Share on Facebook Share on Twitter Share on Google+ Share on Pinterest Share on Linkedin ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਨੇ ਮੁਹਾਲੀ ਵਿੱਚ ਦਿੱਤਾ ਵਿਸ਼ਾਲ ਧਰਨਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਨਵੰਬਰ: ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਮੁਹਾਲੀ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਬਾਹਰ ਵਿਸ਼ਾਲ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਮੀਂਹ ਦੇ ਬਾਵਜੂਦ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਰਕਰ ਖੱਟੇ ਪਰਨੇ ਬੰਨ੍ਹ ਕੇ ਧਰਨੇ ’ਤੇ ਵਿੱਚ ਪਹੁੰਚੇ। ਹਾਲਾਂਕਿ ਪੁਲੀਸ ਪ੍ਰਸ਼ਾਸਨ ਵੱਲੋਂ ਵੱਡੀ ਤਾਦਾਦ ਮਾਤਰਾ ਵਿੱਚ ਮਹਿਲਾ ਅਤੇ ਪੁਰਸ਼ ਮੁਲਾਜ਼ਮ ਤਾਇਨਾਤ ਕਰਕੇ ਦਫ਼ਤਰ ਵੱਲ ਜਾਂਦੇ ਸਾਰੇ ਰਸਤੇ ਸੀਲ ਕੀਤੇ ਗਏ ਸਨ, ਪ੍ਰੰਤੂ ਫਿਰ ਵੀ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਧਰਨੇ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸੂਬਾ ਕਨਵੀਨਰ ਮੱਖਣ ਸਿੰਘ ਵਾਹਿਦਪੁਰੀ, ਸੁਖਦੇਵ ਸਿੰਘ ਸੈਣੀ, ਸਤਪਾਲ ਭੈਣੀ, ਵਰਿੰਦਰ ਸਿੰਘ ਮੋਤੀ ਅਤੇ ਜਗਜੀਵਨ ਸਿੰਘ ਨੇ ਦੋਸ਼ ਲਗਾਇਆ ਕਿ ਸੰਘਰਸ਼ ਕਮੇਟੀ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੁਲਾਜ਼ਮ ਮੰਗਾਂ ਸਬੰਧੀ ਵਾਰ-ਵਾਰ ਮੰਗ ਪੱਤਰ ਭੇਜੇ ਜਾਣ ਦੇ ਬਾਵਜੂਦ ਹੁਣ ਤੱਕ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਅਤੇ ਨਾ ਹੀ ਮੁਲਾਜ਼ਮ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਤਹਿਤ ਜਲ ਸਪਲਾਈ ਵਿਭਾਗ ਨੂੰ ਖ਼ਤਮ ਕਰਨ ਦੇ ਮਨਸੂਬੇ ਨਾਲ ਵਿਭਾਗ ’ਚੋਂ ਕਰੀਬ 1740 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਜਦੋਂਕਿ ਪਿਛਲੇ 2 ਸਾਲਾਂ ਤੋਂ 50 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਪ੍ਰੰਤੂ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਮਸਟਰੋਲ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈ ਨਾ ਹੀ ਠੇਕੇ ਉੱਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਵਿਭਾਗ ਅੰਦਰ ਸ਼ਾਮਲ ਕਰਕੇ ਰੈਗੂਲਰ ਨਹੀਂ ਕੀਤਾ ਜਾ ਰਿਹਾ, ਹਜ਼ਾਰਾਂ ਮੁਲਾਜ਼ਮਾਂ ਦੇ ਸੀਪੀ ਫੰਡ ਦੇ ਕੱਟੇ ਹੋਏ ਕਰੋੜਾਂ ਰੁਪਏ ਨਹੀਂ ਦਿੱਤੇ ਜਾ ਰਹੇ। ਆਗੂਆਂ ਨੇ ਮੰਗ ਕੀਤੀ ਕਿ ਡਿਪਟੀ ਡਾਇਰੈਕਟਰ ਦੀ ਅਸਾਮੀ ਨੂੰ ਖ਼ਤਮ ਕੀਤਾ ਜਾਵੇ, ਫ਼ੀਲਡ ਮੁਲਾਜ਼ਮਾਂ ਦਾ ਚਾਰਜ ਚੀਫ਼ ਇੰਜੀਨੀਅਰ ਨੂੰ ਦਿੱਤਾ ਜਾਵੇ, ਦਰਜਾ 3 ਅਤੇ ਦਰਜਾ 4 ਮੁਲਾਜ਼ਮਾਂ ਦੇ ਰੂਲ ਬਣਾਏ ਜਾਣ, ਠੇਕੇ ਉੱਤੇ ਕੰਮ ਕਰਦੇ ਕਰਮਚਾਰੀਆਂ ਨੂੰ ਕਿਰਤ ਕਮਿਸ਼ਨ ਦੇ ਪੱਤਰ ਨੂੰ ਲਾਗੂ ਕਰਦਿਆਂ ਹਫ਼ਤਾਵਾਰੀ ਰੈਸਟ, ਛੁੱਟੀਆਂ, ਈਪੀਐਫ਼, ਈਐਸਆਈ ਅਤੇ ਹੋਰ ਬਣਦੀਆਂ ਸਹੂਲਤਾਂ ਤੁਰੰਤ ਦਿੱਤੀਆਂ ਜਾਣ। ਇਸ ਮੌਕੇ ਕੋ-ਕਨਵੀਨਰ ਦਰਸ਼ਨ ਸਿੰਘ ਬੇਲੂਮਾਜਰਾ, ਹਰਜੀਤ ਸਿੰਘ ਵਾਲੀਆ, ਕੁਲਦੀਪ ਸਿੰਘ ਬੁੱਡੇਵਾਲ, ਮਨਜੀਤ ਸਿੰਘ ਸੈਣੀ, ਮਨਜੀਤ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ