
ਪੰਜਾਬ ’ਚੋਂ ਨਸ਼ਿਆਂ ਅਤੇ ਗੈਂਗਸਟਰ-ਵਾਦ ਸਫ਼ਾਇਆ ਕਰਕੇ ਸਾਹ ਲਵਾਂਗੇ: ਮਨੀਸ਼ ਸਿਸੋਦੀਆਂ
ਮੁਹਾਲੀ ਹਵਾਈ ਅੱਡੇ ’ਤੇ ਵਿਧਾਇਕਾਂ ਅਤੇ ਵਲੰਟੀਅਰਾਂ ਵੱਲੋਂ ਮਨੀਸ਼ ਸਿਸੋਦੀਆਂ ਦਾ ਨਿੱਘਾ ਸਵਾਗਤ
ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਮਨੀਸ਼ ਸਿਸੋਦੀਆਂ ਦਾ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ ‘ਆਪ’ ਵਿਧਾਇਕ ਕੁਲਵੰਤ ਸਿੰਘ ਅਤੇ ਹੋਰਨਾਂ ਵਿਧਾਇਕਾਂ ਅਤੇ ‘ਆਪ’ ਵਲੰਟੀਅਰਾਂ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ‘ਆਪ’ ਵਲੰਟੀਅਰਾਂ ਵਿੱਚ ਸਿਸੋਦੀਆਂ ਨਾਲ ਸੈਲਫ਼ੀਆਂ ਲੈਣ ਦਾ ਹੜ੍ਹ ਆ ਗਿਆ। ਸ੍ਰੀ ਸਿਸੋਦੀਆਂ ਅਤੇ ਹੋਰਨਾਂ ਆਗੂਆਂ ਨੇ ਏਅਰਪੋਰਟ ਦੇ ਬਾਹਰ ਲੱਗੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਹਰਦੀਪ ਸਿੰਘ ਮੁੰਡੀਆਂ, ਕੁਲਦੀਪ ਸਿੰਘ ਧਾਲੀਵਾਲ ਸਮੇਤ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ‘ਆਪ’ ਆਗੂ ਨੀਲ ਗਰਗ ਅਤੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜਗਰੂਪ ਸਿੰਘ ਸੇਖਵਾਂ, ਕਾਕਾ ਬਰਾੜ, ਸ਼ੈਰੀ ਕਲਸੀ (ਸਾਰੇ ਵਿਧਾਇਕ) ਅਤੇ ਹੋਰ ਵਲੰਟੀਅਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਮਨੀਸ਼ ਸਿਸੋਦੀਆਂ ਨੇ ‘ਆਪ’ ਵਲੰਟੀਅਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਪ੍ਰੇਰਦਿਆਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੇ ਮੁਕਾਬਲੇ ਕੋਈ ਦੂਜਾ ਬਦਲ ਨਹੀਂ ਹੈ। ‘ਆਪ’ ਲੀਡਰਸ਼ਿਪ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ ਅਤੇ ਪਿਛਲੇ ਤਿੰਨ ਸਾਲਾਂ ਵਿੱਚ ਸੂਬਾ ਸਰਕਾਰ ਨੇ ਵਿਕਾਸ ਦੀ ਨਵੀਂ ਕ੍ਰਾਂਤੀ ਲਿਆਂਦੀ ਹੈ ਅਤੇ ਸਰਕਾਰੀ ਦਫ਼ਤਰਾਂ ’ਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਧਿਕਾਰੀ ਖ਼ੁਦ ਲੋਕਾਂ ਦੇ ਬੂਹੇ ’ਤੇ ਜਾ ਕੇ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਗਾਏ ਗਏ ਸੁਵਿਧਾ ਕੈਂਪਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਮਨੀਸ਼ ਸਿਸੋਦੀਆਂ ਨੇ ਕਿਹਾ ਕਿ ‘ਆਪ’ ਸਰਕਾਰ ਪੰਜਾਬ ’ਚੋਂ ਨਸ਼ਿਆਂ ਅਤੇ ਗੈਂਗਸਟਰ-ਵਾਦ ਸਫ਼ਾਇਆ ਕਰਕੇ ਸਾਹ ਲਵੇਗੀ। ਹੁਣ ਤੱਕ ਵੱਡੀ ਮਾਤਰਾਂ ਵਿੱਚ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ ਅਤੇ ਡਰੱਗ ਮਨੀ ਨਾਲ ਬਣਾਈਆਂ ਜਾਇਦਾਦਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਨੀਤੀਆਂ ਤੋਂ ਰਾਜ ਦੇ ਲੋਕ ਖ਼ੁਸ਼ ਹਨ।