ਕੂੜਾ ਪ੍ਰਬੰਧਨ: ਮੇਅਰ ਤੇ ਕਮਿਸ਼ਨਰ ਨੇ ਕੀਤਾ ਆਰਐਮਸੀ ਪੁਆਇੰਟ ਦਾ ਨਿਰੀਖਣ
ਲੋਕਾਂ ਨੂੰ ਸਫ਼ਾਈ ਜਾਂ ਕੂੜੇ ਪੱਖੋਂ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਵੇਂ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨਾਲ ਆਰਐਮਸੀ ਪੁਆਇੰਟ ਸ਼ਾਹੀਮਾਜਰਾ (ਕੂੜਾ ਪੁਆਇੰਟ) ਦਾ ਦੌਰਾ ਕਰਕੇ ਕੂੜਾ ਪ੍ਰਬੰਧਨ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ਼ਾਹੀਮਾਜਰਾ ਦੇ ਕੌਂਸਲਰ ਜਗਦੀਸ਼ ਸਿੰਘ ਜੱਗਾ ਅਤੇ ਫੇਜ਼-5 ਦੀ ਕੌਂਸਲਰ ਬਲਜੀਤ ਕੌਰ ਵੀ ਹਾਜ਼ਰ ਸਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਫ਼ਾਈ ਜਾਂ ਕੂੜੇ ਪੱਖੋਂ ਸ਼ਹਿਰ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀਆਂ ਹਦਾਇਤਾਂ ’ਤੇ ਡੰਪਿੰਗ ਗਰਾਊਂਡ ਬੰਦ ਹੋਣ ਕਰਕੇ ਆਰਐਮਸੀ ਪੁਆਇੰਟਾਂ ਵਿੱਚ ਕੂੜਾ ਸੱੁਟਿਆ ਜਾ ਰਿਹਾ ਹੈ ਅਤੇ ਇੱਥੇ ਹੀ ਕੂੜੇ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਫ਼ਾਈ ਠੇਕੇਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਆਰਐਮਸੀ ਪੁਆਇੰਟਾਂ ਤੋਂ ਫੌਰੀ ਕੂੜਾ ਚੁਕਵਾਇਆ ਜਾਵੇ ਅਤੇ ਸਫ਼ਾਈ ਯਕੀਨੀ ਬਣਾਈ ਜਾਵੇ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਸਿੱਧੂ ਫਾਊਂਡੇਸ਼ਨ ਵੱਲੋਂ ਸ਼ਹਿਰ ਵਿੱਚ ਕੂੜੇ ਦੇ ਢੇਰ ’ਤੇ ਸਪਰੇਅ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਰਸੋਈ ਦਾ ਕੂੜਾ ਆਸਾਨੀ ਨਾਲ ਸਪਰੇਅ ਬਾਅਦ ਡੀ-ਕੰਪੋਜ ਹੋ ਜਾਂਦਾ ਹੈ ਅਤੇ ਖਾਦ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਨਾਲ ਕੂੜੇ ਦੀ ਮਾਤਰਾ ਵੀ ਕਾਫ਼ੀ ਘੱਟ ਜਾਂਦੀ ਹੈ ਜਦੋਂਕਿ ਖਾਦ ਵੱਖ-ਵੱਖ ਪਾਰਕਾਂ ਵਿੱਚ ਵਰਤੀ ਜਾ ਸਕਦੀ ਹੈ। ਮੇਅਰ ਨੇ ਸ਼ਾਹੀਮਾਜਰਾ ਅਤੇ ਗਰੀਨ ਬੈਲਟ ਫੇਜ਼-5 ਦਾ ਵੀ ਦੌਰਾ ਕੀਤਾ ਅਤੇ ਇੱਥੇ ਸਫ਼ਾਈ ਵਿਵਸਥਾ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਫ਼ਤਾਵਾਰੀ ਮੰਡੀ ਲੱਗਣ ਤੋਂ ਬਾਅਦ ਇੱਥੇ ਸਫ਼ਾਈ ਦੇ ਕੰਮ ਠੇਕਾ ਦਿੱਤਾ ਗਿਆ ਹੈ।
ਇਸ ਮੌਕੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਉਹ ਮੁਹਾਲੀ ਵਿੱਚ ਨਵੇਂ ਆਏ ਹਨ ਅਤੇ ਹਾਲੇ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦੇ ਤਰਤੀਬਵਾਰ ਹੱਲ ਕੱਢੇ ਜਾਣਗੇ। ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਅਤੇ ਸ਼ਹਿਰ ਵਾਸੀ ਘਰਾਂ ਨੇੜੇ ਆਰਐਮਸੀ ਪੁਆਇੰਟ ਬਣਾਉਣ ਅਤੇ ਇੱਥੇ ਕੂੜਾ ਪ੍ਰੋਸੈਸਿੰਗ ਦਾ ਵਿਰੋਧ ਕਰ ਰਹੇ ਹਨ।