ਵਿਆਹ ਸਮਾਗਮ: ਜਸ਼ਨ ਮਨਾਉਂਦੇ ਸਮੇਂ ਹਵਾਈ ਫਾਇਰ ਕਰਨ ਵਾਲਾ ਰਿਸ਼ਤੇਦਾਰ ਗ੍ਰਿਫ਼ਤਾਰ, ਕੇਸ ਦਰਜ
ਮੁਲਜ਼ਮ ਦਾ ਪਿਸਤੌਲ ਜ਼ਬਤ, ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸਲਾ ਲਾਇਸੈਂਸ ਰੱਦ ਕਰਨ ਲਈ ਪੱਤਰ ਲਿਖਿਆ
ਨਬਜ਼-ਏ-ਪੰਜਾਬ, ਮੁਹਾਲੀ, 18 ਮਾਰਚ:
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਵਿਆਹ ਸਮਾਗਮ ਦੌਰਾਨ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਵਿਰੁੱਧ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਸੁੱਖਾ ਵਾਸੀ ਪ੍ਰੇਮਗੜ੍ਹ (ਪਿੰਡ ਸੈਣੀ ਮਾਜਰਾ) ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਐਰੋਸਿਟੀ ਥਾਣੇ ਵਿੱਚ ਅਸਲਾ ਐਕਟ ਤਹਿ ਪਰਚਾ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਐਰੋਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸੈਕਟਰ-101 (ਪਿੰਡ ਸੈਣੀ ਮਾਜਰਾ) ਵਿਚ ਵਿਆਹ ਸਮਾਗਮ ਦੌਰਾਨ ਸਟੇਜ ਉੱਤੇ ਜਸ਼ਨ ਮਨਾਉਂਦੇ ਸਮੇਂ ਇੱਕ ਵਿਅਕਤੀ ਵੱਲੋਂ ਪਹਿਲਾਂ ਹਵਾਈ ਫਾਇਰਿੰਗ ਕੀਤੀ ਗਈ ਅਤੇ ਬਾਅਦ ਜਦੋਂ ਉਹ ਪਿਸਤੌਲ ਜੇਬ ਵਿੱਚ ਪਾਉਣ ਲੱਗਾ ਤਾਂ ਅਚਾਨਕ ਪਿਸਤੌਲ ’ਚੋਂ ਇੱਕ ਹੋਰ ਗੋਲੀ ਚੱਲ ਗਈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਪ੍ਰੰਤੂ ਵਿਆਹ ਸਮਾਗਮ ਵਿਚ ਹਫੜਾ-ਦਫੜੀ ਮੱਚ ਗਈ। ਵਿਆਹ ਦੀ ਖ਼ੁਸ਼ੀ ਵਿਚ ਸਟੇਜ ’ਤੇ ਤਿੰਨ ਨੌਜਵਾਨ ਭੰਗੜਾ ਪਾ ਰਹੇ ਸਨ। ਇਸ ਦੌਰਾਨ ਅਚਾਨਕ ਇੱਕ ਵਿਅਕਤੀ ਨੇ ਹਵਾਈ ਫਾਇਰ ਕਰ ਦਿੱਤਾ। ਐਨੇ ਵਿਚ ਤਿੰਨ ਹੋਰ ਨੌਜਵਾਨ ਸਟੇਜ ’ਤੇ ਪਹੁੰਚ ਗਏ ਅਤੇ ਉਹ ਵੀ ਭੰਗੜਾ ਪਾਉਣ ਲੱਗ ਪਏ, ਹਾਲਾਂਕਿ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਗਿਆ ਪ੍ਰੰਤੂ ਜਸ਼ਨ ਜਾਰੀ ਰਿਹਾ। ਦੱਸਿਆ ਗਿਆ ਕਿ ਬਾਅਦ ਜਦੋਂ ਹੋਰਨਾਂ ਰਿਸ਼ਤੇਦਾਰਾਂ ਦੇ ਸਮਝਾਉਣ ’ਤੇ ਸੁੱਖਾ ਆਪਣਾ ਪਿਸਤੌਲ ਜੇਬ ਵਿਚ ਪਾਉਣ ਲੱਗਾ ਤਾਂ ਅਚਾਨਕ ਘੋੜਾ ਦੱਬ ਗਿਆ ਅਤੇ ਗੋਲੀ ਚੱਲ ਗਈ। ਬਾਅਦ ਸਾਰਿਆਂ ਨੂੰ ਸਟੇਜ ਤੋਂ ਥੱਲੇ ਲਾਹਿਆ ਗਿਆ ਪ੍ਰੰਤੂ ਫਾਇਰਿੰਗ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਥਾਣਾ ਮੁਖੀ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਨੂੰ ਆਧਾਰ ਬਣਾ ਕੇ ਗੋਲੀ ਚਲਾਉਣ ਵਾਲੇ ਵਿਰੁੱਧ ਬੀਐਨਐਸ ਐਕਟ ਦੀ ਧਾਰਾ 125 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਘਟਨਾ ਫੁਕਰਪੁਣੇ ਵਿੱਚ ਕੀਤੀ ਗਈ ਜਾਪਦੀ ਹੈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਮੁਹਾਲੀ ਦੇ ਸਮੂਹ ਮੈਰਿਜ ਪੈਲੇਸਾਂ ਦੇ ਬਾਹਰ ਪਹਿਲਾਂ ਹੀ ਹਥਿਆਰ ਲੈ ਕੇ ਜਾਣ ਦੀ ਮਨਾਹੀ ਦੇ ਹੁਕਮ ਲਿਖੇ ਹੋਏ ਹਨ ਪੰਤੂ ਇਸ ਦੇ ਬਾਵਜੂਦ ਇਹ ਵਾਰਦਾਤ ਵਾਪਰ ਗਈ ਹੈ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਵਾਲੇ ਸੁਖਪ੍ਰੀਤ ਸਿੰਘ ਸੁੱਖੀ ਦਾ .30 ਬੋਰ ਦਾ ਲਾਇਸੈਂਸੀ ਪਿਸਤੌਲ ਵੀ ਪੁਲੀਸ ਨੇ ਜ਼ਬਤ ਕਰ ਲਿਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਲਜ਼ਮ ਦਾ ਅਸਲਾ ਲਾਇਸੈਂਸ ਰੱਦ ਕਰਨ ਬਾਰੇ ਪੱਤਰ ਲਿਖਿਆ ਗਿਆ ਹੈ।