
ਭਲਾਈ ਮੰਤਰੀ ਵੱਲੋਂ ਸਮੂਹ ਵਜੀਫ਼ਾ ਸਕੀਮਾਂ ਦੀ 15 ਦਿਨਾਂ ਵਿੱਚ ਪੜਤਾਲ ਕਰਨ ਦੇ ਆਦੇਸ਼
6 ਜ਼ਿਲ੍ਹਿਆਂ ਵਿੱਚ 100-100 ਲੜਕੀਆਂ ਦੇ ਹੋਸਟਲ ਬਣਾਉਣ ਹਿੱਤ ਤਜਵੀਜ਼ ਭਾਰਤ ਸਰਕਾਰ ਨੂੰ ਭੇਜਣ ਦਾ ਫੈਸਲਾ
ਸ਼ਗਨ ਸਕੀਮ ਤੇ ਅੰਤਰ ਜਾਤੀ ਵਿਆਹ ਸਕੀਮ ਦੀਆਂ ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਲੈਣ ਦੇ ਆਦੇਸ਼
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਮਈ:
ਪੰਜਾਬ ਦੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਲਾਈ ਵਿਭਾਗ ਨੂੰ ਸਮੂਹ ਭਲਾਈ ਸਕੀਮਾਂ ਦੀ 15 ਦਿਨਾਂ ਵਿੱਚ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸਹੀ ਅਰਥਾਂ ਵਿੱਚ ਵਿਭਿੰਨ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ ਅਤੇ ਸਕੀਮਾਂ ਦੀਆਂ ਕਮੀਆਂ ਆਦਿ ਨੂੰ ਦੂਰ ਕੀਤਾ ਜਾ ਸਕੇ। ਅੱਜ ਇੱਥੇ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਨਾਲ ਕੀਤੀ ਰੀਵਿਊ ਮੀਟਿੰਗ ਮਗਰੋਂ ਸ੍ਰੀ ਧਰਮਸੋਤ ਕਿਹਾ ਕਿ ਐਸਸੀ/ਬੀਸੀ ਭਲਾਈ ਸਕੀਮਾਂ ਨੂੰ ਚਲਾਉਣ ਦਾ ਲਾਭ ਤਾਂ ਹੀ ਹੋ ਸਕਦਾ ਹੈ ਜੇਕਰ ਇਹ ਯੋਗ ਸਬੰਧਤਾਂ ਤੱਕ ਸਚਾਰੂ ਰੂਪ ’ਚ ਪਹੁੰਚੇ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕ ਭਲਾਈ ਸਕੀਮਾਂ ਰਾਹੀਂ ਆਪਣੀ ਜੀਵਨ ਮੰਜ਼ਿਲ ਪ੍ਰਾਪਤ ਕਰ ਸਕਣ ਦੇ ਯੋਗ ਹੋ ਸਕਦੇ ਹਨ।
ਸ੍ਰੀ ਧਰਮਸੋਤ ਨੇ ਬਾਬੂ ਜਗਜੀਵਨ ਰਾਮ ਛਾਤਰਾ ਆਵਾਸ ਯੋਜਨਾ ਅਧੀਨ ਹੁਣ ਤੱਕ ਉਸਾਰੇ ਜਾ ਚੁੱਕੇ ਹੋਸਟਲਾਂ ਦੀ ਮੌਜੂਦਾ ਵਰਤੋਂ ਸਬੰਧੀ ਵਿਸਥਾਰਪੂਰਬਕ ਪੜਤਾਲ ਰਿਪੋਰਟ ਪੇਸ਼ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਲੁਧਿਆਣਾ ਅਤੇ ਮੁਹਾਲੀ ਜ਼ਿਲ੍ਹਿਆਂ ’ਚ 100-100 ਲੜਕੀਆਂ ਦੇ ਹੋਸਟਲ ਬਣਾਉਣ ਹਿੱਤ ਤਜਵੀਜ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਲੜਕੀਆਂ ਨੂੰ ਪੜਾਈ ਦੌਰਾਨ ਰਹਿਣ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ। ਭਲਾਈ ਮੰਤਰੀ ਨੇ ਸ਼ਗਨ ਸਕੀਮ ਅਤੇ ਅੰਤਰ ਜਾਤੀ ਵਿਆਹ ਸਕੀਮ ਦੀਆਂ ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਲੈਣ ਦੇ ਆਦੇਸ਼ ਦਿੱਤੇ ਤਾਂ ਜੋ ਸਕੀਮਾਂ ਦਾ ਲਾਭ ਦੇਣ ਲਈ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਜਾ ਸਕੇ। ਸ੍ਰੀ ਧਰਮਸੋਤ ਨੇ ਪ੍ਰਾਇਵੇਟ ਸੰਸਥਾਵਾਂ ਦੇ ਵਿਦਿਆਰਥੀਆਂ ਦੀਆਂ ਵਜੀਫ਼ਾ ਸਕੀਮਾਂ ਦੇ ਫਾਰਮ ਤਹਿਸੀਲ ਭਲਾਈ ਅਫ਼ਸਰ ਜਾਂ ਜ਼ਿਲ੍ਹਾ ਭਲਾਈ ਅਫ਼ਸਰ ਤੋਂ ਪੜਤਾਲ ਕਰਵਾ ਕੇ ਹੀ ਕੇਂਦਰ ਸਰਕਾਰ ਨੂੰ ਭੇਜਣ ਲਈ ਕਿਹਾ ਤਾਂ ਕਿ ਕੋਈ ਵੀ ਸੰਸਥਾ ਇਸ ਸਕੀਮ ਤਹਿਤ ਕੋਈ ਨਾਜਾਇਜ ਫਾਇਦਾ ਨਾ ਉਠਾ ਸਕੇ।
ਭਲਾਈ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਤਨਦੇਹੀ ਨਾਲ ਡਿਊਟੀ ਕਰਨ ਦੀ ਤਾੜਨਾ ਕਰਦਿਆਂ ਸਮੂਹ ਭਲਾਈ ਸਕੀਮਾਂ ਦਾ ਅਖਬਾਰਾਂ ਤੇ ਹੋਰਨਾਂ ਸਾਧਨਾਂ ਰਾਹੀਂ ਪ੍ਰਚਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਤਾਂ ਜੋ ਲੋਕਾਂ ’ਚ ਭਲਾਈ ਸਕੀਮਾਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕੇ। ਪੰਜਾਬ ਅਨੂਸੂਚਿਤ ਜਾਤੀਆਂ ਫਾਇਨਾਂਸ ਕਾਰਪੋਰੇਸ਼ਨ (ਪੀ.ਐਸ.ਸੀ.ਐਫ.ਸੀ) ਅਤੇ ਬੈਕਫਿੰਕੋ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਵੀ ਪ੍ਰਚਾਰ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਆਰ. ਵੈਂਕਟਰਤਨਮ, ਪ੍ਰਮੁੱਖ ਸਕੱਤਰ, ਭਲਾਈ ਵਿਭਾਗ, ਜੀ.ਕੇ. ਸਿੰਘ, ਕਾਰਜਕਾਰੀ ਡਾਇਰੈਕਟਰ, ਪੀ.ਐਸ.ਸੀ.ਐਫ.ਸੀ. ਅਤੇ ਬੈਕਫਿੰਕੋ, ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ, ਭਲਾਈ ਵਿਭਾਗ, ਰਾਜ ਬਹਾਦਰ ਸਿੰਘ, ਡਾਇਰੈਕਟਰ, ਐਸ.ਸੀ. ਸਬ-ਪਲਾਨ, ਸਮੇਤ ਭਲਾਈ ਵਿਭਾਗ ਦੇ ਸਮੂਹ ਵਧੀਕ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਹਾਜ਼ਰ ਸਨ।