ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਗਮਾਡਾ ’ਤੇ ਰੈਵੀਨਿਊ ਰਸਤਿਆਂ ਵਾਲੀ ਜ਼ਮੀਨ ਦੇ ਨਕਸ਼ੇ ਪਾਸ ਕਰਨ ਦਾ ਦੋਸ਼

ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਦਿੱਤੀ ਲਿਖਤੀ ਸ਼ਿਕਾਇਤ, ਜ਼ਿੰਮੇਵਾਰ ਅਫ਼ਸਰਾਂ ਵਿਰੁੱਧ ਵਿਭਾਗੀ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਸਤੰਬਰ:
ਇੱਥੋਂ ਦੇ ਟੀਡੀਆਈ ਸਿਟੀ, ਸੈਕਟਰ-110 ਅਤੇ ਸੈਕਟਰ-111 ਦੀਆਂ ਵੈੱਲਫੇਅਰ ਐਸੋਸੀਏਸ਼ਨਾਂ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਰੈਵੀਨਿਊ ਰਸਤਿਆਂ ਵਿੱਚ ਗਮਾਡਾ ਅਧਿਕਾਰੀ ਬਿਲਡਰ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ। ਐਸੋਸੀਏਸ਼ਨਾਂ ਨੇ ਸਾਂਝੇ ਤੌਰ ’ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਬਿਨਾ ਜ਼ਮੀਨੀ ਹਕੀਕਤ ਜਾਣਿਆ ਉਕਤ ਸੈਕਟਰਾਂ ਦੇ ਨਕਸ਼ੇ ਪਾਸ ਕਰਨ ਦੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮਵਾਰ ਅਫ਼ਸਰਾਂ ਅਤੇ ਸਟਾਫ਼ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ।
ਐਸੋਸੀਏਸ਼ਨਾਂ ਦੇ ਆਗੂਆਂ ਰਾਜਵਿੰਦਰ ਸਿੰਘ, ਜਸਵੀਰ ਸਿੰਘ ਗੜਾਂਗ, ਸਾਧੂ ਸਿੰਘ, ਸੰਤ ਸਿੰਘ, ਜਸਵਿੰਦਰ ਸਿੰਘ ਗਿੱਲ, ਭਜਨ ਸਿੰਘ, ਬੰਤ ਸਿੰਘ ਭੁੱਲਰ, ਪ੍ਰੇਮ ਸਿੰਘ, ਹਰਮਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਬਿਲਡਰ ਵੱਲੋਂ 161 ਏਕੜ ਦੀਆਂ ਸਕੀਮਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਜਦੋਂਕਿ ਗਮਾਡਾ ਵੱਲੋਂ ਲਗਭਗ 205 ਏਕੜ ਜ਼ਮੀਨ ਦੇ ਨਕਸ਼ੇ ਪਾਸ ਕਰ ਦਿੱਤੇ ਗਏ ਹਨ। ਗਮਾਡਾ ਅਧਿਕਾਰੀਆਂ ਵੱਲੋਂ ਬਿਨਾ ਜ਼ਮੀਨੀ ਹਕੀਕਤ ਨੂੰ ਜਾਣਿਆ ਪਿੰਡ ਦੇ ਰੈਵੀਨਿਊ ਰਸਤਿਆਂ ਵਿੱਚ ਹੀ ਸੜਕਾਂ ਪਾਸ ਕਰ ਦਿੱਤੀਆਂ ਗਈਆਂ ਹਨ, ਜਦੋਂਕਿ ਉਨ੍ਹਾਂ ਥਾਵਾਂ ’ਤੇ ਸੜਕਾਂ ਬਣਾਉਣ ਲਈ ਥਾਂ ਹੀ ਨਹੀਂ ਹੈ।
ਉਨ੍ਹਾਂ ਦੋਸ਼ ਲਾਇਆ ਕਿ ਬਿਲਡਰ ਵੱਲੋਂ ਲਗਭਗ 800 ਫਲੈਟਾਂ ਨੂੰ ਜੋੜਦੀ ਸੜਕ ਨੂੰ ਪੁੱਟ ਕੇ ਪਲਾਟਾਂ ਦੀਆਂ ਬਰਮਾਂ ’ਤੇ ਇੰਟਰਲਾਕ ਟਾਈਲਾਂ ਲਗਾ ਕੇ ਆਰਜ਼ੀ ਸੜਕਾਂ ਬਣਾਈਆਂ ਜਾ ਰਹੀਆਂ ਹਨ ਜੋ ਕਿ ਕਾਫ਼ੀ ਤੰਗ ਹਨ, ਜਿਨ੍ਹਾਂ ਕਰਕੇ ਵੱਡੇ ਵਾਹਨਾਂ ਦਾ ਲਾਂਘਾ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੈਕਟਰ-110 ਅਤੇ ਸੈਕਟਰ-111 ਵਿੱਚ ਪਾਣੀ ਦੀ ਸਿਰਫ਼ ਇੱਕ ਹੀ ਟੈਂਕੀ ਹੋਣ ਕਾਰਨ ਸਥਾਨਕ ਲੋਕਾਂ ਨੂੰ ਸਮੇਂ ਸਿਰ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਕਈ ਫਲੈਟਾਂ ਵਿੱਚ ਦੁਪਹਿਰ ਵੇਲੇ ਵੀ ਪਾਣੀ ਦੀ ਸਪਲਾਈ ਨਹੀਂ ਜਾਂਦੀ।
ਸੈਕਟਰ ਵੈੱਲਫੇਅਰ ਐਸੋਸੀਏਸ਼ਨਾਂ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਬੰਧਤ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਬਿਲਡਰ ਵੱਲੋਂ ਕੀਤੀ ਜਾ ਰਹੀ ਕਥਿਤ ਲੁੱਟ ਤੋਂ ਬਚਾਇਆਂ ਜਾ ਸਕੇ। ਇਸ ਮੌਕੇ ਰਜਿੰਦਰ ਸਿੰਘ, ਮੋਹਿਤ ਮਦਾਨ ਪ੍ਰਸ਼ੋਤਮ, ਸਤਬੀਰ ਸਿੰਘ ਅਤੇ ਹੋਰ ਸੈਕਟਰ ਵਾਸੀ ਮੌਜੂਦ ਸਨ।
ਉਧਰ, ਵਫ਼ਦ ਅਨੁਸਾਰ ਇਸ ਸਬੰਧੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ ਨੇ ਸੈਕਟਰ ਵਾਸੀਆਂ ਦੇ ਵਫ਼ਦ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੰਦਿਆਂ ਮੌਕੇ ’ਤੇ ਹੀ ਵਧੀਕ ਮੁੱਖ ਪ੍ਰਸ਼ਾਸਕ (ਏਸੀਏ) ਅਮਰਿੰਦਰ ਸਿੰਘ ਟਿਵਾਣਾ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਬੰਧਤ ਸ਼ਿਕਾਇਤ ਦਾ ਜਲਦੀ ਨਿਬੇੜਾ ਕਰਕੇ ਜਾਂਚ ਰਿਪੋਰਟ ਦੇਣ ਲਈ ਆਖਿਆ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…