
ਨਵੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਪੰਜਾਬ ਸੀਨੀਅਰ ਵੈਟਸ ਐਸੋਸੀਏਸ਼ਨ ਨੇ ਨਵੇਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕੀਤਾ ਹੈ, ਜਿਨ੍ਹਾਂ ਨੂੰ ਅੱਜ ਰਾਜਪਾਲ ਪੰਜਾਬ ਵੱਲੋਂ ਸਹੁੰ ਚੁਕਾਈ ਗਈ।
ਡਾ: ਗੁਰਿੰਦਰ ਸਿੰਘ ਵਾਲੀਆ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਅਤੇ ਸਾਬਕਾ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਆਸ ਪ੍ਰਗਟਾਈ ਕਿ ਸ੍ਰੀ ਖੁੱਡੀਆਂ ਜੋ ਕਿ ਖੁਦ ਇੱਕ ਕਿਸਾਨ ਹੋਣ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ, ਪਸ਼ੂ ਪਾਲਣ ਵਿਭਾਗ ਵਿੱਚ ਵੱਡੀ ਤਬਦੀਲੀ ਲਿਆਉਣਗੇ। ਜਿਸ ਨਾਲ ਕਿਸਾਨਾਂ, ਖਾਸ ਤੌਰ ‘ਤੇ ਪਸ਼ੂ ਪਾਲਕਾਂ ਦੀ ਆਰਥਿਕਤਾ ਵਿੱਚ ਵੱਡਾ ਸੁਧਾਰ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਸ਼ੂ ਪਾਲਣ ਦੇ ਖੇਤਰ ਵਿੱਚ ਨਾ ਸਿਰਫ਼ ਪੌਸ਼ਟਿਕ ਸੁਰੱਖਿਆ ਪ੍ਰਦਾਨ ਕਰਨ ਦੇ ਵੱਡੇ ਮੌਕੇ ਹਨ, ਸਗੋਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਦੀਆਂ ਵੀ ਬਹੁਤ ਸੰਭਾਵਨਾਵਾਂ ਹਨ ਹਨ।
ਡਾਕਟਰ ਵਾਲੀਆ ਨੇ ਨਵੇਂ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੇਵਾਮੁਕਤ ਵੈਟਸ ਨਾ ਸਿਰਫ਼ ਪੇਂਡੂ ਆਰਥਿਕਤਾ ਨੂੰ ਸੁਧਾਰਨ ਲਈ ਸੁਝਾਅ ਦੇ ਸਕਦੇ ਹਨ, ਸਗੋਂ ਲੋਕ ਹਿੱਤ ਵਿੱਚ ਜਿੱਥੇ ਵੀ ਲੋੜ ਹੋਵੇ, ਆਪਣੀਆਂ ਸੇਵਾਵਾਂ ਵੀ ਪ੍ਰਦਾਨ ਕਰ ਸਕਦੇ ਹਨ।
ਇਸੇ ਦੌਰਾਨ ਡਾ: ਨਿਤਿਨ ਕੁਮਾਰ ਸਾਬਕਾ ਸੀ.ਈ.ਓ. ਪੰਜਾਬ ਗਊ ਸੇਵਾ ਕਮਿਸ਼ਨ, ਡਾ: ਸੰਜੀਵ ਖੋਸਲਾ ਸਾਬਕਾ ਡਾਇਰੈਕਟਰ ਪਸ਼ੂ ਪਾਲਣ ਪੰਜਾਬ, ਡਾ: ਬਿਮਲ ਸ਼ਰਮਾ, ਪ੍ਰਿੰਸੀਪਲ ਸਰਕਾਰੀ ਵੈਟਰਨਰੀ ਪੌਲੀਟੈਕਨਿਕ, ਕਾਲਝਰਾਣੀ, ਡਾ: ਦੇਸ਼ ਦੀਪਕ ਗੋਇਲ ਸਾਬਕਾ ਡਿਪਟੀ ਡਾਇਰੈਕਟਰ ਸਟੈਟਿਸਟਿਕਸ ਅਤੇ ਡਾ: ਕੇ.ਪੀ.ਐਸ. ਪਸਰੀਚਾ ਸਾਬਕਾ ਡਿਪਟੀ ਡਾਇਰੈਕਟਰ ਪੋਲਟਰੀ ਵਿਕਾਸ ਨੇ ਵੀ ਸ਼੍ਰੀ ਖੁੱਡੀਆਂ ਵਲੋਂ ਪਸ਼ੂ ਪਾਲਣ ਵਿਭਾਗ ਦੀ ਵਾਗਡੋਰ ਸੰਭਾਲਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ।