Share on Facebook Share on Twitter Share on Google+ Share on Pinterest Share on Linkedin ਗਿੱਲੇ ਕੂੜੇ ਤੋਂ ਕੰਪੋਸਟ/ਆਰਗੈਨਿਕ ਖਾਦ ਬਣਾਉਣ ਵਾਲੇ ਸਿਸਟਮ ਦਾ ਕੀਤਾ ਦੌਰਾ ਚੱਲ ਰਹੇ ਸਿਸਟਮ ਦੇ ਰੱਖ-ਰਖਾਓ ਆਦਿ ਲਈ ਕਾਰਪੋਰੇਸ਼ਨ ਸਲਾਹੁਣਯੋਗ: ਧਨੋਆ ‘ਆਪਣੀ ਸਫ਼ਾਈ ਆਪ’ ਮੁਹਿੰਮ ਪ੍ਰਤੀ ਲੋਕ ਅੱਗੇ ਆਉਣ ਤੇ ਹੋਰਾਂ ਨੂੰ ਵੀ ਜਾਗਰੂਕ ਕਰਨ ਨਬਜ਼-ਏ-ਪੰਜਾਬ, ਮੁਹਾਲੀ, 16 ਸਤੰਬਰ: ਕਾਰਪੋਰੇਸ਼ਨ ਵੱਲੋਂ ਫੇਜ਼ 3ਏ ਦੇ ਪਾਰਕ ਵਿੱਚ ਬਣਾਏ ਗਏ ਗਿੱਲੇ ਕੂੜੇ ਤੋਂ ਕੰਪੋਸਟ/ਆਰਗੈਨਿਕ ਖਾਦ ਬਣਾਉਣ ਵਾਲੇ ਸਿਸਟਮ ਨੂੰ ਸਾਬਕਾ ਕੌਂਸਲਰ ਅਤੇ ਉੱਘੇ ਸਮਾਜ ਸੇਵੀ ਸਤਵੀਰ ਸਿੰਘ ਧਨੋਆ ਵੱਲੋਂ ਦੇਖ ਕੇ ਆਪਣੇ ਵਿਚਾਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਸਿਸਟਮ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਹੈ ਅਤੇ ਬਹੁਤ ਵਧੀਆ ਢੰਗ ਨਾਲ ਇਹ ਕ੍ਰਮ ਵੀ ਕਰ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅੱਗੇ ਤੋਂ ਸ਼ਹਿਰਾਂ ਵਿੱਚ ਦਿਖਣ ਵਾਲੇ ਵੱਡੇ-ਵੱਡੇ ਕੂੜੇ ਦੇ ਪਹਾੜ ਨਹੀਂ ਦਿਸਣਗੇ, ਸਗੋਂ ਇਸੇ ਸਿਸਟਮ ਨਾਲ ਉਨ੍ਹਾਂ ਬਣੇ ਹੋਏ ਪਹਾੜਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਉੱਥੇ ਕੰਮ ਕਰਨ ਵਾਲੇ ਕ੍ਰਮਚਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸਾਰਾ ਕਾਰਪੋਰੇਸ਼ਨ ਸਟਾਫ਼ ਇਸ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਜੁਟਿਆ ਹੋਇਆ ਹੈ। ਜੋ ਕਿ ਸਾਡੇ ਵਾਤਾਵਰਨ ਦੀ ਸੰਭਾਲ ਵਿੱਚ ਇਹ ਇੱਕ ਵਧੀਆ ਕਦਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇਸ ਖੇਤਰ ਵਿੱਚ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈ। ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਸਰਕਾਰ ਜਾਂ ਸਿਸਟਮ ਕਾਮਯਾਬ ਨਹੀਂ ਹੋ ਸਕਦਾ ਹੈ। ਇਸ ਲਈ ਸਾਨੂੰ ਸਭ ਨੂੰ ਆਪਣੀ ਸਫਾਈ ਆਪ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਆਪਣੇ ਘਰਾਂ ਦਾ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖੋ ਵੱਖਰੇ ਕਰਕੇ ਗਾਰਬੇਜ ਕਲੈਕਟਰ ਨੂੰ ਦੇਣਾ ਚਾਹੀਦਾ ਹੈ। ਇਸ ਲਈ ਗਿੱਲੇ ਕੂੜੇ ਅਤੇ ਸੁੱਕੇ ਕੂੜੇ ਲਈ ਅੱਡ ਅੱਡ ਕੂੜੇਦਾਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕੂੜੇ ਨੂੰ ਜੇਕਰ ਲੋਕ ਚਾਹੁਣ ਤਾਂ ਘਰਾਂ ਵਿੱਚ ਹੀ ਕੰਪੋਸਟ ਖਾਦ ਬਣਾ ਕੇ ਵਰਤ ਸਕਦੇ ਹਨ। ਇਸ ਸਬੰਧੀ ਜੇਕਰ ਕੋਈ ਜਾਣਕਾਰੀ ਲੋੜੀਂਦੀ ਹੋਵੇ ਤਾਂ ਸੰਪਰਕ ਕਰ ਕੇ ਉਨ੍ਹਾਂ ਕੋਲੋਂ ਇਸ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਕੂੜਾ ਗਾਰਬੇਜ ਕਲੈਕਟਰ ਨੂੰ ਹੀ ਦੇਣ। ਦੇਖਣ ਵਿੱਚ ਆਇਆ ਹੈ ਕਿ ਕਈ ਪੜ੍ਹੇ ਲਿਖੇ ਅਤੇ ਜਾਗਰੂਕ ਲੋਕ ਵੀ ਕੂੜਾ ਆਪਣੇ ਘਰਾਂ ਦੇ ਆਸ ਪਾਸ ਹੀ ਸੁੱਟ ਦਿੰਦੇ ਹਨ ਜੋ ਕਿ ਬਹੁਤ ਹੀ ਬੁਰੀ ਆਦਤ ਹੈ, ਜਿਸ ਨਾਲ ਦੁਰਗੰਧ ਫੈਲਦੀ ਹੈ ਅਤੇ ਆਸ ਪਾਸ ਦੇ ਲੋਕਾਂ ਨੂੰ ਕਾਫ਼ੀ ਅੌਖਾ ਮਹਿਸੂਸ ਹੁੰਦਾ ਹੈ। ਇਸ ਤਰ੍ਹਾਂ ਦੇ ਵਰਤਾਰੇ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਜਾਂਦੀਆਂ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸ਼ਹਿਰ ਬਾਹਰਲੇ ਮੁਲਕਾਂ ਦੇ ਸ਼ਹਿਰਾਂ ਵਾਂਗ ਸਾਫ਼ ਸੁਥਰਾ ਹੋਵੇ ਤਾਂ ਸਾਨੂੰ ਉਨ੍ਹਾਂ ਦੇਸ਼ਾਂ ਦੇ ਲੋਕਾਂ ਵਾਂਗ ਹੀ ਵਿਚਰਨਾ ਹੋਵੇਗਾ, ਉਨ੍ਹਾਂ ਲੋਕਾਂ ਵਾਂਗ ਹੀ ਸਫਾਈ ਪ੍ਰਤੀ ਜਾਗਰੂਕ ਹੋਣਾ ਪਵੇਗਾ ਅਤੇ ਹੋਰਾਂ ਨੂੰ ਵੀ ਕਰਨਾ ਪਵੇਗਾ। ਇਸ ਮੌਕੇ ਰਜਿੰਦਰ ਸਿੰਘ ਐੱਸਆਈ, ਜਗਰੂਪ ਸਿੰਘ ਐੱਸ ਆਈ, ਬਿੱਟੂ ਬਿਡਲਾ ਸੇਨੇਟਰੀ ਸੁਪਰਵਾਈਜਰ, ਪਵਨ ਗਡਿਯਾਲ ਸਟੇਟ ਜਨਰਲ ਸਕੱਤਰ-ਪੰਜਾਬੀ ਸਫ਼ਾਈ ਮਜਦੂਰ ਫੈੱਡਰੇਸ਼ਨ, ਰਾਕੇਸ਼ ਕੁਮਾਰ ਸਫਾਈ ਸੇਵਾ ਅਤੇ ਹੋਰ ਵਰਕਰ ਅਤੇ ਸਟਾਫ ਵੱਡੀ ਗਿਣਤੀ ਵਿੱਚ ਹਾਜਰ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ