Nabaz-e-punjab.com

ਮੁੱਖ ਮੰਤਰੀ ਦੇ ਥਾਪੜੇ ਤੋਂ ਬਾਅਦ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ

ਅਧਿਆਪਕ ਆਪਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਵਜਾ ਰਹੇ ਨੇ ਗੱਜ ਵਜਾ ਕੇ ਢੋਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਦਿੱਤੇ ਥਾਪੜੇ ਤੋਂ ਬਾਅਦ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਬਾਗੋਬਾਗ ਹਨ। ਹਰ ਅਧਿਆਪਕ ਅਪਣੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਗੱਜ ਵਜਾ ਕੇ ਢੋਲ ਵਜਾ ਰਿਹਾ ਹੈ। ਪਿੰਡ-ਪਿੰਡ ਵੱਡੇ ਪੱਧਰ ’ਤੇ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪੰਚਾਇਤਾਂ ਵੱਲੋਂ ਵੀ ਆਪਣੇ ਪਿੰਡਾਂ ਦੀ ਚੰਗੀ ਕਾਰਗੁਜ਼ਾਰੀ ਲਈ ਵੱਡੇ ਪੱਧਰ ਤੇ ਫਲੈਕਸ ਤਿਆਰ ਕੀਤੇ ਜਾ ਰਹੇ ਹਨ। ਬੇਸ਼ੱਕ ਪੰਜਾਬ ਭਰ ਵਿੱਚ ਬਾਰ੍ਹਵੀਂ ਦੇ ਆਏ ਸ਼ਾਨਦਾਰ ਨਤੀਜਿਆਂ ਤੋਂ ਵੱਖ-ਵੱਖ ਸਕੂਲਾਂ ਵੱਲੋਂ ਪਹਿਲਾ ਹੀ ਅਪਣੇ ਸਕੂਲਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦਰਸਾਉਣ ਲਈ ਸ਼ੋਸਲ ਮੀਡੀਏ ਤੇ ਪੋਸਟਰ ਅਤੇ ਵੀਡੀਓਜ਼ ਬਣਾ ਕੇ ਪਾਈਆਂ ਜਾ ਰਹੀਆਂ ਸਨ,ਪਰ ਹੁਣ ਜਦੋਂ ਰਾਜ ਦੇ ਮੁੱਖ ਮੰਤਰੀ ਵੱਲੋਂ ਖੁੱਲ੍ਹੇ ਦਿਲ ਨਾਲ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਅਧਿਆਪਕਾਂ ਦੀ ਰੱਜਵੀਂ ਤਾਰੀਫ਼ ਕੀਤੀ ਹੈ, ਤਾਂ ਉਨ੍ਹਾਂ ਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ। ਉਹ ਅਪਣੇ ਸਕੂਲਾਂ ਦੇ ਪ੍ਰਚਾਰ ਲਈ ਹਰ ਹੀਲਾ ਵਸੀਲਾ ਵਰਤ ਰਹੇ ਹਨ।
ਅੱਜ ਇੱਥੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਲਈ ਗਈ ਜ਼ੂਮ ਮੀਟਿੰਗ ਦੌਰਾਨ ਵੀ ਉਨ੍ਹਾਂ ਤੋਂ ਚਾਅ ਸਾਂਭਿਆ ਨੀ ਸੀ ਜਾ ਰਿਹਾ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਲਈ ਕੋਈ ਸੰਡੇ-ਮੰਡੇ ਨਹੀਂ, ਉਹ ਹਰ ਪਲ ਵਿਦਿਆਰਥੀਆਂ ਦੇ ਭਵਿੱਖ ਦੇ ਲੇਖੇ ਲਾਉਣਗੇ। ਸਿੱਖਿਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਦੀ ਸਮਾਰਟ ਸਿੱਖਿਆ ਨੀਤੀ, ਮਿਸ਼ਨ ਸਤ ਪ੍ਰਤੀਸ਼ਤ, ਸਵੇਰੇ ਸ਼ਾਮੀ ਅਧਿਆਪਕਾਂ ਵੱਲੋਂ ਗਰਮੀਆਂ, ਸਰਦੀਆਂ ਚ ਲਾਈਆਂ ਕਲਾਸਾਂ ਅਤੇ ਹੋਰ ਪੱਖ ਤੋ ਅਧਿਆਪਕਾਂ ਦੀ ਕੀਤੀ ਮਿਹਨਤ ਰਾਸ ਆਈ ਹੈ। ਇਸ ਮੌਕੇ ਡੀਪੀਆਈ ਲਲਿਤ ਕਿਸ਼ੋਰ ਘਈ, ਸਹਾਇਕ ਡਾਇਰੈਕਟਰ ਸਲਿੰਦਰ ਸਿੰਘ, ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਡਾ ਦੇਵਿੰਦਰ ਬੋਹਾ ਨੇ ਵੀ ਸਭਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਚੰਗੇ ਨਤੀਜਿਆਂ ਲਈ ਵਧਾਈ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰ੍ਹਵੀਂ ਕਲਾਸ ਦੇ ਆਏ 94.32 ਫੀਸਦੀ ਨਤੀਜੇ ਅਤੇ ਨਵੇਂ ਦਾਖ਼ਲਿਆਂ ਵਿੱਚ ਹੋਏ 13 ਪ੍ਰਤੀਸ਼ਤ ਦੇ ਰਿਕਾਰਡ ਵਾਧੇ ਲਈ ਖੁੱਲ੍ਹ ਦਿੱਲੀ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਦੀ ਮਿਹਨਤ ਦੀ ਦਾਦ ਦਿੰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਈ ਸਮੇਂ ਹੁੰਦਾ ਸੀ, ਜਦੋਂ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਜਾਂਦੇ ਸਨ, ਹੁਣ ਸਰਕਾਰੀ ਸਕੂਲਾਂ ਦੀ ਬੇਹਤਰ ਕਾਰਗੁਜ਼ਾਰੀ ਕਰਕੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਆ ਰਹੇ ਹਨ। ਮੁੱਖ ਮੰਤਰੀ ਵੱਲੋਂ 98 ਫੀਸਦੀ ਜਾਂ ਇਸ ਤੋਂ ਵੱਧ ਨੰਬਰਾਂ ਵਾਲੇ ਜਿਹੜੇ 335 ਵਿਦਿਆਰਥੀਆਂ ਨੂੰ 5100 ਰੁਪਏ ਦੇਣੇ ਹਨ। ਉਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੇ 155 ਵਿਦਿਆਰਥੀ ਸ਼ਾਮਲ ਹਨ,ਜਿਨ੍ਹਾਂ ’ਚੋਂ ਸਭ ਤੋਂ ਵੱਧ 19 ਵਿਦਿਆਰਥੀ ਮਾਨਸਾ ਦੇ ਹਨ, ਦੂਜੇ ਨੰਬਰ ’ਤੇ 18 ਵਿਦਿਆਰਥੀ ਫਾਜਿਲਕਾ ਹਨ ਅਤੇ ਤੀਜੇ ਨੰਬਰ ’ਤੇ ਸੰਗਰੂਰ ਅਤੇ ਬਠਿੰਡਾ ਦੇ 12-12 ਵਿਦਿਆਰਥੀ ਸ਼ਾਮਲ ਹਨ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਬੇਸ਼ੱਕ ਵਿਭਾਗ ਵੱਲੋਂ ਪੂਰੇ ਪੇਪਰ ਨਾ ਹੋਣ ਕਾਰਨ ਕੋਈ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਗਈ ਪਰ ਜੇਕਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਭ ਤੋ ਵੱਧ ਆਏ ਨੰਬਰਾਂ ਦੀ ਗੱਲ ਕੀਤੀ ਜਾਵੇ ਤਾਂ 449/450 ਅੰਕ ਪ੍ਰਾਪਤ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਸਿਮਰਜੀਤ ਕੌਰ, ਪ੍ਰਭਜੋਤ ਕੌਰ ਸਸਸਸ ਸਿੱਧੂਪੁਰ ਕਲਾਂ (ਫਤਿਹਗੜ੍ਹ ਸਾਹਿਬ), ਵੀਨੂ ਬਾਲਾ ਸਸਸਸ ਚੱਕਬਣਵਾਲਾ (ਫਾਜ਼ਿਲਕਾ), ਅਮਨਦੀਪ ਸਿੰਘ ਸਸਸਸ ਲਾਲੋਵਾਲੀ (ਫਾਜਿਲਕਾ), ਪਰਵਿੰਨਕਲਜੀਤ ਕੌਰ ਸਸਸਸ ਮੁੰਡੇ ਕਾਹਨੂੰਵਾਨ (ਗੁਰਦਾਸਪੁਰ) ‘ਬਲਵਿੰਦਰ ਕੌਰ ਸਸਸਸ ਰਾਜੇਵਾਲ (ਲੁਧਿਆਣਾ), ਹਰਨੀਤ ਕੌਰ ਸਸਸਸ ਮੁਕੰਦਪੁਰ (ਨਵਾਂ ਸ਼ਹਿਰ), ਪੂਨਮ ਦੇਵੀ ਸਸਸਸ ਰਾਮਪੁਰ ਸੈਣੀਆਂ (ਮੁਹਾਲੀ) ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਕੀਤੇ ਐਲਾਨ ਮੁਤਾਬਕ ਪੰਜਾਬ ਦੇ 335 ਵਿਦਿਆਰਥੀਆਂ ਨੂੰ 5100 ਦੇ ਹਿਸਾਬ ਨਾਲ 17,08,500 ਰੁਪਏ ਦੀ ਕੁੱਲ ਰਾਸ਼ੀ ਦਿੱਤੀ ਜਾਣੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…