ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁੱਖ ਚੋਣ ਕਮਿਸ਼ਨ ਦੇ ਤਾਜ਼ਾ ਫੈਸਲੇ ਬਾਰੇ ਕੀ ਕਿਹਾ

‘ਸਾਡਾ ਉਮੀਦਵਾਰ ਇਸ ਵਾਰਡ ’ਚੋਂ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਨਾਲ ਜਿੱਤੇਗਾ: ਬਲਬੀਰ ਸਿੱਧੂ

ਵਾਰਡ ਨੰਬਰ-10 ਦੇ ਵੋਟਰ ਸ਼ਹਿਰ ਦੇ ਵਿਕਾਸ ਵਿੱਚ ਰੋੜਾ ਅਟਕਾਉਣ ਵਾਲਿਆਂ ਨੂੰ ਕਰਾਰੀ ਹਾਰ ਦੇਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਜ਼ਾਦ ਗਰੁੱਪ ਵੱਲੋਂ ਲਗਾਏ ਜਾ ਰਹੇ ਸਰਕਾਰੀ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨ ਵੱਲੋਂ ਇੱਥੋਂ ਨੰਬਰ ਵਾਰਡ-10 ਦੇ ਦੋ ਬੂਥਾਂ ਵਿੱਚ ਮੁੜ ਤੋਂ ਚੋਣ ਕਰਾਉਣ ਦੇ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਦਾਅਵਾ ਕੀਤਾ ਕਿ ਇਸ ਵਾਰਡ ਤੋਂ ਸਾਡਾ ਉਮੀਦਵਾਰ (ਮੰਤਰੀ ਦਾ ਛੋਟਾ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ) ਭਾਰੀ ਬਹੁਮਤ ਨਾਲ ਜਿੱਤੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ 14 ਫਰਵਰੀ ਨੂੰ ਸਮੁੱਚੇ ਸ਼ਹਿਰ ਵਾਂਗ ਵਾਰਡ ਨੰਬਰ-10 ਵਿੱਚ ਵੀ ਪੂਰੀ ਅਮਨ-ਸ਼ਾਂਤੀ ਅਤੇ ਨਿਰਪੱਖ ਢੰਗ ਨਾਲ ਵੋਟਾਂ ਪੈਣ ਦਾ ਕੰਮ ਨੇਪਰੇ ਚੜਿਆ ਸੀ ਪਰ ਆਪਣੀ ਹਾਰ ਨੂੰ ਦੇਖ ਕੇ ਬੁਖਲਾਏ ਇੱਕ ਉਮੀਦਵਾਰ ਨੇ ਝੂਠੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਚਾਰਾਂ ’ਚੋਂ ਦੋ ਬੂਥਾਂ ਵਿੱਚ ਮੁੜ ਚੋਣ ਕਰਵਾਉਣ ਦਾ ਫੈਸਲਾ ਕਰਵਾ ਲਿਆ ਹੈ। ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਉਹ ਸਿਰ-ਮੱਥੇ ਪ੍ਰਵਾਨ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਉਮੀਦਵਾਰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇਗਾ।
ਉਹਨਾਂ ਕਿਹਾ ਕਿ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਮਰਜੀਤ ਸਿੰਘ ਸਿੱਧੂ ਹੱਥੋਂ ਵੋਟਾਂ ਦੀ ਲੜਾਈ ਵਿਚ ਆਪਣੀ ਪ੍ਰਤੱਖ ਦਿਸ ਰਹੀ ਹਾਰ ਤੋਂ ਬੌਖਲਾਏ ਹੋਏ ਪਰਮਜੀਤ ਸਿੰਘ ਕਾਹਲੋਂ ਇਸ ਚੋਣ ਨੂੰ ਅਦਾਲਤੀ ਅਤੇ ਚੋਣ ਕਮਿਸ਼ਨ ਦੇ ਕੇਸਾਂ ਵਿਚ ਉਲਝਾ ਕੇ ਕਾਂਗਰਸੀ ਉਮੀਦਵਾਰ ਦਾ ਮਿਉਂਸਪਲ ਕਾਰਪੋਰੇਸ਼ਨ ਵਿੱਚ ਦਾਖ਼ਲਾ ਰੋਕਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਇਹ ਇੱਛਾ ਕਦਾਚਿੱਤ ਵੀ ਪੂਰੀ ਨਹੀਂ ਹੋਵੇਗੀ ਅਤੇ ਕਾਂਗਰਸੀ ਉਮੀਦਵਾਰ ਇਹ ਚੋਣ ਬੜੀ ਆਨ ਅਤੇ ਸ਼ਾਨ ਨਾਲ ਜਿੱਤੇਗਾ। ਪੰਜਾਬ ਵਿਧਾਨ ਸਭਾ ਵਿੱਚ ਮੁਹਾਲੀ ਦੀ ਨੁਮਾਇੰਦਗੀ ਕਰ ਰਹੇ ਸ਼੍ਰੀ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਦੇ ਬੌਖਲਾਏ ਹੋਏ ਸਾਰੇ ਆਗੂ ਅਤੇ ਉਮੀਦਵਾਰ ਆਨੀ-ਬਹਾਨੀ ਇਸ ਚੋਣ ਦੇ ਨਤੀਜਿਆਂ ਨੂੰ ਲਮਕਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਆਗੂ ਹਨ ਜਿਨ੍ਹਾਂ ਨੇ ਪਹਿਲਾਂ ਇਹਨਾਂ ਚੋਣਾਂ ਲਈ ਕੀਤੀ ਗਈ ਮੁਹਾਲੀ ਸ਼ਹਿਰ ਦੀ ਵਾਰਡਬੰਦੀ ਨੂੰ ਲੈ ਕੇ ਵਾਧੂ ਦਾ ਹੱਲਾ ਮਚਾਇਆ ਸੀ ਪਰ ਦੇਸ਼ ਦੀ ਸਰਬ-ਉੱਚ ਅਦਾਲਤ ਨੇ ਇਸ ਵਾਰਡਬੰਦੀ ਨੂੰ ਸਹੀ ਠਹਿਰਾਇਆ ਗਿਆ ਸੀ।
ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਮੁਲਕ ਦੇ ਸੰਵਿਧਾਨ ਵਿੱਚ ਵਿਸ਼ਵਾਸ਼ ਰੱਖਣ ਵਾਲੀ ਪਾਰਟੀ ਹੈ ਜੋ ਕਦੇ ਵੀ ਕੋਈ ਅਜਿਹਾ ਕੰਮ ਨਹੀਂ ਕਰਦੀ ਜਿਸ ਨਾਲ ਜਮਹੂਰੀਅਤ ਕਮਜ਼ੋਰ ਹੁੰਦੀ ਹੋਵੇ। ਸਿਹਤ ਮੰਤਰੀ ਨੇ ਵਾਰਡ ਨੰ 10 ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਚੜ੍ਹ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਤਾਂ ਕਿ ਮੁਹਾਲੀ ਸ਼ਹਿਰ ਦੇ ਵਿਕਾਸ ਵਿਚ ਰੋੜਾ ਅਟਕਾਉਣ ਦੀਆਂ ਸਾਜ਼ਿਸ਼ਾਂ ਰਚਣ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…