ਨਵੀਂ ਸੀਵਰੇਜ ਪਾਈਪਲਾਈਨ ਪਾਉਣ ਸਮੇਂ ਮਜ਼ਦੂਰਾਂ ਤੋਂ ਵਾਟਰ ਸਪਲਾਈ ਲਾਈਨ ਟੁੱਟੀ

ਮੁਹਾਲੀ ਦੇ ਕਈ ਹਿੱਸਿਆ ਵਿੱਚ ਮੰਗਲਵਾਰ ਨੂੰ ਵੀ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਮੁਹਾਲੀ ਨਗਰ ਨਿਗਮ ਵੱਲੋਂ ਚਾਰ ਦਹਾਕੇ ਪੁਰਾਣੀ ਸੀਵਰੇਜ ਲਾਈਨ ਨੂੰ ਪੁੱਟ ਕੇ ਨਵੇਂ ਸਿਰਿਓਂ ਪਾਈ ਜਾ ਰਹੀ ਪਾਈਪਲਾਈਨ ਦੌਰਾਨ ਇੱਥੋਂ ਦੇ ਫੇਜ਼-3ਬੀ2 ਅਤੇ ਸੈਕਟਰ-71 ਨੂੰ ਵੰਡਦੀ ਮੱਖ ਸੜਕ ਦੇ ਕਿਨਾਰੇ ’ਤੇ ਪੀਣ ਵਾਲੇ ਪਾਣੀ ਦੀ ਮੇਨ ਸਪਲਾਈ ਲਾਈਨ ਵਿੱਚ ਲੀਕੇਜ ਹੋਣ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਸਪਲਾਈ ਠੱਪ ਹੋ ਗਈ ਹੈ ਅਤੇ ਅੱਜ ਸਾਰਾ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ। ਜਲ ਸਪਲਾਈ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਭਲਕੇ 20 ਅਕਤੂਬਰ ਨੂੰ ਵੀ ਜਲ ਸਪਲਾਈ ਪ੍ਰਭਾਵਿਤ ਰਹੇਗੀ। ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਅੱਜ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਿਭਾਗ ਨੂੰ ਨੁਕਸਾਨੀ ਗਈ ਪਾਈਪਲਾਈਨ ਦੀ ਜਲਦੀ ਮੁਰੰਮਤ ਕਰਕੇ ਲੋਕਾਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ।
ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-2 ਮੁਹਾਲੀ ਦੇ ਐਕਸੀਅਨ ਸੁਨੀਲ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸੀਵਰੇਜ ਪਾਈਪਲਾਈਨ ਪਾਏ ਜਾਣ ਦੌਰਾਨ ਦੋ ਦਿਨ ਪਹਿਲਾਂ ਕੁੰਭੜਾ ਟਰੈਫ਼ਿਕ ਲਾਈਨ ਚੌਂਕ ਨੇੜੇ ਪਾਣੀ ਸਪਲਾਈ ਦੀ ਲਾਈਨ ਨੁਕਸਾਨੀ ਗਈ ਸੀ ਅਤੇ ਨਿਗਮ ਦੇ ਸਟਾਫ਼ ਵੱਲੋਂ ਇਸ ਪਾਈਪਲਾਈਨ ਦੀ ਮੁਰੰਮਤ ਕਰਕੇ ਵਾਲਵ ਫਿੱਟ ਕਰ ਕੇ ਪਾਣੀ ਦੀ ਸਪਲਾਈ ਚਾਲੂ ਕੀਤੀ ਗਈ ਲੇਕਿਨ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਹੁਣ ਫੇਜ਼-3ਬੀ2 ਦੇ ਪਿੱਛੇ ਪਾਈਪਲਾਈਨ ਵਿੱਚ ਲੀਕੇਜ ਹੋ ਗਈ ਹੈ। ਜਿਸ ਕਾਰਨ ਪਾਣੀ ਦੀ ਸਪਲਾਈ ’ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨੀ ਵਾਟਰ ਸਪਲਾਈ ਪਾਈਪਲਾਈਨ ਦੀ ਮੁਰੰਮਤ ਦਾ ਕੰਮ ਕਰਨ ਲਈ ਮੰਗਲਵਾਰ ਨੂੰ ਵੀ ਸ਼ਹਿਰ ਦੇ ਕਈ ਹਿੱਸਿਆ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਅਧਿਕਾਰੀ ਨੇ ਦੱਸਿਆ ਕਿ ਪਾਈਪਲਾਈਨ ਦੀ ਮੁਰੰਮਤ ਕਾਰਨ ਇੱਥੋਂ ਦੇ ਫੇਜ਼-3ਬੀ2 ਸਮੇਤ ਫੇਜ਼-8, ਫੇਜ਼-9, ਫੇਜ਼-10 ਅਤੇ ਫੇਜ਼-11 ਵਿੱਚ ਭਲਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਦੱਸਿਆ ਕਿ ਸਵੇਰੇ ਘੱਟ ਪ੍ਰੈੱਸ਼ਰ ਨਾਲ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਦੁਪਹਿਰ ਵੇਲੇ ਬਿਲਕੁਲ ਵੀ ਪਾਣੀ ਸਪਲਾਈ ਨਹੀਂ ਕੀਤਾ ਜਾਵੇਗਾ ਜਦੋਂਕਿ ਸ਼ਾਮ ਨੂੰ ਵੀ ਪਾਣੀ ਦੀ ਉਪਲਬਧਤਾ ਮੁਤਾਬਕ ਹੀ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੁਰੰਮਤ ਕਾਰਜਾਂ ਦੇ ਚੱਲਦਿਆਂ ਉਹ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਅਤੇ ਸੰਜਮ ਨਾਲ ਪਾਣੀ ਦੀ ਵਰਤੋਂ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…