
ਮਹਾਤਮਾ ਗਾਂਧੀ ਦੇ ਸਿਧਾਂਤਾਂ, ਅਹਿੰਸਾ, ਮੁਆਫ਼ੀ ਵਿਸ਼ੇ ’ਤੇ ਵੈਬਿਨਾਰ
ਜ਼ਿਲ੍ਹਾ ਪੱਧਰੀ ਵੈਬਿਨਾਰ ਵਿੱਚ ਸਕੂਲਾਂ, ਕਾਲਜਾਂ ਦੇ ਪ੍ਰੋਗਰਾਮ ਅਫ਼ਸਰਾਂ ਤੇ ਵਲੰਟੀਅਰਾਂ ਨੇ ਲਿਆ ਹਿੱਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਗਾਂਧੀ ਜਯੰਤੀ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼ੁੱਕਰਵਾਰ ਨੂੰ ਮਹਾਤਮਾ ਗਾਂਧੀ ਦੇ ਸਿਧਾਂਤਾਂ, ਅਹਿੰਸਾ ਅਤੇ ਮੁਆਫ਼ੀ ਵਿਸ਼ੇ ’ਤੇ ਜ਼ਿਲ੍ਹਾ ਪੱਧਰੀ ਵੈਬਿਨਾਰ ਕਰਵਾਇਆ ਗਿਆ। ਜਿਸ ਵਿੱਚ ਮੁਹਾਲੀ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਅਤੇ ਵਲੰਟੀਅਰਾਂ ਨੇ ਹਿੱਸਾ ਲਿਆ। ਜਿਸ ਵਿੱਚ ਹਰਦਿਲ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਸਿਧਾਂਤ ਆਮ ਆਦਮੀ ਨੂੰ ਚੰਗੀ ਸੇਧ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੇ ਸਿਧਾਂਤਾਂ ’ਤੇ ਚੱਲ ਕੇ ਮਨੁੱਖ ਜੀਵਨ ਵਿੱਚ ਅਨੇਕਾਂ ਸਫ਼ਲਤਾਵਾਂ ਪ੍ਰਾਪਤ ਕਰ ਸਕਦਾ ਹੈ।
ਯੁਵਕ ਸੇਵਾਵਾਂ ਵਿਭਾਗ ਦੀ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਵਿੱਚ ਚੱਲਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ ਅਤੇ ਕਾਲਜਾਂ ਵਿੱਚ ਚਲਦੇ ਰੈੱਡ ਰੀਬਨ ਕਲੱਬਾਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਰੇ ਇਸੇ ਤਰ੍ਹਾਂ ਇੱਕਜੱੁਟ ਹੋ ਕੇ ਕੰਮ ਕਰਦੇ ਰਹਿਣ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਕੌਮੀ ਸੇਵਾ ਯੋਜਨਾ ਇਕਾਈਆਂ ਅਤੇ ਰੈੱਡ ਰੀਬਨ ਕਲੱਬਾਂ ਵੱਲੋਂ ਵੀ ਆਪਣੇ ਪੱਧਰ ’ਤੇ ਲੈਕਚਰ, ਵੈਬਿਨਾਰ, ਸੈਮੀਨਾਰ, ਡੀਬੇਟ, ਕੁਇਜ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਉਧਰ, ਸਭਿਆਚਾਰਕ ਮੰਤਰਾਲੇ ਭਾਰਤ ਸਰਕਾਰ ਅਤੇ ਸਭਿਆਚਾਰਕ ਮਾਮਲੇ ਪੁਰਾਤਤਵ ਅਤੇ ਅਜਾਇਬ ਘਰ, ਪੰਜਾਬ ਦੇ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਸਬੰਧੀ ਵੱਖ-ਵੱਖ ਵਿਭਾਗਾਂ ਵੱਲੋਂ ਵਰਚੂਅਲ ਲੈਕਚਰ, ਵੈਬਿਨਾਰ, ਸੈਮੀਨਾਰ, ਕਾਨਫਰੰਸਾਂ, ਡੀਬੇਟ/ਕੁਇਜ਼, ਪ੍ਰਦਰਸ਼ਨੀ, ਪੋਸਟਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੋਬਿੰਦਗੜ੍ਹ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵਰਚੂਅਲ ਲੈਕਚਰ ਅਤੇ ਵੈਬਿਨਾਰ ਵਿੱਚ ਭਾਗ ਲਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਧਿਆ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਭਾਸ਼ਣ ਦਿੱਤੇ ਅਤੇ ਕਵਿਤਾਵਾਂ ਬੋਲੀਆਂ। ਉਨ੍ਹਾਂ ਦੱਸਿਆ ਕਿ ਵੈਬਿਨਾਰ ਰਾਹੀਂ ਬੱਚਿਆਂ ਨੂੰ ਗਾਂਧੀ ਜੈਯੰਤੀ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ।