈ ਕੇ ਹੋਏ ਝਗੜੇ ਕਾਰਨ ਅਕਾਲੀ ਸਰਕਾਰ ਵੇਲੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਦੂਜੀ ਧਿਰ ਖ਼ਿਲਾਫ਼ ਵੀ ਕਰਾਸ ਕੇਸ ਦਰਜ ਹੋਇਆ ਸੀ ਪ੍ਰੰਤੂ ਬਾਅਦ ਵਿੱਚ ਸਿਆਸੀ ਦਖ਼ਲ ਕਾਰਨ ਪੁਲੀਸ ਨੇ ਦੂਜੀ ਧਿਰ ਖ਼ਿਲਾਫ਼ ਦਰਜ ਕੇਸ ਰੱਦ ਕਰਕੇ ਸਿਰਫ਼ ਉਨ੍ਹਾਂ ਦੋਵਾਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ। ਉਨ੍ਹਾਂ ਨੇ ਉਕਤ ਕੇਸ ਦੀ ਨਿਰਪੱਖ ਜਾਂਚ ਕਰਕੇ ਇਨਸਾਫ਼ ਦੇਣ ਲਈ ਮੁੱਖ ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨਰ, ਆਈਜੀ ਪਟਿਆਲਾ ਰੇਂਜ ਅਤੇ ਡੀਆਈਜੀ ਰੂਪਨਗਰ ਰੇਂਜ ਨੂੰ ਅਨੇਕਾਂ ਹੀ ਦਰਖ਼ਾਸਤਾਂ ਦਿੱਤੀਆਂ ਗਈਆਂ ਪ੍ਰੰਤੂ ਸਿਆਸੀ ਦਬਾਅ ਕਾਰਨ ਕਿੱਧਰੋਂ ਵੀ ਇਨਸਾਫ਼ ਨਹੀਂ ਮਿਲਿਆ।
ਜਥੇਦਾਰ ਗੁਰਸੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਸੋਹਾਣਾ ਦੇ ਕਿਸੇ ਵਿਅਕਤੀ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਉਸ ਨੇ 2011 ਵਿੱਚ ਜਸਮੀਰ ਸਿੰਘ ਤੋਂ 35 ਲੱਖ ਰੁਪਏ ਵਿੱਚ 500 ਗਜ਼ ਦਾ ਪਲਾਟ ਖਰੀਦਿਆਂ ਸੀ ਪ੍ਰੰਤੂ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਪਲਾਟ ਹੜੱਪਣ ਦੀ ਨੀਅਤ ਨਾਲ ਸੋਹਾਣਾ ਦੇ ਵਸਨੀਕ ਨੂੰ ਖੜਾ ਕਰਕੇ ਪੁਲੀਸ ’ਤੇ ਦਬਾਅ ਪਾ ਕੇ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵ ਦਿੱਤਾ। ਹਾਲਾਂਕਿ ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਪਲਾਟ ਦਾ ਕਬਜ਼ਾ ਦਿਵਾਇਆ ਸੀ ਅਤੇ ਵੈਲਫ਼ ਭੇਜ ਕੇ ਮੁਹੱਲੇ ਵਿੱਚ ਢੋਲ ਵਜਾ ਕੇ ਮੁਨਾਦੀ ਕਰਵਾਈ ਗਈ ਲੇਕਿਨ ਜਦੋਂ ਉਹ ਆਪਣੇ ਪਲਾਟ ਵਿੱਚ ਦੇਖਭਾਲ ਲਈ ਗਏ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਸ ਦੇ ਸਾਥੀ ਰਾਓਮਾਜਰਾ ਨੂੰ ਕਾਫੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਹੀ ਝੂਠਾ ਕੇਸ ਦਰਜ ਕਰਵਾ ਕੇ ਉਨ੍ਹਾਂ ਦੀ ਜਲੀਲ ਅਤੇ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।
(ਬਾਕਸ ਆਈਟਮ)
ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਸੇਵ ਸਿੰਘ ਹਰਪਾਲਪੁਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਬੰਧਤ ਪਲਾਟ ’ਤੇ ਕਬਜ਼ੇ ਦਾ ਕੇਸ ਵੀ ਕਿਸੇ ਹੋਰ ਚਲਦਾ ਸੀ ਅਤੇ ਪੁਲੀਸ ਨੇ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਜਾਣਬੁਝ ਕੇ ਉਨ੍ਹਾਂ ਦਾ ਨਾਂ ਉਛਾਲਿਆ ਜਾ ਰਿਹਾ ਹੈ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਝੂਠੀ ਬਿਆਨਬਾਜ਼ੀ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਉਹ ਗੁਰਸੇਵ ਸਿੰਘ ਦੇ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਦਾਇਰ ਕਰਨਗੇ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…