nabaz-e-punjab.com

ਜਲ ਸਪਲਾਈ ਵਿਭਾਗ ਦੀ ਮਿਲੀਭੁਗਤ ਨਾਲ ਭੂ ਮਾਫੀਆ ਨਾਜਾਇਜ ਕਲੋਨੀਆਂ ਨੂੰ ਦਿਵਾ ਰਿਹਾ ਹੈ ਪਾਣੀ ਦੇ ਕਨੈਕਸ਼ਨ

ਜ਼ਮੀਨ ਹੇਠਾਂ ਸੁੱਟਿਆ ਜਾ ਰਿਹਾ ਹੈ ਸੀਵਰੇਜ ਦਾ ਗੰਦਾ ਪਾਣੀ: ਸਤਨਾਮ ਦਾਊਂ

ਪੇਂਡੂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖ਼ਿਲਾਫ਼ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਨੇ ਮੰਗ ਕੀਤੀ ਹੈ ਕਿ ਪੇੱਡੂ ਜਲ ਸਪਲਾਈ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮਾਲ ਵਿਭਾਗ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਭੂ-ਮਾਫੀਆ ਦੀ ਮਿਲੀਭੁਗਤ ਨਾਲ ਪਿੰਡ ਦਾਊਂ ਦੇ ਵਸਨੀਕਾਂ ਨੂੰ ਮਿਲਣ ਵਾਲਾ ਪੀਣ ਵਾਲਾ ਪਾਣੀ ਨਾਜਾਇਜ਼ ਕਲੋਨੀਆਂ ਨੂੰ ਸਪਲਾਈ ਕਰਨ ਬਦਲੇ ਇਹਨਾਂ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
ਸ੍ਰੀ ਦਾਊਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਿੰਡ ਦਾਊੱ ਦੇ ਵਸਨੀਕਾਂ ਨੂੰ ਪਾਣੀ ਦੀ ਨਿਰੰਤਰ ਸਪਲਾਈ ਨਾ ਆਉਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਵਾਰ-ਵਾਰ ਸਬੰਧਤ ਅਧਿਕਾਰੀਆਂ ਨੂੰ ਜੁਬਾਨੀ ਅਤੇ ਲਿਖਤੀ ਸ਼ਿਕਾਇਤਾਂ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਸਮੱਸਿਆ ਜਿਊੱ ਦੀ ਤਿਊੱ ਬਣੀ ਰਹੀ। ਉਹਨਾਂ ਦੱਸਿਆ ਕਿ ਅੰਤ ਵਿੱਚ ਤੰਗ ਆ ਕੇ ਉਹਨਾਂ ਵੱਲੋਂ ਇਸ ਸਬੰਧੀ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਆਪਣੇ ਤੌਰ ਤੇ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਮ੍ਹਣੇ ਆਈ ਕਿ ਇਹ ਇੱਕ ਵੱਡਾ ਘੋਟਾਲਾ ਹੈ ਜਿਸ ਵਿੱਚ ਵੱਖ ਵੱਖ ਵਿਭਾਗਾਂ ਅਤੇ ਭੂ-ਮਾਫੀਆ ਦਾ ਗੱਠਜੋੜ ਸ਼ਾਮਲ ਹੈ, ਜਿਸ ਕਾਰਨ ਪੂਰੇ ਦਾਊੱ ਪਿੰਡ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹਨਾਂ ਦੱਸਿਆ ਕਿ ਪਿੰਡ ਦਾਊਂ ਵਿੱਚ ਪਾਣੀ ਦੇ ਕੁੱਲ 726 ਜਾਇਜ਼ ਕੁਨੈਕਸ਼ਨ ਹਨ ਜਿਨ੍ਹਾਂ ’ਚੋਂ ਪਿੰਡ ਦਾਊਂ ਵਿੱਚ 650 ਅਤੇ ਰਾਮਗੜ੍ਹ (ਦਾਊਂ) ਵਿੱਚ 126 ਪਾਣੀ ਦੇ ਕੁਨੈਕਸ਼ਨ ਹਨ। ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਪ੍ਰਾਪਰਟੀ ਦੇ ਰੇਟ ਵਧਣ ਕਾਰਨ ਬਿਲਡਰਾਂ ਵੱਲੋਂ ਇਸ ਪਿੰਡ ਵਿੱਚ ਗੈਰਕਨੂੰਨੀ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ। ਇਹ ਬਿਲਡਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਆਪਣੀਆਂ ਜ਼ਮੀਨਾਂ ਵੇਚਦੇ ਹਨ ਅਤੇ ਇਹਨਾਂ ਵੱਲੋਂ ਭ੍ਰਿਸ਼ਟਾਚਾਰ ਕਰਕੇ ਆਪਣੀਆਂ ਕਾਲੋਨੀਆਂ ਲਈ ਪਾਣੀ ਦੀ ਸਪਲਾਈ ਵੀ ਹਾਸਿਲ ਕਰ ਲਈ ਜਾਂਦੀ ਹੈ।
ਉਹਨਾਂ ਇਲਜਾਮ ਲਗਾਇਆ ਕਿ ਪੇਂਡੂ ਜਲ ਸਪਲਾਈ ਮੁਹਾਲੀ ਦੇ ਅਧਿਕਾਰੀਆਂ ਵੱਲੋਂ ਬਿਲਡਰਾਂ ਨਾਲ ਮਿਲੀਭੁਗਤ ਕਰਕੇ ਉਹਨਾਂ ਨਾਜਾਇਜ਼ ਕਲੋਨੀਆਂ ਵਿੱਚ ਪਾਣੀ ਦੀ ਸਪਲਾਈ ਦੇ ਦਿੱਤੀ ਗਈ ਹੈ ਅਤੇ ਅਣਅਧਿਕਾਰਤ ਤਰੀਕੇ ਨਾਲ ਕੀਤੀ ਜਾ ਰਹੀ ਇਸ ਸਪਲਾਈ ਦਾ ਕੋਈ ਵੀ ਰਿਕਾਰਡ ਵਿਭਾਗ ਕੋਲ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤਰੀਕੇ ਨਾਲ ਚੋਰੀ ਕੀਤੀ ਰਹੀ ਪਾਣੀ ਦੀ ਸਪਲਾਈ ਬਦਲੇ ਜਿਹੜੀ ਕੀਮਤ ਵਸੂਲੀ ਜਾਂਦੀ ਹੈ ਉਹ ਵੀ ਸਰਕਾਰ ਦੇ ਖਾਤੇ ਵਿੱਚ ਨਾ ਜਾ ਕੇ ਇਹਨਾਂ ਅਧਿਕਾਰੀਆਂ ਦੀ ਜੇਬ ਵਿੱਚ ਹੀ ਜਾਂਦੀ ਹੈ ਅਤੇ ਇਹ ਕੰਮ ਨਿਰੰਤਰ ਜਾਰੀ ਹੈ। ਉਹਨਾ ਕਿਹਾ ਕਿ ਸ਼ੀਤਲਾ ਮਾਤਾ ਮੰਦਿਰ ਪਿੰਡ ਦਾਊਂ ਵਾਲੀ ਕਲੋਨੀ ਇਸਦਾ ਸਬੂਤ ਹੈ ਜਿੱਥੇ ਸਨ 2015 ਤੋਂ ਪੇਂਡੂ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋ ਸਰਕਾਰ ਨੂੰ ਚੂਨਾ ਲਗਾ ਕੇ ਨਾਜਾਇਜ਼ ਪਾਣੀ ਦੇ ਕੁਨੈਕਸ਼ਨ ਦਿੱਤੇ ਹੋਏ ਹਨ। ਇਸੇ ਤਰਾਂ ਬਾਕੀ ਦੀਆਂ ਹੋਰ ਕਲੋਨੀਆਂ ਵਿੱਚ ਇਹ ਚੋਰੀ ਹੋ ਰਹੀ ਹੈ।
ਉਹਨਾ ਕਿਹਾ ਕਿ ਇਹ ਵਾਹੀਯੋਗ ਜਮੀਨ ਹੈ ਜਿਹੜੀ ਭੂ ਮਾਫੀਏ ਵੱਲੋਂ ਕਿਸਾਨਾਂ ਤੋੱ ਖਰੀਦ ਕੇ ਅਤੇ ਇੱਥੇ ਮਾਲ ਵਿਭਾਗ ਦੀ ਮਿਲੀਭੁਗਤ ਨਾਲ ਬਿਨਾ ਕੋਈ ਕਲੌਨੀ ਪਾਸ ਕਰਾਏ ਰਿਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਕਰਾਈਆਂ ਗਈਆਂ ਹਨ। ਬਿਜਲੀ ਬੋਰਡ ਵੱਲੋੱ ਵੀ ਇਹਨਾਂ ਕਲੋਨੀਆਂ ਵਿੱਚ ਬਿਨਾ ਕੋਈ ਪੜਤਾਲ ਕੀਤੇ ਕੂਨੈਕਸ਼ਨ ਜਾਰੀ ਕੀਤੇ ਗਏ ਅਤੇ ਪੇਂਡੂ ਜਲ ਸਪਲਾਈ ਵਿਭਾਗ ਵੱਲੋਂ ਪੰਚਾਇਤ ਤੋਂ ਪੁੱਛੇ ਬਗੈਰ, ਬਿਨਾ ਕਿਸੇ ਜਾਂਚ-ਰਿਕਾਰਡ ਤੋਂ ਪਾਣੀ ਦੇ ਨਾਜਾਇਜ ਕੁਨੈਕਸ਼ਨ ਦਿੱਤੇ ਗਏ। ਸਾਲ 2015 ਤੋਂ ਅੱਜ ਤੱਕ ਪਾਣੀ ਦੇ ਬਿਲ ਵੀ ਵਸੂਲ ਨਹੀਂ ਕੀਤੇ ਗਏ ਅਤੇ ਪੈਸੇ ਲੈ ਕੇ ਹੀ ਇਹ ਕੁਨੈਕਸ਼ਨ ਚਾਲੂ ਰੱਖੇ ਹਨ।
ਉਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੇ ਵੀ ਇਲਜਾਮ ਲਗਾਇਆ ਕਿ ਉਹਨਾਂ ਵੱਲੋੱ ਕਦੇ ਵੀ ਇਸ ਤਰ੍ਹਾਂ ਦੀਆਂ ਨਾਜਾਇਜ ਕਲੌਨੀਆਂ ਦੀ ਜਾਂਚ ਅਤੇ ਨਿਗਰਾਨੀ ਨਹੀਂ ਕੀਤੀ ਗਈ ਕਿ ਇਨ੍ਹਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੇ ਕੀ ਪ੍ਰਬੰਧ ਹਨ। ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੀ ਇਸ ਅਣਗਹਿਲੀ ਅਤੇ ਮਿਲੀਭੁਗਤ ਕਾਰਨ ਇਨ੍ਹਾਂ ਨਾਜਾਇਜ ਕਲੌਨੀਆਂ ਦੇ ਵਸਨੀਕਾਂ ਅਤੇ ਮਾਲਕਾਂ ਨੇ ਗੰਦਾ ਪਾਣੀ ਅਤੇ ਸੀਵਰੇਜ ਸੁੱਟਣ ਲਈ ਜ਼ਮੀਨ ਵਿੱਚ ਡੂੰਘੇ ਖੂਹ ਅਤੇ ਬੋਰਵੈਲ ਪੁੱਟ ਲਏ ਜਿਸ ਕਾਰਨ ਇਹ ਸਾਰਾ ਗੰਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਧਰਤੀ ਦੇ ਕਾਫੀ ਹੇਠਾਂ ਜਾ ਰਿਹਾ ਹੈ ਅਤੇ ਹੇਠਲੇ ਪਾਣੀ ਨੂੰ ਗੰਦਾ ਕਰ ਰਿਹਾ ਹੈ। ਇਸ ਕਾਰਨ ਇਸ ਇਲਾਕੇ ਵਿੱਚ ਕਿਸੇ ਵੀ ਸਮੇਂ ਮਹਾਮਾਰੀ ਫੈਲ ਸਕਦੀ ਹੈ ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਡੀਜੀਪੀ, ਐਸਐਸਪੀ ਮੁਹਾਲੀ ਅਤੇ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ ਜਿਸ ਵਿੱਚ ਜਿੰਮੇਵਾਰ ਅਧਿਕਾਰੀਆਂ ਅਤੇ ਹੋਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …