ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਵਿਕਾਸ ਨੂੰ ਤਰਜੀਹ ਦਿਆਂਗੇ: ਭਗਵੰਤ ਮਾਨ

ਭਗਵੰਤ ਮਾਨ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੁਹਾਲੀ ਵਿੱਚ ਪਾਈ ਆਪਣੀ ਵੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਅੱਜ ਮੁਹਾਲੀ ਦੇ ਫੇਜ਼-3ਬੀ1 ਸਥਿਤ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਇਸ ਤੋਂ ਪਹਿਲਾਂ ਉਹ ਨਜ਼ਦੀਕੀ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੁਹਾਲੀ ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ, ਕੌਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਆਪ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੋਰ ਵਲੰਟੀਅਰ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਕ ਅਤੇ ਕੰਮ ਵਾਲਾ ਦਿਨ ਹੈ। ਅੱਜ ਮਤਦਾਨ ਕਾਰਨ ਮਿਲੀ ਛੁੱਟੀ ਨੂੰ ਪਿਕਨਿਕ ਸਮਝ ਕੇ ਮੌਜ ਮਸਤੀ ਨਾ ਕੀਤੀ ਜਾਵੇ ਸਗੋਂ ਪੋਲਿੰਗ ਬੂਥਾਂ ’ਤੇ ਖ਼ੁਦ ਮਤਦਾਨ ਕੀਤਾ ਜਾਵੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹੋਰਨਾਂ ਦੋਸਤਾਂ, ਮਿੱਤਰਾਂ ਅਤੇ ਸਾਕ ਸਬੰਧੀਆਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਲਈ ਪ੍ਰੇਰਿਆ ਜਾਵੇ। ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੁਰਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਅਤੇ ਗਰੀਬਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਦਕਰ ਨੇ ਭਾਰਤ ਸੰਵਿਧਾਨ ਲਿਖ ਕੇ ਹਰੇਕ ਨਾਗਰਿਕ ਨੂੰ ਮਤਦਾਨ ਅਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਸੀ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਦੇਸ਼ ਵਿੱਚ ਲੋਕਤੰਤਰ ਦੀ ਨੀਂਹ ਮਜ਼ਬੂਤ ਕਰਨਾ ਹਰੇਕ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਮਤਦਾਨ ਪ੍ਰਤੀ ਭਾਰੀ ਉਤਸ਼ਾਹ ਸਤਾ ਪਰਿਵਰਤਨ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ‘ਆਪ’ ਹੂੰਝਾਫੇਰ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਵਿੱਚ ਅਗਲੀ ਸਰਕਾਰ ‘ਆਪ’ ਦੀ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸੂਬੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਨੇ ਆਪਣੀ ਬਜ਼ੁਰਗ ਮਾਂ ਕੋਲੋਂ ਵੀ ਅਸ਼ੀਰਵਾਦ ਲਿਆ ਅਤੇ ਭਰੋਸਾ ਦਿੱਤਾ ਕਿ ਉਹ ਦੇਸ਼ ਦੇ ਮਹਾਨ ਸ਼ਹੀਦਾਂ ਅਤੇ ਸੂਰਬੀਰ ਯੋਧਿਆਂ ਦੇ ਦਰਸਾਏ ਮਾਰਗ ਚੱਲਦਿਆਂ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਉਨ੍ਹਾਂ ਦੀ ਮਾਂ ਨੂੰ ਜੋ ਪੰਜਾਬ ਪ੍ਰਤੀ ਉਸ ’ਤੇ ਉਮੀਦਾਂ ਹਨ, ਉਨ੍ਹਾਂ ’ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿਕਾਸ ਦੀ ਲੀਹ ’ਤੇ ਟੌਪ ਗੇਅਰ ਵਿੱਚ ਦੌੜੇਗਾ। ਇਸ ਤੋਂ ਇਲਾਵਾ ਹੁਕਮਰਾਨਾਂ ਦੀਆਂ ਵਧੀਕੀਆਂ ਦਾ ਉਨ੍ਹਾਂ ਕੋਲੋਂ ਹਿਸਾਬ ਵੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਖਾਸ ਕਰਕੇ ਸਾਡੀਆਂ ਧੀਆਂ ਭੈਣਾਂ-ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਤੋਂ ਅੱਕੇ ਲੋਕ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵਜੋਂ ਦੇਖ ਰਹੇ ਹਨ ਅਤੇ ਅੱਜ ਭਾਰੀ ਗਿਣਤੀ ਵਿੱਚ ਮਤਦਾਨ ਕਰਕੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਬਦਲਾਅ ਚਾਹੁੰਦੇ ਹਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…