
ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’
ਸ਼ਹਿਰ ਵਿੱਚ ਲੱਗਣ ਵਾਲੀਆਂ ਮੰਡੀਆਂ ਤੋਂ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ: ਮਿੱਤਲ
ਨਬਜ਼-ਏ-ਪੰਜਾਬ, ਮੁਹਾਲੀ, 20 ਅਪਰੈਲ:
ਮੁਹਾਲੀ ਦੇ ਵੱਖ-ਵੱਖ ਸੈਕਟਰਾਂ ਵਿੱਚ ਲੱਗਣ ਵਾਲੀਆਂ ਹਫ਼ਤਾਵਾਰੀ ਮੰਡੀਆਂ (ਆਪਣੀ ਮੰਡੀ) ਅਤੇ ਰੇਹੜੀ-ਫੜ੍ਹੀਆਂ ਤੋਂ ਸ਼ਹਿਰ ਵਾਸੀਆਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਮੰਡੀਆਂ ਵਿੱਚ ਲੋੜੀਂਦੇ ਸੁਧਾਰਾਂ ’ਤੇ ਛੇਤੀ ਹੀ ਵਿਚਾਰ ਕੀਤਾ ਜਾਵੇਗਾ। ਆਪਣੀ ਮੰਡੀ ਵਾਲੀ ਥਾਂ ’ਤੇ ਕੂੜਾ-ਕਰਕਟ ਅਤੇ ਹੋਰ ਕਿਸਮ ਦੀ ਗੰਦਗੀ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਐਡਵੋਕੇਟ ਗੋਵਿੰਦਰ ਮਿੱਤਲ ਨੇ ਐਤਵਾਰ ਨੂੰ ਐਰੋਸਿਟੀ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਹਫ਼ਤਾਵਾਰੀ ਕਿਸਾਨ ਮੰਡੀਆਂ (ਆਪਣੀ ਮੰਡੀਆਂ) ਜਿੱਥੇ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਹਨ, ਉੱਥੇ ਇਹ ਵਿਕੇ੍ਰਤਾਵਾਂ ਅਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਐਰੋਸਿਟੀ ਦੇ ਅਹੁਦੇਦਾਰਾਂ ਅਤੇ ਸੈਕਟਰ ਵਾਸੀਆਂ ਨੇ ਲੰਘੀ ਰਾਤ ਚੇਅਰਮੈਨ ਮਿੱਤਲ ਨਾਲ ਮੁਲਾਕਾਤ ਕਰਕੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ ਕਿ ਏਅਰਪੋਰਟ ਚੌਕ ਨੇੜੇ ਲਗਦੀ ਕਿਸਾਨ ਮੰਡੀ ਤੋਂ ਬਾਅਦ ਗਰਾਉਂਡ ਵਿੱਚ ਰਹਿੰਦ-ਖਹੰੂਦ ਐਵੇਂ ਹੀ ਪਈ ਰਹਿੰਦੀ ਹੈ। ਜਿਸ ਕਾਰਨ ਇਲਾਕੇ ਵਿੱਚ ਗੰਦਗੀ ਫੈਲ ਰਹੀ ਹੈ। ਇਸ ਤਰ੍ਹਾਂ ਅੱਜ ਚੇਅਰਮੈਨ ਨੇ ਸੈਕਟਰ ਵਾਸੀਆਂ ਨਾਲ ਐਰੋਸਿਟੀ ਦੇ ਬਲਾਕ-ਈ ਵਿੱਚ ਮੰਡੀ ਸਥਾਨ ਦਾ ਦੌਰਾ ਕੀਤਾ ਅਤੇ ਆਪਣੀ ਨਿਗਰਾਨੀ ਵਿੱਚ ਸਫ਼ਾਈ ਕਰਵਾਈ। ਉਨ੍ਹਾਂ ਨੇ ਆਪਣੀ ਮੰਡੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਸੁਝਾਅ ਵੀ ਮੰਗੇ।
ਮਿੱਤਲ ਨੇ ਕਿਹਾ ਕਿ ਆਪਣੀ ਮੰਡੀਆਂ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਮੰਡੀਆਂ ਸਬੰਧੀ ਕੋਈ ਸ਼ਿਕਾਇਤ ਜਾਂ ਸੁਝਾਅ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਆਪਣੀ ਮੰਡੀਆਂ ਦੀ ਗਿਣਤੀ ਵਧਾਉਣ ਲਈ ਜਲਦੀ ਵਿਚਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਤਾਜ਼ੀਆਂ ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦਦਾਰੀ ਲਈ ਦੂਰ-ਦੁਰਾਡੇ ਨਾ ਜਾਣਾ ਪਵੇ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਅਮਿੱਤ ਜੈਨ, ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਕੁਮਾਰ, ਜਨਰਲ ਸਕੱਤਰ ਹਰਸ਼ਰਨਜੀਤ ਸਿੰਘ ਅਤੇ ਹੋਰ ਪਤਵੰਤੇ ਮੌਜੂਦ ਸਨ।