nabaz-e-punjab.com

ਪਾਣੀ ਦੀ ਨਿਕਾਸੀ: ਚੰਨੀ ਨੇ ਮੁਹਾਲੀ ਤੇ ਫਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਜੈਅੰਤੀ ਦੀ ਰਾਓ\ਪਟਿਆਲਾ ਦੀ ਰਾਓ ਦੀ ਨਿਸ਼ਾਨਦੇਹੀ ਕਰਕੇ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ

ਅਧਿਕਾਰੀਆਂ ਨੂੰ ਦੋ ਦਿਨਾਂ ਵਿੱਚ ਪਾਈਪਲਾਈਨ ਪਾਉਣ ਸਬੰਧੀ ਐਸਟੀਮੇਟ ਤਿਆਰ ਕਰਨ ਨੂੰ ਕਿਹਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਪੰਜਾਬ ਦੇ ਤਕਨੀਕੀ ਸਿੱਖਿਆ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜ਼ਿਲ੍ਹਾ ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਗੰਦੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਠੋਸ ਕਦਮ ਚੁੱਕਣ ਦੇ ਆਦੇਸ਼ ਦਿੱਤੇ ਤਾਂ ਜੋ ਇਲਾਕੇ ਵਿੱਚ ਬਿਮਾਰੀ ਫੈਲਣ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਰਬਾਦ ਹੋਣ ਤੋਂ ਰੋਕਿਆ ਜਾ ਸਕੇ।
ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਸ਼ੁਰੂ ਹੋਈ ਇਹ ਮੀਟਿੰਗ ਦੇਰ ਸ਼ਾਮ ਤੱਕ ਚੱਲੀ। ਜਿਸ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਫਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਮੁਹਾਲੀ ਦੀ ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਖਰੜ ਦੇ ਐਸਡੀਐਮ ਹਿਮਾਸ਼ੂ ਜੈਨ, ਫਤਹਿਗੜ੍ਹ ਸਾਹਿਬ ਦੇ ਐਸਡੀਐਮ ਸੰਜੀਵ ਕੁਮਾਰ, ਬੀਡੀਪੀਓ ਖਰੜ ਹਿਤੇਨ ਕਪਲਾ ਸਮੇਤ ਨਹਿਰੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਚੰਨੀ ਨੇ ਨੇੜਲੇ ਪਿੰਡਾਂ ਦੇ ਖੇਤਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੀਟਿੰਗ ਵਿੱਚ ਹਾਜ਼ਰ ਦੋਵੇਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਇਲਾਕਿਆਂ ’ਚੋਂ ਲੰਘਦੀਆਂ ਜੈਅੰਤੀ ਦੀ ਰਾਓ ਅਤੇ ਪਟਿਆਲਾ ਦੀ ਰਾਓ ਸਮੇਤ ਹੋਰ ਨਦੀਆਂ ਨਾਲਿਆਂ ਦਾ ਸਰਵੇ ਕਰਕੇ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਇਹ ਪਤਾ ਲਗਾਇਆ ਜਾਵੇਗਾ ਕਿ ਕਿੰਨੀਆਂ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਮੰਤਰੀ ਨੇ ਇਹ ਵੀ ਕਿਹਾ ਕਿ ਜਿੱਥੇ ਕਿਤੇ ਵੀ ਨਾਜਾਇਜ਼ ਕਬਜ਼ੇ ਹੋਏ ਹਨ, ਉਨ੍ਹਾਂ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਕਬਜ਼ੇ ਹਟਾਏ ਜਾਣ।
ਮੰਤਰੀ ਨੇ ਕਿਹਾ ਕਿ ਖਰੜ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਨਿਆਂ ਸ਼ਹਿਰ ਬਡਾਲਾ ਤੋਂ ਅੱਗੇ ਪਾਣੀ ਦੀ ਨਿਕਾਸੀ ਲਈ ਨਵੀਂ ਪਾਈਪਲਾਈਨ ਪਾਈ ਜਾਵੇ ਅਤੇ ਇਸ ਸਬੰਧੀ ਦੋ ਦਿਨਾਂ ਦੇ ਅੰਦਰ ਅੰਦਰ ਸਰਵੇ ਕਰਕੇ ਐਸਟੀਮੇਟ ਬਣਾ ਕੇ ਦਿੱਤਾ ਜਾਵੇ ਤਾਂ ਜੋ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੇ ਫੰਡਾਂ ਦੀ ਵਿਵਸਥਾ ਕੀਤੀ ਜਾ ਸਕੇ। ਸ੍ਰੀ ਚੰਨੀ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਆਪਸੀ ਤਾਲਮੇਲ ਕਰਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਕਿਸਾਨ ਜਾਂ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਜਾਣਕਾਰੀ ਅਨੁਸਾਰ ਖਰੜ ਨਗਰ ਕੌਂਸਲ ਨੇ ਖਰੜ ਸ਼ਹਿਰ ਅਤੇ ਨਿਆਂ ਸ਼ਹਿਰ-ਬਡਾਲਾ ਦੇ ਸੀਵਰੇਜ ਦਾ ਗੰਦਾ ਪਾਣੀ ਖੁੱਲ੍ਹਾ ਛੱਡ ਦਿੱਤਾ ਹੈ। ਜਿਸ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ, ਉੱਥੇ ਪਿੰਡਾਂ ਵਿੱਚ ਬਦਬੂ ਫੈਲ ਗਈ ਹੈ। ਅਧਿਕਾਰੀਆਂ ਨੇ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਨਿਆਮੀਆਂ ਦੇ ਵਸਨੀਕਾਂ ਨੇ ਆਪਣੀ ਹੱਦ ਵਿੱਚ ਪਾਣੀ ਦਾਖ਼ਲ ਹੋਣ ਤੋਂ ਰੋਕਣ ਲਈ ਨਿਕਾਸੀ ਪੁਲੀ ’ਤੇ ਨੱਕਾ ਲਗਾ ਕੇ ਬੰਦ ਕਰ ਦਿੱਤੀ ਹੈ। ਜਿਸ ਕਾਰਨ ਗੰਦਾ ਪਾਣੀ ਪਿੰਡ ਮਜਾਤੜੀ ਅਤੇ ਪੋਪਨਿਆਂ ਦੇ ਖੇਤਾਂ ਵਿੱਚ ਇਕੱਠਾ ਹੋ ਗਿਆ ਹੈ। ਇਸ ਨਾਲ ਨੇੜਲੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਵੀ ਖ਼ਰਾਬ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੀੜਤ ਕਿਸਾਨ ਬੰਦੀ ਕੀਤੀ ਪੁਲੀ ਦਾ ਨੱਕਾ ਖੋਲ੍ਹਣ ਦਾ ਯਤਨ ਕਰਦੇ ਹਨ ਤਾਂ ਉੱਥੇ ਲੜਾਈ ਝਗੜਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅਧਿਕਾਰੀ ਬੰਦ ਕੀਤੀ ਪੁਲੀ ਖੋਲ੍ਹਣ ਗਏ ਸੀ ਲੇਕਿਨ ਨਿਆਮੀਆਂ ਪਿੰਡ ਦੇ ਲੋਕਾਂ ਦੇ ਵਿਰੋਧ ਕਾਰਨ ਉੱਥੇ ਅਮਨ ਕਾਨੂੰਨ ਭੰਗ ਹੋਣ ਦਾ ਖ਼ਦਸ਼ਾ ਸੀ। ਜਿਸ ਕਾਰਨ ਟੀਮ ਨੂੰ ਬਿਨਾਂ ਕਾਰਵਾਈ ਤੋਂ ਵਾਪਸ ਆਉਣਾ ਪਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਮਜਾਤੜੀ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ, ਕੁਲਵੰਤ ਸਿੰਘ ਗੋਸਲ, ਨੰਬਰਦਾਰ ਗੁਰਿੰਦਰ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਸਤਵੀਰ ਸਿੰਘ, ਜਵਾਲਾ ਸਿੰਘ, ਜਤਿੰਦਰ ਸਿੰਘ, ਭਾਗ ਸਿੰਘ, ਜਸਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਜਾਤੜੀ ਅਤੇ ਪੋਪਨਿਆਂ ਦੀ ਕਰੀਬ 20-22 ਏਕੜ ਵਿੱਚ ਲੱਗੀ ਕਣਕ, ਗੰਨਾ, ਹਰਾ ਚਾਰਾ ਤਹਿਸ-ਨਹਿਸ ਹੋ ਗਈਆਂ ਹਨ ਅਤੇ ਸੀਵਰੇਜ ਦਾ ਪਾਣੀ ਖੜਾ ਹੋਣ ਕਾਰਨ ਪੇਂਡੂ ਖੇਤਰ ਵਿੱਚ ਬਦਬੂ ਫੈਲ ਰਹੀ ਹੈ ਅਤੇ ਪਿੰਡਾਂ ਦੇ ਲੋਕਾਂ ਨੇ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…