
ਜਲ ਸਪਲਾਈ ਵਿਭਾਗ ਨੇ 3 ਸ਼ੋਅਰੂਮਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ
ਐਚਡੀਐਫ਼ਸੀ ਬੈਂਕ ਨੇ ਦੋ ਦਿਨ ਦੀ ਮੋਹਲਤ ਮੰਗੀ, ਨਾਜਾਇਜ਼ ਕੁਨੈਕਸ਼ਨ ਲਾਉਣ ਵਾਲਿਆਂ ਨੂੰ ਨੋਟਿਸ ਜਾਰੀ
ਕਈ ਹੋਰਨਾਂ ਦੁਕਾਨਦਾਰਾਂ ਨੇ ਵੀ ਪੈਂਡਿੰਗ ਬਿੱਲਾਂ ਦਾ ਭੁਗਤਾਨ ਛੇਤੀ ਕਰਨ ਦੀ ਗੱਲ ਆਖੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਵਿਭਾਗ ਦੇ ਐਕਸੀਅਨ ਸੁਨੀਲ ਕੁਮਾਰ ਨੇ ਅੱਜ ਇੱਥੋਂ ਦੇ ਫੇਜ਼-3ਬੀ2 ਦੀ ਮਾਰਕੀਟ ਦੇ 10 ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਡੀਓ ਇਮਾਨਵੀਰ ਸਿੰਘ, ਜੇਈ ਅੰਮ੍ਰਿਤਬੀਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਜ ਤਿੰਨ ਸ਼ੋਅਰੂਮਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਗਏ। ਜਦੋਂਕਿ ਕਈ ਡਿਫ਼ਾਲਟਰ ਖਪਤਕਾਰਾਂ ਨੂੰ ਨੋਟਿਸ ਜਾਰੀ ਕਰਕੇ ਮੌਕੇ ’ਤੇ ਹੀ ਪੈਂਡਿੰਗ ਬਿੱਲਾਂ ਦੀ ਵਸੂਲੀ ਕੀਤੀ ਗਈ। ਐਕਸੀਅਨ ਨੇ ਦੱਸਿਆ ਕਿ ਐਚਡੀਐਫ਼ਸੀ ਬੈਂਕ ਦੇ ਅਧਿਕਾਰੀਆਂ ਨੇ ਪਾਣੀ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਲਈ ਵਿਭਾਗ ਤੋਂ ਦੋ ਦਿਨ ਮੋਹਲਤ ਮੰਗੀ ਹੈ। ਇੰਜ ਹੀ ਕਈ ਹੋਰਨਾਂ ਦੁਕਾਨਦਾਰਾਂ ਨੇ ਜਲਦੀ ਪੈਸੇ ਜਮ੍ਹਾ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਿਫਾਲਟਰ ਖਪਤਕਾਰਾਂ ਨੇ ਪਾਣੀ ਦੇ ਬਿੱਲਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਤਾਂ ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕਰਨਾ ਯਕੀਨੀ ਬਣਾਉਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਵਿਭਾਗ ਦੀ ਟੀਮ ਨੇ ਮਾਰਕੀਟ ਵਿੱਚ ਨਾਜਾਇਜ਼ ਕੁਨੈਕਸ਼ਨ ਲਗਾਉਣ ਵਾਲਿਆਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਮੌਕੇ ’ਤੇ ਹੀ ਨੋਟਿਸ ਜਾਰੀ ਕਰਕੇ ਸਖ਼ਤ ਤਾੜਨਾ ਕੀਤੀ ਗਈ।