nabaz-e-punjab.com

ਮੁਹਾਲੀ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਉਲੰਘਣਾ ਕਰਨ ’ਤੇ ਕੱਟਿਆਂ ਜਾਵੇਗਾ ਕੁਨੈਕਸ਼ਨ

15 ਅਪਰੈਲ ਤੋਂ ਲੈ ਕੇ 30 ਜੂਨ ਤੱਕ ਬਗਿੱਚਿਆਂ ਨੂੰ ਪਾਣੀ ਦੇਣ, ਫਰਸ਼ ਤੇ ਕਾਰਾਂ ਧੌਣ ’ਤੇ ਪਾਬੰਦੀ ਲਾਈ

ਗਰਮੀ ਵਧਣ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਵੀ ਮੰਗ ਵਧੀ, ਪ੍ਰਸ਼ਾਸਨ ਬੇਵੱਸ

ਜਲ ਸਪਲਾਈ ਵਿਭਾਗ ਪਾਣੀ ਦੀ ਦੁਰਵਰਤੋਂ ਰੋਕਣ ਲਈ ਪੱਬਾ ਭਾਰ, 5 ਹਜ਼ਾਰ ਰੁਪਏ ਜੁਰਮਾਨਾ ਵਸੂਲਣ ਦੀ ਗੱਲ ਆਖੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਨਾ ਕੇਵਲ ਜੁਰਮਾਨਾ ਵਸੂਲਿਆ ਜਾਵੇਗਾ, ਸਗੋਂ ਸਬੰਧਤ ਵਿਅਕਤੀ ਦੇ ਘਰ ਤੇ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆਂ ਜਾ ਸਕਦਾ ਹੈ। ਜਲ ਸਪਲਾਈ ਵਿਭਾਗ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ’ਤੇ ਪੂਰੀ ਤਰ੍ਹਾਂ ਸਿਕੰਜਾ ਕੱਸ ਦਿੱਤਾ ਹੈ। ਤਾਜ਼ਾ ਫੈਸਲੇ ਅਨੁਸਾਰ 15 ਅਪਰੈਲ ਤੋਂ ਲੈ ਕੇ 30 ਜੂਨ ਤੱਕ ਸ਼ਹਿਰੀ ਖੇਤਰ ਵਿੱਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਜੇਕਰ ਲਗਾਤਾਰ ਤਿੰਨ ਵਾਰ ਖਪਤਕਾਰ ਪਾਣੀ ਦੀ ਦੁਰਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਵੀ ਵਸੂਲਿਆ ਜਾਵੇਗਾ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮੁਤਾਬਕ ਸ਼ਹਿਰ ਵਿੱਚ ਪਾਣੀ ਦੀ ਪਹਿਲਾਂ ਹੀ ਕਾਫੀ ਥੂੜ ਹੈ ਲੇਕਿਨ ਇਸ ਦੇ ਬਾਵਜੂਦ ਕਈ ਲੋਕਾਂ ਵੱਲੋਂ ਸ਼ਰ੍ਹੇਆਮ ਫਰਸ਼ ਅਤੇ ਕਾਰਾਂ ਧੌਣ ਅਤੇ ਬਗਿੱਚਿਆਂ ਨੂੰ ਪਾਣੀ ਲਗਾ ਕੇ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਗਰਮੀ ਦੇ ਮੌਸਮ ਵਿੱਚ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ 15 ਅਪਰੈਲ ਤੋਂ 30 ਜੂਨ ਤੱਕ ਬਗਿੱਚਿਆਂ ਨੂੰ ਪਾਣੀ ਦੇਣ, ਫਰਸ਼ ਤੇ ਕਾਰਾਂ ਧੌਣ ’ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ। ਇਹੀ ਨਹੀਂ ਟੁਲੂ ਪੰਪ ਰਾਹੀਂ ਪਾਈਪਲਾਈਨ ਤੋਂ ਸਿੱਧੇ ਤੌਰ ’ਤੇ ਪਾਣੀ ਲੈਣ ’ਤੇ ਵੀ ਰੋਕ ਲਗਾਈ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਪਾਣੀ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਅਨਿਲ ਕੁਮਾਰ ਨੇ ਕਿਹਾ ਕਿ ਉਲੰਘਣਾ ਕਰਨ ’ਤੇ ਪਹਿਲੀ ਵਾਰ ਤਾੜਨਾ ਨੋਟਿਸ ਜਾਰੀ ਕੀਤਾ ਜਾਵੇਗਾ, ਦੂਜੀ ਵਾਰ ਪਹਿਲੇ ਨੋਟਿਸ ਦਾ ਹਵਾਲਾ ਦੇ ਕੇ 2 ਹਜ਼ਾਰ ਰੁਪਏ ਜੁਰਮਾਨਾ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜਿਆ ਜਾਵੇਗਾ। ਤੀਜੀ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਪਤਕਾਰ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਸ ਦੇ ਘਰ ਜਾਂ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਖਪਤਕਾਰ ਤੋਂ 5 ਹਜ਼ਾਰ ਰੁਪਏ ਜੁਰਮਾਨਾ ਅਤੇ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਹੀ ਦੁਬਾਰਾ ਕੁਨੈਕਸ਼ਨ ਜੋੜਨ ’ਤੇ ਵਿਚਾਰ ਕੀਤਾ ਜਾਵੇਗਾ।
ਉਧਰ, ਪੰਜਾਬ ਸਰਕਾਰ ਅਤੇ ਗਮਾਡਾ ਦੀ ਕਥਿਤ ਲੇਟ ਲਤੀਫ਼ੀ ਦੇ ਚੱਲਦਿਆਂ ਮੁਹਾਲੀ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਸ਼ਹਿਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਆਬਾਦੀ ਮੁਤਾਬਕ ਮੁਹਾਲੀ ਲਈ 27 ਤੋਂ 30 ਮਿਲੀਅਨ ਗੈਲਨ ਪ੍ਰਤੀ ਦਿਨ ਪਾਣੀ ਦੀ ਲੋੜ ਹੈ ਪ੍ਰੰਤੂ ਮੁਹਾਲੀ ਪ੍ਰਸ਼ਾਸਨ ਕੋਲ ਸਿਰਫ਼ 13.4 ਮਿਲੀਅਨ ਗੈਲਨ ਪਾਣੀ ਹੀ ਉਪਲਬਧ ਹੈ। ਜਿਸ ਵਿੱਚ 10 ਮਿਲੀਅਨ ਗੈਲਨ ਨਹਿਰੀ ਪਾਣੀ ਅਤੇ ਟਿਊਬਵੈੱਲਾਂ ਤੋਂ 3.4 ਮਿਲੀਅਨ ਗੈਲਨ ਪਾਣੀ ਪ੍ਰਾਪਤ ਹੋ ਰਿਹਾ ਹੈ, ਜੋ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਾਫ਼ੀ ਘੱਟ ਹੈ।
ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਛੇ ਸਾਲ ਪਹਿਲਾਂ ਗਮਾਡਾ ਦੇ ਉੱਚ ਅਧਿਕਾਰੀਆਂ ਨੇ ਹਾਈ ਕੋਰਟ ਵਿੱਚ ਜੁਲਾਈ 2013 ਵਿੱਚ ਇੱਕ ਹਲਫ਼ਨਾਮਾ ਦਾਇਰ ਕਰਕੇ ਆਖਿਆ ਸੀ ਕਿ ਮੁਹਾਲੀ ਵਿੱਚ ਅਗਲੇ ਦੋ ਸਾਲਾਂ ਦੇ ਅੰਦਰ ਅੰਦਰ ਪਾਣੀ ਦੀ ਘਾਟ ਪੂਰੀ ਕੀਤੀ ਜਾਵੇਗੀ। ਇਸ ਸਬੰਧੀ ਗਮਾਡਾ ਨੇ ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਲਈ 80 ਐਮਜੀਡੀ ਪਾਣੀ ਦੀ ਪਾਈਪਲਾਈਨ ਪਾਉਣ ਦੀ ਗੱਲ ਆਖੀ ਸੀ। ਲੇਕਿਨ ਹਾਲੇ ਤੱਕ ਪਾਣੀ ਦਾ ਸੰਕਟ ਜਿਊ ਦਾ ਤਿਊ ਬਰਕਰਾਰ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਭਾਵੇਂ ਗਮਾਡਾ ਨੇ ਲੋੜੀਂਦੀ ਪਾਈਪਲਾਈਨ ਪਾ ਦਿੱਤੀ ਹੈ ਪ੍ਰੰਤੂ ਅਜੇ ਤਾਈਂ ਟਰੀਟਮੈਂਟ ਪਲਾਂਟ ਨਹੀਂ ਬਣਾਇਆ ਗਿਆ। ਗਮਾਡਾ ਦੀ ਸੁਸਤ ਚਾਲ ਨੂੰ ਦੇਖਦਿਆਂ ਐਤਕੀਂ ਗਰਮੀਆਂ ਵਿੱਚ ਲੋੜ ਅਨੁਸਾਰ ਪਾਣੀ ਦੀ ਸਪਲਾਈ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀ ਵਧਣ ਦੇ ਨਾਲ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਮੰਗ ਵੀ ਵਧ ਗਈ ਹੈ ਪ੍ਰੰਤੂ ਗਮਾਡਾ, ਨਗਰ ਨਿਗਮ ਅਤੇ ਵਾਟਰ ਸਪਲਾਈ ਵਿਭਾਗ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਵਿੱਚ ਫੇਲ ਸਾਬਤ ਹੋ ਰਹੇ ਹਨ। ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਮੁਹਾਲੀ ਵਿੱਚ ਧਰਤੀ ਹੇਠਲਾ ਪਾਣੀ ਕਾਫੀ ਡੂੰਘਾ ਚਲਾ ਗਿਆ ਹੈ। ਜਿਸ ਕਾਰਨ ਟਿਊਬਵੈੱਲ ਵੀ ਜਵਾਬ ਦਿੰਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਮਾਡਾ ਦੇ ਟਿਊਬਵੈੱਲਾਂ ਦੀ ਮਸ਼ੀਨਰੀ ਕਾਫੀ ਪੁਰਾਣੀ ਹੋਣ ਕਾਰਨ ਕੰਡਮ ਹੋ ਗਈ ਹੈ। ਹੁਣ ਸਿਰਫ਼ ਨਹਿਰੀ ਪਾਣੀ ’ਤੇ ਹੀ ਟੇਕ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…