
ਗੰਦੇ ਪਾਣੀ ਦੀ ਸਪਲਾਈ: ਤੀਜੇ ਦਿਨ ਐਸਡੀਐਮ ਤੇ ਤਹਿਸੀਲਦਾਰ ਨੇ ਕੀਤਾ ਝਿਊਰਹੇੜੀ ਦਾ ਦੌਰਾ
ਜਲ ਸਪਲਾਈ ਵਿਭਾਗ ਨੇ ਬੁੱਧਵਾਰ ਨੂੰ ਦੂਜੀ ਵਾਰ ਲਏ ਪਾਣੀ ਦੇ ਸੈਂਪਲ, ਪਾਣੀ ਦੀ ਲੀਕੇਜ ਚੈੱਕ ਕੀਤੀ
ਪਾਣੀ ਵਿੱਚ ਕਲੋਰੀਨ ਦਵਾਈ ਮਿਲਾਉਣ ਵਾਲੀ ਮਸ਼ੀਨ ਦੀ ਖ਼ਰਾਬ ਮੋਟਰ ਬਦਲੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਮੁਹਾਲੀ ਕੌਮਾਂਤਰੀ ਏਅਰਪੋਰਟ ਦੀ ਜੂਹ ਵਿੱਚ ਵਸਦੇ ਪਿੰਡ ਝਿਊਰਹੇੜੀ ਵਿੱਚ ਕਾਫ਼ੀ ਦਿਨਾਂ ਤੋਂ ਘਰਾਂ ਵਿੱਚ ਸਪਲਾਈ ਹੋ ਰਹੇ ਗੰਧਲੇ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੇ ਹੁਕਮਾਂ ’ਤੇ ਬੁੱਧਵਾਰ ਨੂੰ ਤੀਜੇ ਦਿਨ ਮੁਹਾਲੀ ਦੇ ਐਸਡੀਐਮ ਸ੍ਰੀਮਤੀ ਸਰਬਜੀਤ ਕੌਰ ਅਤੇ ਤਹਿਸੀਲਦਾਰ ਨੇ ਝਿਊਰਹੇੜੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਇੱਥੇ ਇਹ ਦੱਸਣਯੋਗ ਹੈ ਕਿ ਪਿਛਲੇ ਦਿਨੀਂ ‘ਨਬਜ਼-ਏ-ਪੰਜਾਬ ਬਿਊਰੋ’ ਵੱਲੋਂ ‘‘ਪਿੰਡ ਝਿਊਰਹੇੜੀ ਵਿੱਚ ਗੰਦੇ ਪਾਣੀ ਦੀ ਸਪਲਾਈ ਨੂੰ ਲੈ ਕੇ ਗਰਾਮ ਪੰਚਾਇਤ ਖ਼ਿਲਾਫ਼ ਰੋਸ ਮੁਜ਼ਾਹਰਾ’’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਜਲ ਸਪਲਾਈ ਵਿਭਾਗ ਅਤੇ ਸਿਹਤ ਵਿਭਾਗ ਹਰਕਤ ਵਿੱਚ ਆਏ ਅਤੇ ਪਿੰਡ ’ਚੋਂ ਪਾਣੀ ਦੇ ਸੈਂਪਲ ਲਏ ਗਏ।
ਐਸਡੀਐਮ ਸਰਬਜੀਤ ਕੌਰ ਨੇ ਦੱਸਿਆ ਕਿ ਝਿਊਰਹੇੜੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਅੱਜ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਪਿੰਡ ਜਾ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਸਮੇਂ ਉੱਥੇ ਕੋਈ ਗੰਭੀਰ ਸਮੱਸਿਆ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਸੱਦਿਆ ਗਿਆ ਅਤੇ ਪਾਣੀ ਦੀ ਲੀਕੇਜ ਚੈੱਕ ਕੀਤੀ ਗਈ। ਇਸ ਦੌਰਾਨ ਘਰਾਂ ਵਿੱਚ ਸਪਲਾਈ ਹੁੰਦੇ ਪੀਣ ਵਾਲੇ ਪਾਣੀ ਦਾ ਦੁਬਾਰਾ ਸੈਂਪਲ ਲਿਆ ਗਿਆ। ਜਿਸ ਨੂੰ ਜਾਂਚ ਲਈ ਭੇਜਿਆ ਗਿਆ ਹੈ। ਐਸਡੀਐਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੇਚਸ਼ ਤੋਂ ਪੀੜਤ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਧਰ, ਸਿਹਤ ਵਿਭਾਗ ਦੀ ਟੀਮ ਨੇ ਬੀਤੇ ਕੱਲ੍ਹ 5 ਸੈਂਪਲ ਲਏ ਸਨ ਅਤੇ ਸਿਵਲ ਸਰਜਨ ਨੂੰ ਭੇਜੀ ਲਿਖਤੀ ਰਿਪੋਰਟ ਵਿੱਚ ਝਿਊਰਹੇੜੀ ਵਿੱਚ 8 ਤੋਂ 10 ਵਿਅਕਤੀਆਂ ਦੇ ਦਸਤ ਉਲਟੀਆਂ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਅਕਤੀਆਂ ਨੂੰ ਮੌਕੇ ’ਤੇ ਹੀ ਓਆਰਐਸ ਦੀਆਂ ਗੋਲੀਆਂ ਦਿੱਤੀਆਂ ਗਈਆਂ। ਪਿੰਡ ਵਾਸੀਆਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਟਰ ਸਪਲਾਈ ਪਾਈਪਲਾਈਨ ਕਾਫ਼ੀ ਪੁਰਾਣੀ ਹੋਣ ਕਾਰਨ ਕਈ ਥਾਵਾਂ ਤੋਂ ਲੀਕੇਜ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ।
ਪਿੰਡ ਦੀ ਸਰਪੰਚ ਮਨਦੀਪ ਕੌਰ ਅਤੇ ਪੰਚ ਜਸਵਿੰਦਰ ਸਿੰਘ ਨੇ ਗਾਮ ਪੰਚਾਇਤ ਦਾ ਪੱਖ ਰੱਖਦਿਆਂ ਜਾਂਚ ਟੀਮ ਨੂੰ ਦੱਸਿਆ ਕਿ ਕੁੱਝ ਪਿੰਡ ਵਾਸੀ ਨਵਾਂ ਕੁਨੈਕਸ਼ਨ ਜੋੜਨ ਲਈ ਪਲੰਬਰ ਨੂੰ ਬੁਲਾਉਣ ਦੀ ਬਜਾਏ ਖ਼ੁਦ ਹੀ ਕੁਨੈਕਸ਼ਨ ਜੋੜ ਲੈਂਦੇ ਹਨ। ਜਿਸ ਕਾਰਨ ਵਾਟਰ ਸਪਲਾਈ ਪਾਈਪਲਾਈਨ ਥਾਂ-ਥਾਂ ਤੋਂ ਕੰਡਮ ਹੋ ਗਈ ਹੈ ਜਦੋਂ ਟਿਊਬਵੈੱਲ ਤੋਂ ਪੂਰੇ ਪ੍ਰੈਸ਼ਰ ਨਾਲ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਈਪਲਾਈਨ ’ਚੋਂ ਕੁੱਝ ਸਮੇਂ ਤੱਕ ਪਾਣੀ ਨਾਲ ਮਿੱਟੀ ਵੀ ਚਲੀ ਜਾਂਦੀ ਹੈ ਪ੍ਰੰਤੂ ਕੁੱਝ ਸਮੇਂ ਬਾਅਦ ਪਾਣੀ ਸਾਫ਼ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਵਿਭਾਗ ਦੀ ਟੀਮ ਨੇ ਦੂਜੀ ਵਾਰ ਪਾਣੀ ਦੇ ਸੈਂਪਲ ਲਏ ਅਤੇ ਪਾਣੀ ਦੀ ਲੀਕੇਜ ਰੋਕਣ ਲਈ ਪਾਈਪਲਾਈਨ ਚੈੱਕ ਕੀਤੀ ਗਈ। ਪੰਚਾਇਤ ਨੇ ਦੱਸਿਆ ਕਿ ਅੱਜ ਪਾਣੀ ਵਿੱਚ ਕਲੋਰੀਨ ਪਾਈ ਗਈ ਹੈ ਜਦੋਂਕਿ ਪਹਿਲਾਂ ਕਲੋਰੀਨ ਮਿਲਾਉਣ ਵਾਲੀ ਮਸ਼ੀਨ ਦੀ ਮੋਟਰ ਖ਼ਰਾਬ ਸੀ। ਜਿਸ ਕਾਰਨ ਇਹ ਸਮੱਸਿਆ ਆ ਰਹੀ ਸੀ। ਖ਼ਰਾਬ ਮੋਟਰ ਬਦਲ ਦਿੱਤੀ ਗਈ ਹੈ।

ਜਲ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੋਆਰਡੀਨੇਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਦੂਜੀ ਵਾਰ ਸੈਂਪਲ ਭਰੇ ਜਾ ਰਹੇ ਹਨ। ਯੂਥ ਆਗੂ ਗੁਰਜੰਟ ਸਿੰਘ ਨੇ ਪਿਛਲੀ ਰਿਪੋਰਟ ਬਾਰੇ ਪੱੁਛਿਆ ਤਾਂ ਅਧਿਕਾਰੀ ਨੇ ਸ਼ਾਮ ਤੱਕ ਰਿਪੋਰਟ ਆਉਣ ਦੀ ਗੱਲ ਕਹੀ। ਨੌਜਵਾਨ ਆਗੂ ਜਸਵਿੰਦਰ ਸਿੰਘ ਨੇ ਜਲਘਰ ਦਾ ਬਿਜਲੀ ਬਿੱਲ ਨਾ ਭਰਨ ਦਾ ਮੁੱਦਾ ਚੁੱਕਿਆ। ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਪਾਣੀ ਦੀ ਸਮੱਸਿਆ ਛੇਤੀ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਜਲ ਸਪਲਾਈ ਵਿਭਾਗ ਦੇ ਐਸਡੀਓ ਰਜਿੰਦਰ ਸਿੰਘ, ਜੇਈ ਗੁਰਪ੍ਰੀਤ ਸਿੰਘ, ਪੰਚਾਇਤ ਵਿਭਾਗ ਦੇ ਜੇਈ ਰਣਜੀਤ ਸਿੰਘ, ਪੰਚਾਇਤ ਸਕੱਤਰ ਅਮਰੀਕ ਸਿੰਘ, ਨੰਬਰਦਾਰ ਕੇਸਰ ਸਿੰਘ, ਪੰਚ ਹਰਦੀਪ ਸਿੰਘ ਅਤੇ ਟਿਊਬਵੈੱਲ ਅਪਰੇਟਰ ਕੁਲਵੀਰ ਸਿੰਘ ਵੀ ਮੌਜੂਦ ਸਨ।