ਉਦਯੋਗਾਂ ਦੀ ਮੰਗ ਅਨੁਸਾਰ ਪਾਣੀ ਦੇ ਖਰਚੇ ਵੀ ਘਟਾਏ ਜਾਣਗੇ: ਅਮਨ ਅਰੋੜਾ

ਪੰਜਾਬ ਦੇ ਟੈਕਸਟਾਈਲ ਵਿੱਚ ਮੋਹਰੀ ਸੂਬਾ ਬਣਨ ਦੀਆਂ ਅਥਾਹ ਸੰਭਾਵਨਾਵਾਂ ਹੋਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ:
ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦੇਸ਼ ਭਰ ਦੇ ਟੈਕਸਟਾਈਲ ਅਤੇ ਐਪਰਲ ਉਤਪਾਦਨ ਵਿੱਚ ਮੋਹਰੀ ਸੂਬਾ ਬਣਨ ਦੀ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਉਦਯੋਗਾਂ ਦਾ ਸਮਰਥਨ ਕਰ ਰਹੀ ਹੈ।
ਅੱਜ ਇੱਥੇ ਇੰਡੀਆ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ‘ਪੰਜਾਬ ਵਿੱਚ ਟੈਕਸਟਾਈਲ-ਨੀਤੀ, ਬੁਨਿਆਦੀ ਢਾਂਚਾ, ਲਿੰਕੇਜ ਅਤੇ ਰੁਝਾਨ’ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਉਦਯੋਗਪਤੀਆਂ ਨੂੰ ਪ੍ਰਸਨਲਾਈਜ਼ਡ ਟਾਸਕ ਫੋਰਸ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਦੱਸਿਆ ਕਿ ਉਦਯੋਗਪਤੀ ਇੱਕ ਟਾਸਕ ਫੋਰਸ ਬਣਾ ਸਕਦੇ ਹਨ, ਜਿਸ ਵਿੱਚ ਉਹ ਆਪਣੀ ਮਰਜ਼ੀ ਅਨੁਸਾਰ ਸਰਕਾਰੀ ਅਧਿਕਾਰੀਆਂ ਨੂੰ ਚੁਣ ਸਕਦੇ ਹਨ ਤਾਂ ਜੋ ਉਨ੍ਹਾਂ ਦੇ ਮਸਲੇ ਛੇਤੀ ਹੱਲ ਕੀਤੇ ਜਾ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਪਾਣੀ ਦੇ ਖਰਚੇ ਵੀ ਘਟਾਏ ਜਾਣਗੇ।
ਅਮਨ ਅਰੋੜਾ ਨੇ ਕਿਹਾ ਕਿ ਇਸ ਸੰਮੇਲਨ ਨਾਲ ਉਦਯੋਗਿਕ ਵਿਕਾਸ ਨੂੰ ਨਵੀਆਂ ਲੀਹਾਂ ’ਤੇ ਲਿਜਾਉਣ ਵਿੱਚ ਮਦਦ ਮਿਲੇਗੀ। ਸਰਕਾਰ ਦੇ ਪਾਰਦਰਸ਼ੀ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਕਾਰਨ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਸਿਰਫ਼ ਸਪੋਰਟਿਵ ਪ੍ਰਣਾਲੀ ਅਤੇ ਅਨੁਕੂਲ ਵਾਤਾਵਰਨ ਚਾਹੀਦਾ ਹੈ ਅਤੇ ਸਰਕਾਰ ਪਹਿਲਾਂ ਹੀ ਉਦਯੋਗਾਂ ਨੂੰ ਸਾਜ਼ਗਾਰ ਮਾਹੌਲ ਅਤੇ ਹੁਨਰਮੰਦ ਕਿਰਤੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਾਰੋਬਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਟੈਕਸਟਾਈਲ ਅਤੇ ਐਪਰਲ ਉਦਯੋਗ ਲਈ ਪ੍ਰਸਿੱਧ ਹਨ ਅਤੇ ਸੂਬੇ ਵਿੱਚ ਟੈਕਸਟਾਈਲ ਅਤੇ ਐਪਰਲ ਦੀਆਂ 1200 ਯੂਨਿਟਾਂ ਵਿੱਚ 1.2 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ’ਤੇ ਰੁਜ਼ਗਾਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਟੈਕਸਟਾਈਲ ਖੇਤਰ ਵਿੱਚ 11 ਪ੍ਰਮੁੱਖ ਵਿਸ਼ੇਸ਼ ਖੋਜ ਸੰਸਥਾਵਾਂ ਹਨ।
ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਐਮਡੀ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਸੂਬੇ ਦੀ ਉਦਯੋਗਿਕ ਨੀਤੀ ਸਮੇਂ ਦੀ ਲੋੜ ਅਨੁਸਾਰ ਤਿਆਰ ਕੀਤੀ ਗਈ ਹੈ। ਪੰਜਾਬ ਲੈਂਡ ਡਿਵੈਲਪਮੈਂਟ ਚਾਰਜਿਜ਼ ਅਤੇ ਸਟੈਂਪ ਡਿਊਟੀ ਚਾਰਜ ਤੋਂ 100 ਫ਼ੀਸਦੀ ਛੋਟ/ਮੁਆਵਜ਼ਾ ਦੇਣ ਤੋਂ ਇਲਾਵਾ ਬਿਜਲੀ ਡਿਊਟੀ ਵਿੱਚ ਛੋਟ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਛੋਟੇ ਤੇ ਦਰਮਿਆਨੇ ਉੱਦਮੀਆਂ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ।
ਇਸ ਮੌਕੇ ਅਮਨ ਅਰੋੜਾ ਨੇ ਪੈਨਲਿਸਟਸ ਐਮਡੀ ਸਨਾਥਨ ਟੈਕਸਟਾਈਲਜ਼ ਪਰੇਸ਼ ਦੱਤਾਨੀ, ਸੀਈਓ ਸਾਵੀ ਐਕਸਪੋਰਟਸ ਮੁਕੂਲ ਵਰਮਾ, ਚੇਅਰਮੈਨ ਸੀਆਈਆਈ ਅਤੇ ਪ੍ਰਧਾਨ ਗੰਗਾ ਐਕਰੋਵੂਲਜ਼ ਅਮਿਤ ਥਾਪਰ ਅਤੇ ਐਮਡੀ ਸਿੰਗੋਰਾ ਟੈਕਸਟਾਈਲਜ਼ ਅਮਿਤ ਜੈਨ ਨੂੰ ਸਨਮਾਨਿਤ ਵੀ ਕੀਤਾ।

Load More Related Articles
Load More By Nabaz-e-Punjab
Load More In General News

Check Also

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ

ਵਫ਼ਾਦਾਰ ਵਰਕਰਾਂ ਦੇ ਮਾਣ-ਸਨਮਾਨ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਸੁਖਬੀਰ ਬਾਦਲ ਮੁਹਾਲੀ ਦੇ ਅਕਾਲੀ ਆ…