Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਹੋਇਆ ਬਿਲਕੁਲ ਸਾਦਾ ਵਿਆਹ ਲਾੜਾ ਚਿੱਟੇ ਕੁੜਤੇ ਪਜਾਮੇ ਵਿੱਚ 4 ਬਰਾਤੀਆਂ ਨਾਲ ਸਿੱਧਾ ਗੁਰਦੁਆਰਾ ਸਾਹਿਬ ਪੁੱਜਾ, ਆਨੰਦ ਕਾਰਜ ਲੈਣ ਮਗਰੋਂ ਵਾਪਸ ਚਾਲੇ ਪਾਏ ਮਿਲਣੀਆਂ ਸਮੇਤ ਹੋਰ ਕੋਈ ਰਸਮ ਵੀ ਨਹੀਂ ਕੀਤੀ, ਚਾਹ-ਪਾਣੀ ਤੇ ਭੋਜਨ ਵੀ ਨਹੀਂ ਛਕਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਪਰੈਲ: ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਦੀ ਵਸਨੀਕ ਗਗਨਦੀਪ ਕੌਰ ਦਾ ਵਿਆਹ ਐਤਵਾਰ ਨੂੰ ਰਾਜਦੀਪ ਸਿੰਘ ਵਾਸੀ ਖੰਨਾ ਨਾਲ ਹੋਇਆ। ਬਹੁਤ ਸਾਦੇ ਤਰੀਕੇ ਨਾਲ ਹੋਏ ਇਸ ਵਿਆਹ ਵਿੱਚ ਦੋਵਾਂ ਧਿਰਾਂ ਦੇ ਸਿਰਫ਼ 8 ਕੁ ਵਿਅਕਤੀ ਹਾਜ਼ਰ ਸਨ। ਇਸ ਤੋਂ ਪਹਿਲਾਂ ਦੋਵੇਂ ਪਰਿਵਾਰਾਂ ਨੇ ਬੀਤੀ 29 ਮਾਰਚ ਨੂੰ ਧੂਮ-ਧੜੱਕੇ ਨਾਲ ਵਿਆਹ ਕਰਨ ਲਈ ਮੈਰਿਜ ਪੈਲੇਸ ਵੀ ਬੁੱਕ ਕੀਤਾ ਸੀ। ਪਰਿਵਾਰਕ ਮੈਂਬਰ ਵਿਆਹ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਆਏ ਹੋਏ ਸਨ ਪ੍ਰੰਤੂ ਕਰੋਨਾਵਾਇਰਸ ਦੀ ਦਹਿਸ਼ਤ ਅਤੇ ਕਰਫਿਊ ਕਾਰਨ ਵਿਆਹ ਦੀਆਂ ਸਾਰੀਆਂ ਰਸਮਾਂ ’ਤੇ ਪਾਣੀ ਫਿਰ ਗਿਆ। ਜਿਸ ਕਾਰਨ ਵਿਆਹ ਨੂੰ ਟਾਲ ਦਿੱਤਾ ਗਿਆ ਸੀ। ਲੇਕਿਨ ਬਾਅਦ ਵਿੱਚ ਸਮਾਜ ਨੂੰ ਸੇਧ ਦੇਣ ਲਈ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਲਿਆ ਗਿਆ। ਅੱਜ ਲਾੜਾ ਪਰਿਵਾਰ ਦੇ ਸਿਰਫ਼ ਚਾਰ ਮੈਂਬਰ ਆਨੰਦ ਕਾਰਜ ਕਰਵਾਉਣ ਲਈ ਸਿੱਧਾ ਗਰੀਨ ਇਨਕਲੇਵ ਦਾਊਂ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਅਤੇ ਬਿਨਾਂ ਕਿਸੇ ਆਓ ਭਗਤ ਅਤੇ ਚਾਹ ਪਾਣੀ ਪੀਣ ਪੀਤੇ ਹੀ ਆਨੰਦ ਕਾਰਜ ਲਏ ਗਏ। ਇਸ ਮਗਰੋਂ ਇਕ ਰਸਮ ਨਿਭਾਉਣ ਲਈ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿੱਚ ਦਾਖ਼ਲ ਹੋਣ ਲੱਗੀ ਤਾਂ ਰਸਤੇ ਵਿੱਚ ਪੰਚਾਇਤ ਅਤੇ ਕਲੱਬ ਮੈਂਬਰਾਂ ਨੇ ਉਨ੍ਹਾਂ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਪਿੰਡ ਦੇ ਐਂਟਰੀ ਪੁਆਇੰਟ ’ਤੇ ਬਾਹਰੀ ਵਿਅਕਤੀਆਂ ਨੂੰ ਆਉਣ ਤੋਂ ਰੋਕਣ ਲਈ ਲਗਾਏ ਨਾਕੇ ਉੱਤੇ ਸਰਪੰਚ ਅਜਮੇਰ ਸਿੰਘ ਤੇ ਹੋਰਨਾਂ ਪਤਵੰਤਿਆਂ ਨੇ ਸੈਨੇਟਾਈਜ਼ਰ ਨਾਲ ਸਾਰਿਆਂ ਦੇ ਹੱਥ ਸਾਫ਼ ਕਰਵਾਏ ਅਤੇ ਨਵੀਂ ਵਿਆਹੀ ਜੋੜੀ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਲਾੜਾ ਰਾਜਦੀਪ ਸਿੰਘ ਨੇ ਸ਼ੇਰਵਾਨੀ ਜਾਂ ਹੋਰ ਮਹਿੰਗੇ ਕੱਪੜੇ ਪਾਉਣ ਦੀ ਥਾਂ ਚਿੱਟਾ ਕੁੜਤਾ ਪਜਾਮਾ ਪਾ ਕੇ ਆਇਆ। ਉਨ੍ਹਾਂ ਨੇ ਮਿਲਣੀਆਂ ਦੀ ਰਸਮ ਵੀ ਨਹੀਂ ਕੀਤੀ। ਪ੍ਰਬੰਧਕਾਂ ਵੱਲੋਂ ਮਹਿਮਾਨਾਂ ਲਈ ਚਾਹ-ਪਾਣੀ ਅਤੇ ਭੋਜਨ ਦੀ ਦਾਅਵਤ ਵੀ ਨਹੀਂ ਦਿੱਤੀ ਗਈ। ਇੱਥੋਂ ਤੱਕ ਕੇ ਗੁਆਂਢੀਆਂ ਨੂੰ ਵੀ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦ ਨਹੀਂ ਦਿੱਤਾ ਗਿਆ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੋਵਾਂ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਹੋਰਨਾਂ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਫਜ਼ੂਲ ਖ਼ਰਚੀ ਅਤੇ ਬੇਲੋੜੀ ਰਸਮਾਂ ਅਤੇ ਰਿਵਾਜ਼ਾਂ ਨੂੰ ਤਿਲਾਂਜਲੀ ਦੇ ਕੇ ਸਾਦੇ ਵਿਆਹ ਕੀਤੇ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ