ਭਲਾਈ ਸਕੀਮਾਂ: ਅਕਾਲੀ ਦਲ ਨੇ ਪੰਜਾਬ ਸਰਕਾਰ ਵਿਰੁੱਧ ਪਿੰਡ ਪੱਧਰ ’ਤੇ ਕੀਤੇ ਰੋਸ ਮੁਜ਼ਾਹਰੇ

ਕਾਂਗਰਸ ਸਰਕਾਰ ਦੇ ਸ਼ਾਸਨ ਵਿੱਚ ਸਾਢੇ 3 ਲੱਖ ਦਲਿਤ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਾ: ਸ਼ਰਮਾ

ਗਰੀਬ ਵਰਗ ਦੇ ਲੋਕਾਂ ਤੇ ਅੌਰਤਾਂ ਨੇ ਕੀਤੀ ਭਰਵੀਂ ਸ਼ਮੂਲੀਅਤ, ਹੁਕਮਰਾਨਾਂ ਨੂੰ ਰੱਜ ਕੇ ਕੋਸਿਆ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਗਰੀਬ ਵਰਗ ਦੇ ਲੋਕਾਂ ਦੀ ਸਹੂਲਤ ਲਈ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਬੰਦ ਕਰਨ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬੁੱਧਵਾਰ ਨੂੰ ਕੈਪਟਨ ਸਰਕਾਰ ਵਿਰੁੱਧ ਪਿੰਡ ਪੱਧਰ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ। ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਗਰੀਬ ਵਰਗ ਦੇ ਲੋਕਾਂ ਅਤੇ ਅੌਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆਂ।
ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਨੰਬਰਦਾਰ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਅਤੇ ਦਲਿਤ ਵਰਗ ਦੇ ਲੋਕਾਂ ਨੇ ਗਲੀ ਮੁਹੱਲਿਆਂ ਵਿੱਚ ਸੂਬਾ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਕਸਬਾ ਲਾਂਡਰਾਂ ਵਿੱਚ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਪਿੰਡ ਲਖਨੌਰ ਵਿੱਚ ਬਲਵਿੰਦਰ ਸਿੰਘ ਬਿੰਦਾ ਅਤੇ ਪਿੰਡ ਪੱਤੋਂ ਵਿੱਚ ਹਰਮਿੰਦਰ ਸਿੰਘ ਪੱਤੋਂ ਦੀ ਅਗਵਾਈ ਹੇਠ ਸਰਕਾਰ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਇਸ ਤੋਂ ਇਲਾਵਾ ਸਮੁੱਚੇ ਜ਼ਿਲ੍ਹੇ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਰੋਸ ਵਿਖਾਵੇ ਕੀਤੇ ਗਏ ਹਨ।
ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਐਨਕੇ ਸ਼ਰਮਾ ਨੇ ਕਾਂਗਰਸ ਸਰਕਾਰ ਦੇ ਸ਼ਾਸਨ ਵਿੱਚ ਸਾਢੇ 3 ਲੱਖ ਦਲਿਤ ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਸਰਕਾਰ ਵੱਲ 17 ਕਰੋੜ ਤੋਂ ਵੱਧ ਸਕਾਲਰਸ਼ਿਪ ਦਾ ਪੈਸਾ ਬਕਾਇਆ ਖੜਾ ਹੈ, ਪ੍ਰੰਤੂ ਹੁਣ ਤੱਕ ਸਰਕਾਰ ਨੇ ਇਕ ਧੇਲਾ ਰਿਲੀਜ਼ ਨਹੀਂ ਕੀਤਾ। ਜਿਸ ਕਾਰਨ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਦਲਿਤ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਤੋਂ ਹੱਥ ਪਿੱਛੇ ਖਿੱਚ ਲਏ ਹਨ ਜਦੋਂਕਿ ਅਕਾਲੀ ਸਰਕਾਰ ਵੇਲੇ ਕਦੇ ਵੀ ਸਕਾਲਰਸ਼ਿਪ ਦਾ ਪੈਸਾ ਨਹੀਂ ਸੀ ਰੁਕਿਆ। ਵਿਧਵਾ, ਬੁਢਾਪਾ ਪੈਨਸ਼ਨਾਂ ਅਤੇ ਸਗਨ ਸਕੀਮ ਦਤ ਤੋੜ ਰਹੀ ਹੈ ਅਤੇ ਆਟਾ-ਦਾਲ ਸਕੀਮ ਦੇ ਲਾਭਪਾਤਰੀ ਲੋਕਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਹੈ ਅਤੇ ਹੁਕਮਰਾਨਾਂ ਨੇ ਬਦਲਾਖੋਰੀ ਦੇ ਚੱਲਦਿਆਂ 70 ਹਜ਼ਾਰ ਤੋਂ ਵੱਧ ਨੀਲੇ ਕਾਰਡਾਂ ’ਤੇ ਲਾਲ ਲਕੀਰ ਫੇਰ ਦਿੱਤੀ ਹੈ। ਇੰਜ ਹੀ 200 ਯੂਨਿਟ ਬਿਜਲੀ ਮੁਆਫ਼ੀ ਵਾਲੇ ਖਪਤਕਾਰਾਂ ਨੂੰ 10 ਤੋਂ 15 ਹਜ਼ਾਰ ਕੀਮਤ ਦੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਜ਼ਿਲ੍ਹਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਵਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਦਲਿਤ ਭਾਈਚਾਰੇ ਨਾਲ ਧੱਕੇਸ਼ਾਹੀ ਕਰਦਿਆਂ ਅਕਾਲੀ ਸਰਕਾਰ ਵੱਲੋਂ ਇਨ੍ਹਾਂ ਵਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ਸ਼ਗਨ ਸਕੀਮ, ਆਟਾ-ਦਾਲ ਸਕੀਮ, ਵਜ਼ੀਫ਼ਾ ਸਕੀਮ ਤੇ ਹੋਰ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਜਿਸ ਕਾਰਨ ਗਰੀਬ ਵਰਗ ਦੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਗੁੱਸੇ ਦੀ ਲਹਿਰ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੀਆਂ ਧੀਆਂ ਪਿਛਲੇ ਕਾਫੀ ਸਮੇਂ ਤੋਂ ਸਗਨ ਸਕੀਮ ਦਾ ਪੈਸਾ ਲੈਣ ਲਈ ਖੱਜਲਖੁਆਰ ਹੋ ਰਹੀਆਂ ਹਨ। ਇਨ੍ਹਾਂ ਪੀੜਤ ਲੜਕੀਆਂ ਵਿੱਚ ਕਈ ਤਾਂ ਅਜਿਹੀਆਂ ਹਨ। ਜਿਹੜੀਆਂ ਇਸ ਸਮੇਂ ਆਪਣੀ ਗੋਦ ਵਿੱਚ ਬੱਚੇ ਵੀ ਚੁੱਕੇ ਹੋਏ ਹਨ ਪ੍ਰੰਤੂ ਹੁਣ ਤੱਕ ਉਨ੍ਹਾਂ ਨੂੰ ਸਗਨ ਸਕੀਮ ਦਾ ਪੈਸਾ ਨਹੀਂ ਮਿਲਿਆ। ਜਿਸ ਕਾਰਨ ਉਨ੍ਹਾਂ ਦੇ ਮਾਪੇ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…