ਪਾਣੀ ਸੰਕਟ: ਵਿਧਾਇਕ ਕੁਲਵੰਤ ਸਿੰਘ ਨੇ ਆਪਣੀ ਟੀਮ ਨਾਲ ਕਜੌਲੀ ਵਾਟਰ ਪ੍ਰਾਜੈਕਟ ਦਾ ਦੌਰਾ ਕੀਤਾ

ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ:
ਪਿਛਲੇ ਦਿਨੀਂ ਹੋਈ ਤੇਜ਼ ਬਾਰਸ਼ ਕਾਰਨ ਮੁਹਾਲੀ ਵਾਸੀ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਬੁੱਧਵਾਰ ਨੂੰ ਆਪਣੀ ਟੀਮ ਨਾਲ ਕਜੌਲੀ ਵਾਟਰ ਵਰਕਸ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਕਜੌਲੀ ਵਿੱਚ ਮੁਹਾਲੀ ਅਤੇ ਚੰਡੀਗੜ੍ਹ ਲਈ ਪਾਣੀ ਪ੍ਰਾਜੈਕਟ ਦੇ ਆਲੇ ਦੁਆਲੇ ਹਜ਼ਾਰਾਂ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਹੈ ਅਤੇ ਇਸ ਪ੍ਰਾਜੈਕਟ ਦੁਆਲੇ ਉਸਾਰੀ ਕੰਧ ਤੋਂ ਸਿਰਫ਼ ਇਕ ਫੁੱਟ ਦਾ ਫਰਕ ਰਹਿ ਜਾਣ ਕਾਰਨ ਵੱਡਾ ਖ਼ਤਰਾ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਹੋਰ ਬਾਰਸ਼ ਹੋ ਜਾਂਦੀ ਹੈ ਤਾਂ ਗੰਦਾ ਪਾਣੀ ਨਹਿਰੀ ਪਾਣੀ ਵਿੱਚ ਰਲ ਜਾਣਾ ਸੀ, ਜਿਸ ਨਾਲ ਚੰਡੀਗੜ੍ਹ ਤੇ ਮੁਹਾਲੀ ਲਈ ਹੋਰ ਜਲ ਸੰਕਟ ਪੈਦਾ ਹੋਣ ਦਾ ਖ਼ਦਸ਼ਾ ਸੀ।
ਇਸ ਮੌਕੇ ਵਾਟਰ ਸਪਲਾਈ ਵਿਭਾਗ ਦੇ ਐਸਈ ਅਨਿਲ ਕੁਮਾਰ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਭੁੱਖੜੀ ਕੋਲ ਸੀਸਵਾਂ ਨਦੀ ਦਾ ਵਹਾਅ ਬਦਲਣ ਕਾਰਨ ਪੁਲ ਨੇੜੇ ਟੈਂਕਰ ਉਲਟਣ ਨਾਲ ਫੇਜ਼-1 ਅਤੇ ਫੇਜ਼-3 ਪਾਈਪਲਾਈਨ ਟੁੱਟ ਗਈ ਅਤੇ ਸਿਸਵਾਂ ਤੇ ਕੁਰਾਲੀ ਵੱਲੋਂ ਆ ਰਹੀਆਂ ਨਦੀਆਂ ਦਾ ਗੰਦਾ ਪਾਣੀ ਪਾਈਪ ਲਾਈਨਾਂ ਵਿੱਚ ਪੈ ਗਿਆ। ਜਿਸ ਕਾਰਨ ਦੋਵੇਂ ਸ਼ਹਿਰਾਂ ਵਿੱਚ ਗੰਦਾ ਪਾਣੀ ਆਉਣ ਲੱਗ ਪਿਆ। ਇਸ ਨਾਲ ਮੁਹਾਲੀ ਵਿੱਚ ਕਾਫ਼ੀ ਹੱਲ ਮਚ ਗਿਆ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਅਧਿਕਾਰੀਆਂ ਨੂੰ ਮੌਜੂਦਾ ਹਾਲਾਤਾਂ ਨੂੰ ਜਲਦੀ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਤੱਕ ਪਾਣੀ ਦੀ ਸਪਲਾਈ ਠੀਕ ਹੋ ਜਾਵੇਗੀ ਅਤੇ ਲੋਕਾਂ ਨੂੰ ਥੋੜਾ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਜੌਲੀ ਵਾਟਰ ਪ੍ਰਾਜੈਕਟ ਦੇ ਆਲੇ ਦੁਆਲੇ ਸਿਸਵਾਂ ਤੇ ਹੋਰ ਨਦੀਆਂ ਦੇ ਆਏ ਪਾਣੀ ਦਾ ਵੀ ਜਾਇਜ਼ਾ ਲਿਆ ਤੇ ਦੇਖਿਆ ਕਿ ਹੁਣ ਪਾਣੀ ਬਹੁਤ ਹੇਠਾਂ ਉੱਤਰ ਗਿਆ ਹੈ ਅਤੇ ਪ੍ਰਾਜੈਕਟ ਨੂੰ ਹੁਣ ਕੋਈ ਖਤਰਾ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਅਤੇ ਬਾਕੀ ਸਟਾਫ਼ ਦੀ ਵੀ ਪ੍ਰਸੰਸਾ ਕੀਤੀ, ਜਿਨ੍ਹਾਂ ਨੇ ਕਈ ਥਾਵਾਂ ’ਤੇ ਖ਼ੁਦ ਬੰਨ੍ਹ ਮਾਰ ਕੇ ਪਾਣੀ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਹੈ।
ਇਸ ਮੌਕੇ ਐਸਈ ਵਾਟਰ ਸਪਲਾਈ ਅਨਿਲ ਕੁਮਾਰ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਆਪ ਵਲੰਟੀਅਰ ਰਾਜੀਵ ਵਸ਼ਿਸ਼ਟ, ਆਰਪੀ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਡਾ. ਕੁਲਦੀਪ ਸਿੰਘ, ਤਰਨਜੀਤ ਸਿੰਘ, ਐੱਸਡੀਓ ਈਮਾਨਵੀਰ ਸਿੰਘ ਮਾਨ, ਡਾ ਕੁਲਦੀਪ ਸਿੰਘ, ਬਲਜੀਤ ਸਿੰਘ ਹੈਪੀ, ਹਰਪਾਲ ਸਿੰਘ ਚੰਨਾ, ਜਗਦੇਵ ਸ਼ਰਮਾ ਮਟੌਰ ਤੇ ਗੌਵੀ ਮਾਵੀ ਵੀ ਹਾਜ਼ਰ ਸਨ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…