Share on Facebook Share on Twitter Share on Google+ Share on Pinterest Share on Linkedin ਪੈਸੇ ਦੀ ਬਰਬਾਦੀ: ਮੁਹਾਲੀ ਵਿੱਚ ਪੱਕੇ ਫਰਸ਼ ਤੋੜ ਕੇ ਲਗਾਏ ਜਾ ਰਹੇ ਹਨ ਨਵੇਂ ਸਿਰਿਓਂ ਪੇਵਰ ਬਲਾਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ: ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਰਿਹਾਇਸ਼ੀ ਖੇਤਰ ਵਿੱਚ ਪੱਕੇ ਫਰਸ਼ ਤੋੜ ਕੇ ਪੇਵਰ ਬਲਾਕ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਬੰਧਤ ਇਲਾਕਿਆਂ ਦੇ ਕੌਂਸਲਰ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਨੀਅਤ ਨਾਲ ਧੜਾਧੜ ਪੈਸੇ ਦੀ ਬਰਬਾਦੀ ਕਰ ਰਹੇ ਹਨ। ਇਸ ਸਬੰਧੀ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਪੇਵਰ ਬਲਾਕਾਂ ਦੇ ਮਤਿਆਂ ’ਤੇ ਹਾਊਸ ਵਿੱਚ ਮੋਹਰ ਲਗਾ ਦਿੱਤੀ ਜਾਂਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਇੱਥੋਂ ਦੇ ਫੇਜ਼-9 ਵਿੱਚ ਸਾਹਮਣੇ ਆਇਆ ਹੈ। ਜਿੱਥੇ ਰਿਹਾਇਸ਼ੀ ਖੇਤਰ ਵਿੱਚ ਪਹਿਲਾਂ ਤੋਂ ਬਣੇ ਹੋਏ ਪੱਕੇ ਫਰਸ਼ ਤੋੜ ਕੇ ਲੱਖਾਂ ਰੁਪਏ ਦੇ ਨਵੇਂ ਸਿਰਿਓਂ ਪੇਵਰ ਬਲਾਕ (ਇੰਟਰਲਾਕ ਟਾਈਲਾਂ) ਲਗਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਲਿਆਂਦਾ ਜਾ ਚੁੱਕਾ ਹੈ। ਜਿੱਥੇ ਵਧੀਆ ਹਾਲਤ ਵਾਲੇ ਪੁਰਾਣੇ ਪੇਵਰ ਬਲਾਕ ਪੁੱਟ ਕੇ ਉਸੇ ਥਾਂ ’ਤੇ ਨਵੇਂ ਸਿਰਿਓਂ ਪੇਵਰ ਬਲਾਕ ਲਗਾਏ ਜਾ ਰਹੇ ਹਨ, ਪ੍ਰੰਤੂ ਪੰਜਾਬ ਸਰਕਾਰ ਦੇ ਕੁੰਭਕਰਨੀ ਨੀਂਦ ਵਿੱਚ ਹੋਣ ਕਾਰਨ ਨਗਰ ਨਿਗਮ ਦੇ ਅਧਿਕਾਰੀ ਬਿਨਾਂ ਕਿਸੇ ਡਰ ਭੈਅ ਤੋਂ ਜ਼ਮੀਨੀ ਹਕੀਕਤ ਨੂੰ ਜਾਣਨ ਤੋਂ ਬਗੈਰ ਟੈਂਡਰ ਜਾਰੀ ਕਰ ਰਹੇ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਇਲਾਕੇ ਦੀ ਭਾਜਪਾ ਕੌਂਸਲਰ ਸ੍ਰੀਮਤੀ ਪ੍ਰਕਾਸ਼ਵਤੀ ਨੇ ਪੱਕੇ ਫਰਸ਼ ਤੋੜ ਕੇ ਨਵੇਂ ਸਿਰਿਓਂ ਪੇਵਰ ਬਲਾਕ ਲਗਾਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਿਹਾਇਸ਼ੀ ਬਲਾਕ ਵਿੱਚ ਕਈ ਥਾਵਾਂ ’ਤੇ ਭਾਵੇਂ ਪੱਕੇ ਫਰਸ਼ ਬਣੇ ਹੋਏ ਸਨ ਪ੍ਰੰਤੂ ਜ਼ਮੀਨੀ ਪੱਧਰ ਸਹੀ ਨਾ ਹੋਣ ਕਾਰਨ ਕਈ ਲੋਕ ਉੱਚੇ ਨੀਵੇਂ ਫਰਸ਼ ਕਾਰਨ ਠੋਕਰਾਂ ਖਾ ਕੇ ਡਿੱਗ ਚੁੱਕੇ ਹਨ ਅਤੇ ਹੁਣ ਤੱਕ ਕਈ ਅੌਰਤਾਂ ਨੂੰ ਸੱਟਾਂ ਵੀ ਲੱਗ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪੱਕੇ ਫਰਸ਼ ਤੋੜ ਕੇ ਉੱਥੇ ਨਵੇਂ ਸਿਰਿਓਂ ਪੇਵਰ ਬਲਾਕ ਲਗਾਏ ਜਾ ਰਹੇ ਹਨ ਅਤੇ ਇਸ ਕੰਮ ’ਤੇ 14 ਲੱਖ ਰੁਪਏ ਖ਼ਰਚੇ ਜਾਣਗੇ। ਉਧਰ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦਾ ਕਹਿਣਾ ਹੈ ਕਿ ਪੱਕੇ ਸੀਮਿੰਟਡ ਫਰਸ਼ ਤੋੜ ਕੇ ਉਸੇ ਥਾਂ ’ਤੇ ਪੇਵਰ ਬਲਾਕ ਲਗਾਉਣਾ ਬਿਲਕੁਲ ਗਲਤ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਨਵੇਂ ਪੇਵਰ ਬਲਾਕ ਲਗਾਉਣ ਸਬੰਧੀ 60-40 ਦੀ ਰੇਸ਼ੋ ਨਾਲ ਮਤੇ ਪਾਸ ਕੀਤੇ ਜਾਂਦੇ ਹਨ। ਜਿਸ ਦੇ ਤਹਿਤ 60 ਫੀਸਦੀ ਨਵੇਂ ਅਤੇ 40 ਫੀਸਦੀ ਪੁਰਾਣੇ ਪੇਵਰ ਬਲਾਕ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਸਬੰਧਤ ਇਲਾਕਿਆਂ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ