nabaz-e-punjab.com

ਜਲ ਨਿਕਾਸੀ: ਮੁਹਾਲੀ ਵਿੱਚ ਕਾਜਵੇਅ ਬਣਾਉਣ ਦਾ ਕੰਮ ਲਮਕਿਆ, ਲੋਕਾਂ ’ਚ ਰੋਸ

ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਤੇ ਫੇਜ਼-4 ਦੇ ਵਸਨੀਕਾਂ ਵੱਲੋਂ ਰੋਸ ਮੁਜ਼ਾਹਰਾ, ਮੇਅਰ ਨੂੰ ਜ਼ਿੰਮੇਵਾਰ ਠਹਿਰਾਇਆ
ਸ਼ਹਿਰ ਵਿੱਚ ਕਾਜਵੇਅ ਨਾ ਬਣਾਉਣ ਲਈ ਇਕੱਲਾ ਮੇਅਰ ਜ਼ਿੰਮੇਵਾਰ ਨਹੀਂ: ਭਾਜਪਾ ਕੌਂਸਲਰ ਅਰੁਣ ਸ਼ਰਮਾ
ਕੁਲਜੀਤ ਬੇਦੀ ਨੇ ਡੀਸੀ ਨੂੰ ਲਿਖਿਆ ਪੱਤਰ, ਅਦਾਲਤ ਦਾ ਬੂਹਾ ਖੜਕਾਉਣ ਦੀ ਦਿੱਤੀ ਚਿਤਾਵਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਪੰਜਾਬ ਵਿੱਚ ਭਾਵੇਂ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਪ੍ਰੰਤੂ ਸ਼ਹਿਰ ਵਾਸੀਆਂ ਨੂੰ ਹੜ੍ਹਾਂ ਦੇ ਸੰਭਾਵੀ ਖ਼ਤਰੇ ਤੋਂ ਬਚਾਉਣ ਲਈ ਅਜੇ ਤਾਈਂ ਕਾਜਵੇਅ ਬਣਾਉਣ ਦਾ ਕੰਮ ਸ਼ੁਰੂ ਹੋ ਸਕਿਆ। ਇੱਥੋਂ ਦੇ ਫੇਜ਼-4 ਵਿੱਚ ਕਾਜਵੇਅ ਨਾ ਬਣਾਉਣ ਦੇ ਖ਼ਿਲਾਫ਼ ਐਤਵਾਰ ਨੂੰ ਅਕਾਲੀ ਕੌਂਸਲਰ ਕੁਲਦੀਪ ਕੌਰ ਕੰਗ ਦੀ ਅਗਵਾਈ ਹੇਠ ਸਥਾਨਕ ਵਸਨੀਕਾਂ ਨੇ ਨਗਰ ਨਿਗਮ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਸ ਸੜਕ ’ਤੇ ਪਿਛਲੇ ਇੱਕ ਹਫ਼ਤੇ ਤੋਂ ਆਵਾਜਾਈ ਵੀ ਪੂਰੀ ਤਰ੍ਹਾਂ ਠੱਪ ਪਈ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬੀਬੀ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਜਲ ਨਿਕਾਸੀ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ। ਇਸ ਪ੍ਰਾਜੈਕਟ ਲਈ ਉਨ੍ਹਾਂ ਮੇਅਰ ਕੁਲਵੰਤ ਸਿੰਘ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮੁੱਦਾ ਚੁੱਕਦੇ ਆ ਰਹੇ ਹਨ ਲੇਕਿਨ ਮੇਅਰ ਉਨ੍ਹਾਂ ਨੂੰ ਗੱਲ ਨੂੰ ਹਾਸੇ ਵਿੱਚ ਟਾਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਕਾਰਵਾਈ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਪ੍ਰਸ਼ਾਸਨ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅੱਜ ਉਹ ਦਿਨ ਵਿੱਚ ਸਥਾਨਕ ਲੋਕਾਂ ਨੂੰ ਆਪਣੇ ਨਾਲ ਲੈ ਕੇ ਕਮਿਸ਼ਨਰ ਨੂੰ ਮਿਲਣਗੇ। ਜੇਕਰ ਤੁਰੰਤ ਕਾਜਵੇਅ ਬਣਾਉਣ ਦਾ ਕੰਮ ਸ਼ੁਰੂ ਨਹੀਂ ਹੋਇਆ ਤਾਂ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਜਾਵੇਗਾ।
ਉਧਰ, ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਜਲ ਨਿਕਾਸੀ ਲਈ ਸ਼ਹਿਰ ਵਿੱਚ ਕਾਜਵੇਅ ਨਾ ਬਣਾਉਣ ਲਈ ਇਕੱਲੇ ਮੇਅਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਅਰ ਨੇ ਮੀਟਿੰਗ ਵਿੱਚ ਕਾਜਵੇਅ ਬਣਾਉਣ ਦਾ ਮਤਾ ਪਾਸ ਕਰਕੇ ਸਬੰਧਤ ਇਲਾਕਿਆਂ ਦਾ ਦੌਰਾ ਕਰਕੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉਨ੍ਹਾਂ ਮੰਗ ਕੀਤੀ ਕਿ ਕਾਜਵੇਅ ਨਾ ਬਣਾਏ ਜਾਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਸੱਕ ਹੈ ਕਿ ਮੇਅਰ ਨੂੰ ਬਦਨਾਮ ਕਰਨ ਲਈ ਅਧਿਕਾਰੀਆਂ ਅਤੇ ਸਬੰਧਤ ਸਟਾਫ਼ ਵੱਲੋਂ ਇਸ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ ਜਾਂ ਅਧਿਕਾਰੀਆਂ ’ਤੇ ਕਿਸੇ ਕਿਸਮ ਦਾ ਸਿਆਸੀ ਦਬਾਅ ਵੀ ਹੋ ਸਕਦਾ ਹੈ ਤਾਂ ਜੋ ਸ਼ਹਿਰ ਵਿੱਚ ਜਲ ਨਿਕਾਸੀ ਦੀ ਸਮੱਸਿਆ ਲਈ ਮੇਅਰ ਨੂੰ ਜ਼ਿੰਮੇਵਾਰ ਠਹਿਰਾ ਕੇ ਬਦਨਾਮ ਕੀਤਾ ਜਾ ਸਕੇ।
ਉਧਰ, ਕੌਂਸਲਰ ਕੁਲਜੀਤ ਸਿੰਘ ਬੇਦੀ ਦਾ ਕਹਿਣਾ ਹੈ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰ ਵਾਸੀ ਦਹਿਸ਼ਤ ਦੇ ਸਾਏ ਵਿੱਚ ਹੇਠ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਾਰਸ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋਣ ਕਾਰਨ ਭਾਰੀ ਤਬਾਹੀ ਹੋਈ ਸੀ ਅਤੇ ਫੇਜ਼-3ਬੀ2 ਦੇ ਇੱਕ ਕੋਨੇ ਵਿੱਚ ਬਣੀ ਦੀਵਾਰ ਤੋੜ ਕੇ ਪਾਣੀ ਬਾਹਰ ਕੱਢਣਾ ਪਿਆ ਸੀ ਲੇਕਿਨ ਪਿਛਲੇ ਸਮਿਆਂ ਦੀ ਗਲਤੀਆਂ ਅਤੇ ਖ਼ਾਮੀਆਂ ਤੋਂ ਨਗਰ ਨਿਗਮ ਨੇ ਸਬਕ ਨਹੀਂ ਲਿਆ ਹੈ। ਉਨ੍ਹਾਂ ਡੀਸੀ ਮੁਹਾਲੀ ਨੂੰ ਪੱਤਰ ਲਿਖ ਕੇ ਕਿਹਾ ਕਿ ਜੇਕਰ ਇਸ ਸਾਲ ਬਰਸਾਤੀ ਪਾਣੀ ਕਾਰਨ ਲੋਕਾਂ ਦਾ ਨੁਕਸਾਨ ਹੋਇਆ ਤਾਂ ਉਹ ਮੁਹਾਲੀ ਪ੍ਰਸ਼ਾਸਨ ਨੂੰ ਨਿੱਜੀ ਤੌਰ ’ਤੇ ਪਾਰਟੀ ਬਣਾ ਕੇ ਅਦਾਲਤ ਦਾ ਬੂਹਾ ਖੜਕਾਉਣਗੇ ਅਤੇ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਪੁਲੀਸ ਕੇਸ ਦਰਜ ਕਰਨ ਦੀ ਗੁਹਾਰ ਲਗਾਉਣਗੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਪੇ-ਪੈਰਿਟੀ ਦੇ ਮੁੱਦੇ ’ਤੇ ਕੀ…