
ਸਾਨੂੰ ਸਾਰਿਆਂ ਨੂੰ ਹਮੇਸ਼ਾ ਹੱਕ-ਸੱਚ ਦੀ ਗੱਲ ਕਰਨੀ ਚਾਹੀਦੀ ਐ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਦਫ਼ਤਰ ਬਾਹਰ ਚਾਹ, ਦੁੱਧ ਤੇ ਬਰੈੱਡ ਪਕੌੜਿਆਂ ਦਾ ਲੰਗਰ ਲਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਦਸੰਬਰ:
ਆਮ ਆਦਮੀ ਪਾਰਟੀ (ਆਪ) ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਚਾਹ, ਦੁੱਧ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇੱਥੋਂ ਸੈਕਟਰ-79 ਸਥਿਤ ‘ਆਪ’ ਵਿਧਾਇਕ ਦੇ ਦਫ਼ਤਰ ਬਾਹਰ ਸਾਰਾ ਦਿਨ ਲੰਗਰ ਚਲਦਾ ਰਿਹਾ। ਵਿਧਾਇਕ ਕੁਲਵੰਤ ਸਿੰਘ ਸਮੇਤ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ, ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਪਰਮਜੀਤ ਸਿੰਘ ਕਾਹਲੋਂ, ਸਮਾਜ ਸੇਵੀ ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ, ਹਰਬਿੰਦਰ ਸਿੰਘ, ਅਰਵਿੰਦਰ ਸਿੰਘ ਗੋਸਲ ਅਤੇ ਹੋਰਨਾਂ ਵਲੰਟੀਅਰਾਂ ਨੇ ਦਿਨ ਭਰ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਤੋਂ ਪਹਿਲਾਂ ਗ੍ਰੰਥੀ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਅੱਜ ਦੁਨੀਆ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਹੁਕਮਾਂ ’ਤੇ ਚੱਲ ਕੇ ਮਾਨਵਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਹਮੇਸ਼ਾ ਹੱਕ-ਸੱਚ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਕੌਮ ਲਈ ਵਾਰ ਦਿੱਤਾ, ਅਜਿਹੀ ਕੁਰਬਾਨੀ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਇਸ ਉਪਰੰਤ ਵਿਧਾਇਕ ਗੁਰੂਦੁਆਰਾ ਭਗਤ ਧੰਨਾ ਜੀ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿੱਚ ਵੀ ਨਤਮਸਤਕ ਹੋਏ।
ਇਸ ਮੌਕੇ ਸਤਿੰਦਰ ਸਿੰਘ ਭੰਵਰਾ, ਪਰਮਜੀਤ ਸਿੰਘ, ਕੁਲਦੀਪ ਸਿੰਘ ਸਮਾਣਾ, ਜਸਵਿੰਦਰ ਸਿੰਘ, ਰੂਪ ਸਿੰਘ, ਸੁਖਦੇਵ ਸਿੰਘ ਪਟਵਾਰੀ, ਗੁਰਮੁੱਖ ਸਿੰਘ ਸੋਹਲ, ਰਾਜੀਵ ਵਸ਼ਿਸ਼ਟ, ਬਲਰਾਜ ਸਿੰਘ ਗਿੱਲ, ਅਰੁਣ ਗੋਇਲ, ਡਾ. ਕੁਲਦੀਪ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਤਰਨਜੀਤ ਸਿੰਘ ਗੋਸਲ ਹਾਜ਼ਰ ਸਨ।