
ਪੰਜਾਬ ਸਰਕਾਰ ਦੀਆਂ ਜਲ ਸਪਲਾਈ ਤੇ ਸੈਨੀਟੇਸ਼ਨ ਸਕੀਮਾਂ ਨੇ ਪਿੰਡਾਂ ਦੀ ਬਦਲੀ ਨੁਹਾਰ
2 ਕਰੋੜ ਦੀ ਲਾਗਤ ਨਾਲ 12518 ਘਰਾਂ ਲਈ ਉਸਾਰੇ ਗਏ ਪਖਾਨੇ, 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਪੱੁਜਾ ਸਿੱਧਾ ਲਾਭ
26 ਪਿੰਡਾਂ ਵਿੱਚ ਸਾਂਝੇ ਪਖਾਨੇ ਨਿਰਮਾਣ ਅਧੀਨ, 7 ਪਿੰਡਾਂ ਵਿੱਚ ਚੱਲ ਰਿਹਾ ਹੈ ਸੋਲਿਡ ਫਰੀ ਸੀਵਰੇਜ ਸਿਸਟਮ
ਤਿੰਨ ਬਲਾਕਾਂ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਬਣਾਏ ਜਾ ਰਹੇ ਹਨ ਕੰਪੋਸਟ ਪਿੱਟ, ਪਿੰਡਾਂ ਦੀਆਂ ਧੀਆਂ ਨੂੰ ਵੱਡੀ ਰਾਹਤ: ਸਰਪੰਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਪੰਜਾਬ ਸਰਕਾਰ ਦੀਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਸਕੀਮਾਂ ਨੇ ਪਿੰਡਾਂ ਦੀ ਨੁਹਾਰ ਬਦਲੀ ਹੈ। ਜ਼ਿਲ੍ਹੇ ਦੇ 12518 ਘਰਾਂ ਲਈ 2 ਕਰੋੜ ਰੁਪਏ ਦੀ ਲਾਗਤ ਨਾਲ ਪਖਾਨੇ ਉਸਾਰੇ ਗਏ। ਇਸ ਉਪਰਾਲੇ ਦਾ 50 ਹਜ਼ਾਰ ਤੋਂ ਵੱਧ ਪੇਂਡੂ ਲੋਕਾਂ ਨੂੰ ਸਿੱਧਾ ਲਾਭ ਪਹੁੰਚਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ 26 ਪਿੰਡਾਂ ਵਿਚ ਸਾਂਝੇ ਪਖਾਨੇ ਨਿਰਮਾਣ ਅਧੀਨ ਹਨ। 7 ਪਿੰਡਾਂ ਵਿਚ ਸੌਲਿਡ ਫਰੀ ਸੀਵਰੇਜ ਸਿਸਟਮ ਚੱਲ ਰਹੇ ਹਨ। ਇੰਨਾਂ ਹੀ ਨਹੀਂ ਜਿਲ੍ਹੇ ਦੇ 3 ਬਲਾਕਾਂ ਵਿਚ ਪਾਇਲਟ ਪ੍ਰਾਜੈਕਟ ਵਜੋਂ ਕੰਪੋਸਟ ਪਿੱਟ ਬਣਾਏ ਜਾ ਰਹੇ ਹਨ।
ਇਸ ਬਾਬਤ ਵਿਚਾਰ ਸਾਂਝੇ ਕਰਦਿਆਂ ਡੇਰਾਬਸੀ ਬਲਾਕ ਦੇ ਪਿੰਡ ਕੁਰਾਂਵਾਲਾ ਦੀ ਸਰਪੰਚ ਸ੍ਰੀਮਤੀ ਨਰਿੰਦਰ ਕੌਰ ਨੇ ਕਿਹਾ ਕਿ ਘਰ-ਘਰ ਪਖਾਨੇ ਬਣਨ ਨਾਲ ਪਿੰਡਾਂ ਦੀਆਂ ਧੀਆਂ-ਧੀਆਣੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਘਰਾਂ ਤੋਂ ਬਾਹਰ ਖੁੱਲ੍ਹੇ ਵਿੱਚ ਸ਼ੌਚ ਜਾਣਾ ਧੀਆਂ-ਭੈਣਾਂ ਲਈ ਬਹੁਤ ਹੀ ਅਸੁਖਾਵਾਂ ਅਤੇ ਅਸੁਰੱਖਿਅਤ ਹੈ। ਪੰਜਾਬ ਸਰਕਾਰ ਨੇ ਘਰ-ਘਰ ਪਖਾਨੇ ਬਣਵਾ ਕੇ ਅੌਰਤਾਂ ਦਾ ਜੀਵਨ ਸੁਰੱਖਿਅਤ ਅਤੇ ਸੁਖਾਲਾ ਬਣਾਇਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਹਰ ਘਰ ਵਿਚ ਪਖਾਨੇ ਤਾਂ ਬਣ ਗਏ ਹਨ ਪਰ ਪ੍ਰਵਾਸੀ ਮਜ਼ਦੂਰਾਂ ਅਤੇ ਖੇਤ ਕਾਮਿਆਂ ਨੂੰ ਹਾਲੇ ਵੀ ਦਿੱਕਤ ਆਉਂਦੀ ਹੈ ਕਿਉਂਕਿ ਲੋਕ ਕੋਵਿਡ ਦੀ ਲਾਗ ਤੋਂ ਡਰਦਿਆਂ ਉਹਨਾਂ ਨੂੰ ਆਪਣੇ ਪਖਾਨਿਆਂ ਦੀ ਵਰਤੋਂ ਕਰਨ ਦੇਣ ਤੋਂ ਗੁਰੇਜ਼ ਕਰਦੇ ਹਨ। ਉਹਨਾਂ ਕਿਹਾ ਕਿ ਪਿੰਡਾਂ ਨੂੰ ਸਾਫ ਬਣਾਏ ਰੱਖਣ ਲਈ ਸਮੇਂ ਦੀ ਮੰਗ ਹੈ ਕਿ ਅਸੀਂ ਇਹਨਾਂ ਪ੍ਰਵਾਸੀਆਂ ਲਈ ਵੀ ਢੁੱਕਵੇਂ ਪ੍ਰਬੰਧ ਕਰੀਏ।
ਸ੍ਰੀਮਤੀ ਨਰਿੰਦਰ ਕੌਰ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਸਾਂਝੇ ਪਖਾਨਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਹਨਾਂ ਕਿਹਾ ਕਿ ਨਿੱਜੀ ਅਤੇ ਜਨਤਕ ਪਖਾਨਿਆਂ ਦੀ ਉਸਾਰੀ ਤੋਂ ਇਲਾਵਾ ਢੋਭੇ ਬਣਾ ਕੇ ਗੰਦੇ ਪਾਣੀ ਦੀ ਕੁਦਰਤੀ ਤਰੀਕੇ ਨਾਲ ਸ਼ੁੱਧੀ ਕਰਕੇ ਉਸ ਨੂੰ ਸਿੰਚਾਈ ਲਈ ਵਰਤਣ ਦੇ ਯੋਗ ਬਣਾਉਣ ਲਈ ਵੀ ਕੰਮ ਚੱਲ ਰਿਹਾ ਹੈ ਅਤੇ ਬਹੁਤ ਸਾਰੀਆਂ ਥਾਵਾਂ ’ਤੇ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਕੰਪੋਸਟ ਪਿੱਟਾਂ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਲਈ ਚੁੱਕੇ ਜਾ ਰਹੇ ਕਦਮ ਕਾਬਲੇ ਤਾਰੀਫ ਹਨ। ਜਿਹਨਾਂ ਲਈ ਪਿੰਡਾਂ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ।