nabaz-e-punjab.com

ਪਿੰਡ ਝੁੰਗੀਆਂ ਨੇੜੇ ਸੀਂਹਪੁਰ ਦੀ ਜ਼ਮੀਨ ਵਿੱਚ ਵਾਟਰ ਟਰੀਟਮੈਂਟ ਪਲਾਂਟ ਬਣਾਉਣ ਲਈ ਰਾਹ ਪੱਧਰਾ

ਡੇਢ ਸਾਲ ਵਿੱਚ 115 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ ਆਧੁਨਿਕ ਟਰੀਟਮੈਂਟ ਪਲਾਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਮੁਹਾਲੀ ਦੇ ਬਾਸ਼ਿੰਦਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਲੋੜ ਅਨੁਸਾਰ ਪੀਣ ਵਾਲਾ ਪਾਣੀ ਮਿਲਣ ਦੀ ਆਸ ਬੱਝ ਗਈ ਹੈ। ਇਸ ਸਬੰਧੀ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਕਜੌਲੀ ਵਾਟਰ ਵਰਕਸ ਤੋਂ ਮੁਹਾਲੀ ਤੱਕ ਸਿੱਧੇ ਨਹਿਰੀ ਪਾਣੀ ਦੀ ਸਪਲਾਈ ਲਈ ਪਿੰਡ ਝੁੰਗੀਆਂ ਨੇੜੇ ਸੀਂਹਪੁਰ ਦੀ ਕਰੀਬ 35 ਏਕੜ ਜ਼ਮੀਨ ਵਿੱਚ ਬਣਨ ਵਾਲੇ ਵਾਟਰ ਟਰੀਟਮੈਂਟ ਪਲਾਂਟ ਦੇ ਨਿਰਮਾਣ ਦਾ ਕੰਮ ਇਕ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੱਤਾ ਹੈ। ਇਸ ਸਬੰਧੀ ਆਨਲਾਈਨ ਪ੍ਰਕਿਰਿਆ ਰਾਹੀਂ ਟੈਂਡਰ ਜਾਰੀ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਕੰਪਨੀ ਨੂੰ ਇਸ ਕੰਮ ਦਾ ਠੇਕਾ 115 ਕਰੋੜ ਵਿੱਚ ਦਿੰਦਿਆਂ ਅਗਲੇ ਡੇਢ ਸਾਲ ਵਿੱਚ ਇਸ ਪ੍ਰਾਜੈਕਟ ਦਾ ਕੰਮ ਨੇਪਰੇ ਚਾੜ੍ਹਨ ਲਈ ਆਖਿਆ ਗਿਆ ਹੈ। ਪਹਿਲੇ ਪੜਾਅ ਵਿੱਚ ਸਿਰਫ਼ ਮੁਹਾਲੀ ਸ਼ਹਿਰੀ ਨੂੰ ਪਾਣੀ ਦਿੱਤਾ ਜਾਵੇਗਾ ਪ੍ਰੰਤੂ ਅਗਲੇ ਪੜਾਅ ਵਿੱਚ ਪਾਣੀ ਦੀ ਉਪਲਬਧਤਾ ਮੁਤਾਬਕ ਖਰੜ ਅਤੇ ਜ਼ੀਰਕਪੁਰ ਵਾਸੀਆਂ ਨੂੰ ਵੀ ਪਾਣੀ ਦਿੱਤਾ ਜਾ ਸਕਦਾ ਹੈ।
ਅਜੋਕੇ ਸਮੇਂ ਵਿੱਚ ਮੁਹਾਲੀ ਵਾਸੀਆਂ ਨੂੰ ਲੋੜ ਅਨੁਸਾਰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਪਿਛਲੇ ਕਰੀਬ ਦੋ-ਤਿੰਨ ਸਾਲਾਂ ਵਿੱਚ ਧਰਤੀ ਹੇਠਲਾ ਪਾਣੀ ਦਾ ਪੱਧਰ 200 ਫੁੱਟ ਤੋਂ ਵੀ ਵੱਧ ਥੱਲੇ ਚਲਾ ਗਿਆ ਹੈ। ਪਾਣੀ ਦੇ ਜ਼ਿਆਦਾਤਰ ਟਿਊਬਵੈੱਲ ਫੇਲ ਹੋ ਗਏ ਹਨ ਅਤੇ ਕਈ ਟਿਊਬਵੈੱਲਾਂ ਦੀ ਮਸ਼ੀਨਰੀ ਕਾਫੀ ਪੁਰਾਣੀ ਹੋਣ ਕਾਰਨ ਕੰਡਮ ਹੋ ਚੁੱਕੀ ਹੈ। ਮੁਹਾਲੀ ਪ੍ਰਸ਼ਾਸਨ ਕੋਲ ਇਸ ਵੇਲੇ ਕੇਵਲ 13.4 ਮਿਲੀਅਨ ਗੈਲਨ ਪਾਣੀ ਹੀ ਉਪਲਬਧ ਹੈ ਜਦੋਂਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਪ੍ਰਤੀ ਦਿਨ 30 ਮਿਲੀਅਨ ਗੈਲਨ ਤੋਂ ਵੱਧ ਪਾਣੀ ਦੀ ਲੋੜ ਹੈ। ਸ਼ਹਿਰ ਵਾਸੀਆਂ ਨੂੰ 10 ਮਿਲੀਆ ਗੈਲਨ ਨਹਿਰੀ ਪਾਣੀ ਅਤੇ 3.4 ਮਿਲੀਅਨ ਗੈਲਨ ਪਾਣੀ ਟਿਊਬਵੈਲਾਂ ਰਾਹੀਂ ਪ੍ਰਾਪਤ ਹੋ ਰਿਹਾ ਹੈ ਜੋ ਕਿ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਾਫ਼ੀ ਘੱਟ ਹੈ।
ਅਕਾਲੀ ਸਰਕਾਰ ਵੇਲੇ ਗਮਾਡਾ ਵੱਲੋਂ ਮੁਹਾਲੀ ਵਾਸੀਆਂ ਦੀ ਪਿਆਸ ਬੁਝਾਉਣ ਲਈ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ ਲਈ 80 ਐਮਜੀਡੀ ਸਮਰਥਾ ਵਾਲੀ 5ਵੀਂ ਅਤੇ 6ਵੀਂ ਪਾਈਪਲਾਈਨ ਵਿਛਾਉਣ ਅਤੇ ਪਿੰਡ ਝੁੰਗੀਆਂ ਨੇੜੇ ਸ਼ੀਂਹਪੁਰ ਦੀ ਜ਼ਮੀਨ ਵਿੱਚ ਵਾਟਰ ਟਰੀਟਮੈਂਟ ਪਲਾਟ ਲਗਾਉਣ ਦੀ ਯੋਜਨਾ ਉਲੀਕੀ ਗਈ ਸੀ। ਕੰਪਨੀ ਨੇ ਪਾਈਪਲਾਈਨ ਤਾਂ ਕਾਫੀ ਸਮਾਂ ਪਹਿਲਾਂ ਹੀ ਪਾ ਦਿੱਤੀ ਸੀ ਲੇਕਿਨ ਟਰੀਟਮੈਂਟ ਪਲਾਂਟ ਨਾ ਬਣਨ ਕਰਕੇ ਦਿੱਕਤਾਂ ਆ ਰਹੀਆਂ ਸਨ। ਇਸ ਸਬੰਧੀ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਦੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਦੌਰਾਨ ਗਮਾਡਾ ਨੇ ਜੁਲਾਈ 2013 ਵਿੱਚ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਦੀ ਗੱਲ ਆਖੀ ਸੀ, ਲੇਕਿਨ ਅਜੇ ਤਾਈਂ ਟਰੀਟਮੈਂਟ ਪਲਾਂਟ ਵੀ ਨਹੀਂ ਲੱਗ ਸਕਿਆ। ਪ੍ਰੰਤੂ ਹੁਣ ਵਰਕ ਟੈਂਡਰ ਜਾਰੀ ਹੋਣ ਨਾਲ ਟਰੀਟਮੈਂਟ ਪਲਾਂਟ ਦੇ ਨਿਰਮਾਣ ਦਾ ਰਾਹ ਪੱਧਰਾ ਹੋ ਗਿਆ ਹੈ।
(ਬਾਕਸ ਆਈਟਮ)
ਉਧਰ, ਗਮਾਡਾ ਦੇ ਸੁਪਰਡੈਂਟ ਇੰਜੀਨੀਅਰ (ਐਸਈ) ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਜੌਲੀ ਤੋਂ ਸਿੱਧੇ ਪਾਣੀ ਲਈ ਗਮਾਡਾ ਵੱਲੋਂ ਆਪਣੇ ਹਿੱਸੇ ਦੀ ਪਹਿਲਾਂ ਹੀ ਨਵੀਂ ਪਾਈਪਲਾਈਨ ਵਿਛਾ ਦਿੱਤੀ ਗਈ ਸੀ ਅਤੇ ਪਿੰਡ ਝੁੰਗੀਆਂ ਨੇੜੇ ਸੀਂਹਪੁਰ ਦੀ 35 ਏਕੜ ਜ਼ਮੀਨ ਵਿੱਚ ਹੁਣ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਲਈ ਪ੍ਰਾਈਵੇਟ ਕੰਪਨੀ ਦੇ ਨਾਂ ’ਤੇ ਵਰਕ ਟੈਂਡਰ ਜਾਰੀ ਹੋ ਚੁੱਕਾ ਹੈ। ਕੰਪਨੀ ਨੂੰ ਇਹ ਪ੍ਰਾਜੈਕਟ ਹਰ ਹਾਲ ਵਿੱਚ 31 ਦਸੰਬਰ 2020 ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਕੰਮ ਪੂਰਾ ਹੋਣ ’ਤੇ ਟਰੀਟਮੈਂਟ ਪਲਾਂਟ ਤੋਂ ਮੁਹਾਲੀ ਤੱਕ 15 ਦਿਨਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਨਵੀਂ ਪਾਈਪਲਾਈਨ ਵਿਛਾਉਣ ਲਈ ਨਵੇਂ ਸਿਰਿਓਂ ਟੈਂਡਰ ਲਗਾਇਆ ਜਾਵੇਗਾ। ਗਮਾਡਾ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਸਿਰੇ ਚੜ੍ਹਨ ਤੋਂ ਬਾਅਦ ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨਹੀਂ ਰਹੇਗੀ ਸਗੋਂ ਨੇੜਲੇ ਇਲਾਕਿਆਂ ਵਿੱਚ ਵੀ ਪਾਣੀ ਭੇਜਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…