
‘ਆਪ’ ਦੇ ਗੁਮਰਾਹਕੁਨ ਤੇ ਝੂਠੇ ਪ੍ਰਚਾਰ ਤੋਂ ਲੋਕ ਭਲੀਭਾਂਤ ਜਾਣੂ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਪੰਜਾਬ ਦੇ ਸਾਬਕਾ ਕੈਬੀਨਟ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਲੋਕ ਆਮ ਆਦਮੀ ਪਾਰਟੀ ਦੇ ਗੁਮਰਾਹਕੁਨ ਅਤੇ ਝੂਠੇ ਪ੍ਰਚਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਨਾਂ ’ਤੇ ਲੋਕਾਂ ਦਾ ਭਰੋਸਾ ਜਿੱਤਣ ਅਤੇ ਵੋਟਾਂ ਮੰਗਣ ਲਈ ਮੁਹਾਲੀ ਤੋਂ ਆਪ ਉਮੀਦਵਾਰ ਕੁਲਵੰਤ ਸਿੰਘ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕੇਜਰੀਵਾਲ ਦੇ ਨਾਂ ’ਤੇ ਵੋਟ ਮੰਗਣ ਦਾ ਮਤਲਬ ਹੈ ਕਿ ਉਹ ਲੋਕਾਂ ਦਾ ਕੰਮ ਕਰਨਗੇ, ਮਤਲਬ ਕਿ ਮੁਹਾਲੀ ਦੇ ਲੋਕਾਂ ਨੂੰ ਹਰ ਵਾਰ ਆਪਣੇ ਕੰਮ ਦੇ ਲਈ ਦਿੱਲੀ ਜਾਣਾ ਹੋਵੇਗਾ।
ਆਪ ਉਮੀਦਵਾਰ ਨੂੰ ਆਪਣੇ ਆਪ ’ਤੇ ਕੋਈ ਭਰੋਸਾ ਨਹੀਂ ਹੈ ਇਸ ਲਈ ਉਹ ਆਉਣ ਵਾਲੀਆਂ ਚੋਣਾਂ ਵਿੱਚ ਮੁਹਾਲੀ ਦੇ ਵੋਟਰਾਂ ਦਾ ਵਿਸ਼ਵਾਸ ਅਤੇ ਭਰੋਸਾ ਜਿੱਤਣ ਲਈ ਕੇਜਰੀਵਾਲ ਦੇ ਨਾਂ ਦੀ ਵਰਤੋਂ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਲੋਕ ਅਜਿਹੇ ਉਮੀਦਵਾਰ ਨੂੰ ਵੋਟਾਂ ਨਹੀਂ ਪਾਉਣਗੇ, ਜਿਸ ਦੇ ਕੋਲ ਆਪਣੇ ਨਾਂ ’ਤੇ ਲੋਕਾਂ ਦਾ ਸਮਰਥਨ ਮੰਗਣ ਦਾ ਆਤਮਵਿਸ਼ਵਾਸ ਨਹੀਂ ਹੈ। ਵੋਟਾਂ ਮੰਗਣ ਵਿੱਚ ਕੇਜਰੀਵਾਲ ਦੇ ਨਾਂ ਦੀ ਵਰਤੋਂ ਸਾਫ਼ ਤੌਰ ’ਤੇ ਆਪ ਦੇ ਬੇਬੁਨਿਆਦ ਦਾਅਵਿਆਂ ਅਤੇ ਖੋਖਲੇ ਚੋਣ ਪ੍ਰਚਾਰ ਨੂੰ ਦਰਸਾਉਂਦਾ ਹੈ, ਜਿਸ ਦਾ ਸਹਾਰਾ ਪਾਰਟੀ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਲੈ ਰਹੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਚੋਣ ਪ੍ਰਚਾਰ ਦੇ ਸ਼ੁਰੂ ਤੋਂ ਹੀ ਆਪ ਆਪਣੇ ਲੁਭਾਵਣੇ ਵਾਅਦਿਆਂ ਨਾਲ ਲੋਕਾਂ ਨੂੰ ਉੱਲੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਅਸਲ ਵਿੱਚ ਪਾਰਟੀ ਇਹ ਸਭ ਕੁਝ ਚੋਣਾਂ ਜਿੱਤਣ ਦੇ ਲਈ ਕਰ ਰਹੀ ਹੈ। ਮੁਹਾਲੀ ਦੇ ਵੋਟਰ 20 ਫਰਵਰੀ ਦਾ ਬੇਸਬਰੀ ਦੇ ਨਾਲ ਇੰਤਜਾਰ ਕਰ ਰਹੇ ਹਨ, ਜਦੋਂ ਉਹ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਕਾਂਗਰਸ ਦੀ ਜਿੱਤ ਪੱਕੀ ਕਰਨਗੇ। ਆਪ ਉਮੀਦਵਾਰ ਨੂੰ ਕੇਜਰੀਵਾਲ ਦਾ ਨਾਂ ਵੀ ਹਾਰ ਤੋਂ ਨਹੀਂ ਬਚਾ ਸਕੇਗਾ।

ਸਿੱਧੂ ਨੇ ਕਿਹਾ ਕਿ ‘‘ਮੁਹਾਲੀ ਦੇ ਲੋਕ ਮੈਨੂੰ ਆਪਣੇ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਮੰਨਦੇ ਹਨ। ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਦੇ ਕਾਰਨ ਹੀ ਮੈਂ ਪਿਛਲੇ 15 ਸਾਲਾਂ ਤੋਂ ਜਿੱਤ ਰਿਹਾ ਹਾਂ।’’ ਮੁਹਾਲੀ ਵਿੱਚ ਕਾਂਗਰਸ ਪਾਰਟੀ ਦੀ ਲੋਕਪ੍ਰਿਅਤਾ ਦਾ ਗਰਾਫ਼ ਇਸ ਤੱਥ ਨਾਲ ਸਾਫ ਹੈ ਕਿ ਮੁਹਾਲੀ ਦੇ ਲੋਕ ਨਾ ਸਿਰਫ਼ ਮੇਰੀ ਜਿੱਤ ਸੁਨਿਸ਼ਚਿਤ ਕਰਦੇ ਹਨ ਸਗੋਂ ਉਹ ਇਸ ਨੂੰ ਵੱਡ ਬਹੁਤਮਤ ਨਾਲ ਸੁਨਿਸ਼ਚਿਤ ਕਰਦੇ ਹਨ, ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਦਿਨ ਪ੍ਰਤੀ ਦਿਨ ਮਜਬੂਤ ਹੁੰਦੀ ਜਾ ਰਹੀ ਹੈ। ਕਾਂਗਰਸ ਦੇ ਲਈ ਮੁਹਾਲੀ ਦੇ ਲੋਕਾਂ ਦੇ ਭਾਰੀ ਸਮਰਥਨ ਨੂੰ ਦੇਖ ਕੇ ਵਿਰੋਧੀ ਧੜਿਆਂ ਦੇ ਵਿਚਕਾਰ ਖਲਬਲੀ ਮੱਚੀ ਹੋਈ ਹੈ।