
ਮਟੌਰ ਮਸਜਿਦ ਦਾ ਘੇਰਾ ਵਧਾਉਣ ਅਤੇ ਕਬਰਿਸਤਾਨ ਦਾ ਮਸਲਾ ਹੱਲ ਕਰਾਂਗੇ: ਜੀਤੀ ਸਿੱਧੂ
ਮਟੌਰ ਵਿੱਚ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਵੀ ਛੇਤੀ ਸ਼ੁਰੂ ਕਰਨ ਦੀ ਗੱਲ ਕਹੀ
ਨਬਜ਼-ਏ-ਪੰਜਾਬ, ਮੁਹਾਲੀ, 23 ਮਾਰਚ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਮਟੌਰ (ਸੈਕਟਰ-70) ਵਿੱਚ ਮਸਜਿਦ ਦੀ ਜ਼ਮੀਨ ਦਾ ਘੇਰਾ ਵਧਾਉਣ ਅਤੇ ਕਬਰਿਸਤਾਨ ਦਾ ਮਸਲਾ ਜਲਦੀ ਹੱਲ ਕੀਤਾਠ ਜਾਵੇਗਾ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਹ ਭਰੋਸਾ ਪਿੰਡ ਮਟੌਰ ਵਿੱਚ ਮੁਸਲਿਮ ਭਾਈਚਾਰੇ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਦਿੱਤਾ। ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਹੈਪੀ ਅਤੇ ਸਮਾਜ ਸੇਵੀ ਅਸ਼ੋਕ ਆਨੰਦ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਮੁਸਲਿਮ ਭਾਈਚਾਰੇ ਦੇ ਆਗੂ ਬਿੱਲਾ ਖਾਨ ਨੇ ਮਟੌਰ ਵਿੱਚ ਮੁਸਲਿਮ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਟੌਰ ਦੀ ਮਸਜਿਦ ਵਿੱਚ 400 ਤੋਂ 500 ਵਿਅਕਤੀ ਇਕੱਠੇ ਹੁੰਦੇ ਹਨ ਪ੍ਰੰਤੂ ਇੱਥੇ ਦੀ ਥਾਂ ਵੱਡੀ ਘੱਟ ਹੋਣ ਕਾਰਨ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਪੜ੍ਹਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ ਕਿਉਂਕਿ ਇੱਥੇ ਸਿਰਫ਼ 40-50 ਕੁ ਵਿਅਕਤੀਆਂ ਦੇ ਬੈਠਣ ਉਠਣ ਦੀ ਸਮਰੱਥਾ ਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਟੌਰ ਦੇ ਕਬਰਿਸਤਾਨ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਮਸਜਿਦ ਦਾ ਦਾਇਰਾ ਵਧਾ ਕੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇਗਾ ਅਤੇ ਕਬਰਿਸਤਾਨ ਦੀ ਸਮੱਸਿਆ ਵੀ ਜਲਦੀ ਹੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਟੌਰ ਵਾਸੀਆਂ ਨੂੰ
ਸਫ਼ਾਈ ਅਤੇ ਗੰਦਗੀ ਤੋਂ ਵੀ ਨਿਜਾਤ ਦਿਵਾਈ ਜਾਵੇਗੀ। ਮੇਅਰ ਨੇ ਦੱਸਿਆ ਕਿ ਮਟੌਰ ਧਰਮਸ਼ਾਲਾ ਬਾਰੇ ਨਗਰ ਨਿਗਮ ਦੇ ਹਾਊਸ ਵਿੱਚ ਮਤਾ ਪਾਸ ਕੀਤਾ ਜਾ ਚੁੱਕਾ ਹੈ ਅਤੇ ਛੇਤੀ ਹੀ ਧਰਮਸ਼ਾਲਾ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੀਟਿੰਗ ਵਿੱਚ ਦੀਪਕ ਮਲੋਤਰਾ, ਗੁਰਪ੍ਰੀਤ ਵਿੱਕੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।