
ਅਕਾਲੀ ਆਗੂ ਬਿਕਰਮ ਮਜੀਠੀਆ ਦੀ ਕਿਹੜੀ ਗੱਲ ਤੋਂ ਸਰਕਾਰ ਨੂੰ ਪਈਆਂ ਭਾਜੜਾਂ
ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤਨ ਮਗਰੋਂ ਮਜੀਠੀਆ ਨੇ ਰਸਤੇ ਵਿੱਚ ਢਾਬੇ ’ਤੇ ਖਾਧੀ ਰੋਟੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਾਰਚ:
ਪੰਜਾਬ ਦੇ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਸਮੇਂ ਸਿਰ ਵਾਪਸ ਜੇਲ੍ਹ ਨਾ ਪਹੁੰਚਣ ਕਾਰਨ ਸਰਕਾਰ ਅਤੇ ਜੇਲ੍ਹ ਸਟਾਫ਼ ਨੂੰ ਭਾਜੜਾਂ ਪੈ ਗਈਆਂ। ਮਿਲੀ ਜਾਣਕਾਰੀ ਅਨੁਸਾਰ ਮਜੀਠੀਆ ਕਰੀਬ ਸਾਢੇ 12 ਵਜੇ ਤੋਂ ਬਾਅਦ (ਦੁਪਹਿਰ 12:40 ’ਤੇ) ਮੁਹਾਲੀ ਅਦਾਲਤ ਤੋਂ ਵਾਪਸੀ ਲਈ ਰਵਾਨਾ ਹੋਏ ਸੀ, ਪ੍ਰੰਤੂ ਸਿੱਧੂ ਜੇਲ੍ਹ ਪਹੁੰਚਣ ਦੀ ਬਜਾਏ ਰਸਤੇ ਵਿੱਚ ਬਨੂੜ ਤੋਂ ਅੱਗੇ ਰਾਜਪੁਰਾ ਨੇੜੇ ਇਕ ਢਾਬੇ ’ਤੇ ਰੁਕ ਗਏ ਅਤੇ ਉੱਥੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਆਪਣੇ ਸਮਰਥਕਾਂ ਨਾਲ ਬੈਠ ਕੇ ਰੋਟੀ ਖਾਧੀ ਅਤੇ ਚਾਹ ਦਾ ਪਿਆਲਾ ਪੀਤਾ। ਪੁਲੀਸ ਮੁਲਾਜ਼ਮਾਂ ਨੇ ਵੀ ਢਾਬੇ ’ਤੇ ਰੋਟੀ। ਜਾਣਕਾਰੀ ਅਨੁਸਾਰ ਮੁਹਾਲੀ ਤੋਂ ਪਟਿਆਲਾ ਤੱਕ ਕਰੀਬ ਸਵਾ ਘੰਟਾ ਲੱਗਦਾ ਹੈ ਪ੍ਰੰਤੂ ਮਜੀਠੀਆ ਸ਼ਾਮ ਨੂੰ ਕਰੀਬ 5 ਵਜੇ ਜੇਲ੍ਹ ਵਿੱਚ ਐਂਟਰ ਹੋਏ ਹਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਸੂਤਰ ਦੱਸਦੇ ਹਨ ਕਿ ਅਕਾਲੀ ਆਗੂ ਨੇ ਢਾਬੇ ’ਤੇ ਆਪਣੇ ਸਮਰਥਕਾਂ ਨਾਲ ਕਾਫ਼ੀ ਹਾਸਾ ਠਾਠਾ ਕੀਤਾ ਅਤੇ ਦੁਪਹਿਰ ਦਾ ਭੋਜਨ ਛਕਿਆ। ਉਂਜ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਦੋ ਟਰਾਲੀਆ ਕਾਰਨ ਮਜੀਠੀਆ ਦਾ ਕਾਫ਼ਲਾ 15 ਤੋਂ 20 ਮਿੰਟ ਤੱਕ ਬਨੂੜ ਤੋਂ ਰਾਜਪੁਰਾ ਸੜਕ ’ਤੇ ਜਾਮ ਵਿੱਚ ਵੀ ਫਸੇ ਰਹੇ ਦੱਸੇ ਗਏ ਹਨ। ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਟੈਲੀਫੋਨ ਖੜਕਨੇ ਸ਼ੁਰੂ ਹੋ ਗਏ ਤਾਂ ਮਜੀਠੀਆ ਨੇ ਜਾਮ ਵਿੱਚ ਫਸਣ ਅਤੇ ਢਾਬੇ ’ਤੇ ਰੁਕ ਕੇ ਰੋਟੀ ਖਾਣ ਸੱਚ ਬਿਆਨ ਕੀਤਾ। ਫੋਨ ਕਰਨ ਵਾਲੇ ਅਧਿਕਾਰੀ ਨੂੰ ਸੱਚ ਜਚਾਉਣ ਲਈ ਇਹ ਵੀ ਦਲੀਲ ਦਿੱਤੀ ਗਈ ਕਿ ਉਹ ਮੌਕੇ ’ਤੇ ਆ ਕੇ ਦੇਖ ਸਕਦੇ ਹਨ ਅਤੇ ਉਨ੍ਹਾਂ ਦੀ ਲੋਕੇਸ਼ਨ ਚੈੱਕ ਕਰ ਸਕਦੇ ਹਨ।