
‘ਯੁੱਧ ਨਸ਼ਿਆਂ ਵਿਰੁੱਧ’: ਮੁਹਾਲੀ ਪੁਲੀਸ ਵੱਲੋਂ ਚਾਰ ਮੁਲਜ਼ਮ ਹੈਰੋਇਨ ਤੇ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 211 ਗਰਾਮ ਹੈਰੋਇਨ, 8.10 ਲੱਖ ਡਰੱਗ ਮਨੀ, ਨਾਜਾਇਜ਼ ਹਥਿਆਰ ਤੇ 16 ਕਾਰਤੂਸ ਬਰਾਮਦ
ਮੁਲਜ਼ਮਾਂ ਕੋਲੋਂ ਕਾਲੇ ਰੰਗ ਦੀ ਥਾਰ ਤੇ ਚਿੱਟੇ ਰੰਗੇ ਦੀ ਸਵਿਫ਼ਟ ਕਾਰ ਵੀ ਕੀਤੀ ਬਰਾਮਦ
ਨਬਜ਼-ਏ-ਪੰਜਾਬ, ਮੁਹਾਲੀ, 28 ਅਪਰੈਲ:
ਪੰਜਾਬ ਪੁਲੀਸ ਵੱਲੋਂ ਸੂਬੇ ’ਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਦੌਰਾਨ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਚਾਰ ਮੁਲਜ਼ਮਾਂ ਨੂੰ ਹੈਰੋਇਨ ਅਤੇ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਉਰਫ਼ ਨਿੱਕੂ ਵਾਸੀ ਫੇਜ਼-1, ਮੁਹਾਲੀ, ਸੂਰਜ ਕੁਮਾਰ ਉਰਫ਼ ਪਹਿਲਵਾਨ ਵਾਸੀ ਪਿੰਡ ਸੋਹਾਣਾ, ਸੁਖਵਿੰਦਰ ਸਿੰਘ ਵਾਸੀ ਪਿੰਡ ਗੂੜਾ (ਜਲੰਧਰ) ਅਤੇ ਸੁਹੇਲ ਵਾਸੀ ਪਿੰਡ ਝਾਮਪੁਰ (ਮੁਹਾਲੀ) ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਕੋਲੋਂ 211 ਗਰਾਮ ਹੈਰੋਇਨ, 8 ਲੱਖ 10 ਹਜ਼ਾਰ ਰੁਪਏ ਡਰੱਗ ਮਨੀ, .32 ਬੋਰ ਦੇ ਦੋ ਪਿਸਤੌਲ ਤੇ 11 ਕਾਰਤੂਸ, 5 ਕਾਰਤੂਸ 30 ਬੋਰ ਅਤੇ ਦੋ ਕਾਰਾਂ ਇੱਕ ਕਾਲੇ ਰੰਗ ਦੀ ਥਾਰ ਅਤੇ ਚਿੱਟੇ ਰੰਗ ਦੀ ਸਵਿਫ਼ਟ ਕਾਰ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਸੌਰਵ ਜਿੰਦਲ ਅਤੇ ਡੀਐਸਪੀ (ਡੀ) ਤਲਵਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਮੁਹਾਲੀ ਏਅਰਪੋਰਟ ਸੜਕ ’ਤੇ ਸੀਪੀ-67 ਮਾਲ ਨੇੜੇ ਮੌਜੂਦ ਸੀ।
ਇਸ ਦੌਰਾਨ ਪੁਲੀਸ ਨੂੰ ਇਤਲਾਹ ਮਿਲੀ ਕਿ ਸਤਨਾਮ ਸਿੰਘ ਉਰਫ਼ ਨਿੱਕੂ ਸੂਰਜ ਉਰਫ਼ ਪਹਿਲਵਾਨ, ਸੁਖਵਿੰਦਰ ਸਿੰਘ ਨਾਜਾਇਜ਼ ਹਥਿਆਰ ਲੈ ਕੇ ਪਿੰਡ ਮੌਲੀ ਬੈਦਵਾਨ ਵਿੱਚ ਚਿੱਟੇ ਰੰਗ ਦੀ ਸਵਿਫ਼ਟ ਕਾਰ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਸਤਨਾਮ ਸਿੰਘ ਨੇ ਮੰਨਿਆ ਕਿ ਉਹ ਹੈਰੋਇਨ ਦੀ ਖੇਪ ਸੁਹੇਲ ਤੋਂ ਲੈ ਕੇ ਆਉਂਦਾ ਹੈ। ਇਸ ਮਗਰੋਂ ਪੁਲੀਸ ਨੇ ਸੁਹੇਲ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਸੁਹੇਲ ਦੇ ਖ਼ਿਲਾਫ਼ ਪਹਿਲਾਂ ਵੀ ਸੋਹਾਣਾ ਥਾਣੇ ਵਿੱਚ ਦੋ ਅਪਰਾਧਿਕ ਪਰਚੇ ਦਰਜ ਹਨ।
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਕਿੱਥੋਂ ਲੈ ਕੇ ਆਉਂਦੇ ਹਨ।