
ਸ਼ਮਸ਼ਾਨਘਾਟ ਦੇ ਲਾਕਰਾਂ ਵਿੱਚ ਰੁਲ ਰਹੀਆਂ 20 ਅਸਥੀਆਂ ਨੂੰ ਕੀਤਾ ਜਲ ਪ੍ਰਵਾਹ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਅਰਦਾਸ ਕਰਕੇ ਕੀਤਾ ਅਸਥੀਆਂ ਨੂੰ ਕੀਰਤਪੁਰ ਸਾਹਿਬ ਰਵਾਨਾ
ਸ਼ਮਸ਼ਾਨਘਾਟ ਦੇ ਲਾਕਰਾਂ ਵਿੱਚ ਪਈਆਂ ਸਨ ਕਰੋਨਾ ਦੌਰਾਨ ਫੌਤ ਹੋਏ ਮਰੀਜ਼ਾਂ ਦੀਆਂ ਦੋ ਸਾਲ ਪੁਰਾਣੀਆਂ ਅਸਥੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਇੱਥੋਂ ਦੇ ਵਾਰਡ ਨੰਬਰ-14 ਦੇ ਕੌਂਸਲਰ ਕਮਲਜੀਤ ਸਿੰਘ ਬਨੀ ਅਤੇ ਜੁਗਨੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਦੇ ਸਾਂਝੇ ਯਤਨਾਂ ਸਦਕਾ ਦੋ ਸਾਲ ਤੋਂ ਮੁਹਾਲੀ ਦੇ ਸ਼ਮਸ਼ਾਨਘਾਟ ਦੇ ਲਾਕਰ ਵਿੱਚ ਪਈਆਂ ਕਰੋਨਾ ਕਾਲ ਵਿੱਚ ਮਾਰੇ ਗਏ ਲੋਕਾਂ ਦੀਆਂ ਅਸਥੀਆਂ ਨੂੰ ਅੱਜ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸ਼ਮਸ਼ਾਨਘਾਟ ਵਿਖੇ ਪੁੱਜੇ ਅਤੇ ਅਰਦਾਸ ਕਰ ਕੇ ਇਨ੍ਹਾਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਭੇਜਿਆ ਗਿਆ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਕਰੋਨਾ ਦੀ ਬੀਮਾਰੀ ਦੇ ਕਾਰਨ ਮਰੇ ਲੋਕਾਂ ਦੀਆਂ ਅਸਥੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਤੱਕ ਲੈ ਕੇ ਨਹੀਂ ਗਏ। ਉਨ੍ਹਾਂ ਦਵਿੰਦਰ ਸਿੰਘ ਜੁਗਨੀ ਅਤੇ ਕੌਂਸਲਰ ਕਮਲਪ੍ਰੀਤ ਬਨੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਬਦੌਲਤ ਇਨ੍ਹਾਂ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਜਾ ਰਿਹਾ ਹੈ ਅਤੇ ਆਪਣੇ ਬਜ਼ੁਰਗਾਂ ਜਾਂ ਬੱਚਿਆਂ ਦੀਆਂ ਅਸਥੀਆਂ ਤੱਕ ਨਾ ਲਿਜਾਉਣ ਵਾਲੇ ਲੋਕਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਇਹ ਸਭ ਤੋਂ ਵੱਡੀ ਸਮਾਜ ਸੇਵਾ ਹੈ ਕਿ ਅਜਿਹੇ ਲੋਕਾਂ ਦੀਆਂ ਅਸਥੀਆਂ ਨੂੰ ਅੱਜ ਜਲ ਪ੍ਰਵਾਹ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਅਸਥੀਆਂ ਦੀ ਬੇਅਦਬੀ ਨਾ ਹੋਵੇ।
ਇਸ ਮੌਕੇ ਕੌਂਸਲਰ ਕਮਲਪ੍ਰੀਤ ਬਨੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਮਸ਼ਾਨਘਾਟ ਦੇ ਕਰਮਚਾਰੀਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕਰੋਨਾ ਕਾਲ ਵਿੱਚ ਮਰੇ ਲੋਕਾਂ ਅਤੇ ਕੁਝ ਹਾਦਸਿਆਂ ਵਿੱਚ ਮਰੇ ਲੋਕਾਂ ਦੀਆਂ ਅਸਥੀਆਂ ਇੱਥੇ ਸ਼ਮਸ਼ਾਨਘਾਟ ਦੇ ਲਾਕਰਾਂ ਵਿਚ ਰੁਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੁਗਨੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਅਤੇ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਅੱਜ ਉਹ ਇਨ੍ਹਾਂ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਲੈ ਕੇ ਜਾ ਰਹੇ।
ਜੁਗਨੀ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਇਹ ਬੜੀ ਦੁਖਦਾਈ ਗੱਲ ਹੈ ਕਿ ਇਨ੍ਹਾਂ ਅਸਥੀਆਂ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਕਰਮਚਾਰੀਆਂ ਦੀਆਂ ਵੀ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਕੁਝ ਸਮੇਂ ਲਈ ਇਨ੍ਹਾਂ ਅਸਥੀਆਂ ਨੂੰ ਇੱਥੇ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਸਥੀਆਂ ਦੀਆਂ ਥੈਲੀਆਂ ਉੱਪਰ ਕਿਸੇ ਦਾ ਨਾਮ ਲਿਖਿਆ ਹੋਇਆ ਹੈ ਉਨ੍ਹਾਂ ਦੇ ਨਾਂ ਦੀ ਪਰਚੀ ਕੀਰਤਪੁਰ ਸਾਹਿਬ ਵਿਖੇ ਕਟਵਾਈ ਜਾਵੇਗੀ ਅਤੇ ਸ਼ਮਸ਼ਾਨਘਰ ਦੇ ਕਰਮਚਾਰੀਆਂ ਨੂੰ ਦੇ ਦਿੱਤੀ ਜਾਵੇਗੀ ਤਾਂ ਜੋ ਜੇਕਰ ਭਵਿੱਖ ਵਿੱਚ ਕੋਈ ਇਨ੍ਹਾਂ ਦਾ ਆਪਣਾ ਇੱਥੇ ਆਉਂਦਾ ਹੈ ਤਾਂ ਉਸ ਨੂੰ ਇਸ ਦਾ ਪਤਾ ਲੱਗਾ ਕਿ ਉਨ੍ਹਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਕਮਲਜੀਤ ਸਿੰਘ, ਪੁਸ਼ਪਿੰਦਰ ਸਿੰਘ ਕੰਵਰ ਅਤੇ ਪ੍ਰਿੰਸ ਵਰਮਾ ਵੀ ਉਨ੍ਹਾਂ ਦੇ ਨਾਲ ਸਨ।