
ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ, ਪਹਿਲੇ ਹੀ ਪੜਾਅ ’ਤੇ ਦਿੱਕਤਾਂ
ਭਾਗੋਮਾਜਰਾ ਮੰਡੀ ਵਿੱਚ ਸਰਕਾਰੀ ਖ਼ਰੀਦ ਵਿੱਚ ਦਿੱਕਤਾਂ, ਬਾਰਦਾਨਾ ਵੀ ਪੁਰਾਣਾ: ਬਲਜਿੰਦਰ ਭਾਗੋਮਾਜਰਾ
ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਅਨਾਜ ਮੰਡੀਆਂ ਅਤੇ ਸੀਜ਼ਨਲ ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਹਾਲਾਂਕਿ ਪੰਜਾਬ ਸਰਕਾਰ, ਪੰਜਾਬ ਮੰਡੀ ਬੋਰਡ ਸਮੇਤ ਫੂਡ ਸਪਲਾਈ ਵਿਭਾਗ ਅਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਅਤੇ ਬਾਰਦਾਨੇ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪ੍ਰੰਤੂ ਕੁੱਝ ਥਾਵਾਂ ’ਤੇ ਸਰਕਾਰੀ ਖ਼ਰੀਦ ਅਤੇ ਪੁਰਾਣਾ ਬਰਦਾਨੇ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ।
ਲਾਂਡਰਾਂ ਨੇੜੇ ਭਾਗੋਮਾਜਰਾ ਮੰਡੀ ਵਿੱਚ ਵੀਰਵਾਰ ਨੂੰ ਕਣਕ ਦੀਆਂ 8-9 ਢੇਰੀਆਂ ਲੱਗੀਆਂ ਹੋਈਆਂ ਦੇਖੀਆਂ ਗਈਆਂ ਅਤੇ ਸ਼ਾਮ ਤੱਕ ਮੰਡੀ ਵਿੱਚ ਪੁੱਜੀ ਕਣਕ ਫ਼ਸਲ ਦੀ ਖ਼ਰੀਦ ਨਹੀਂ ਹੋਈ। ਮੌਕੇ ’ਤੇ ਮੌਜੂਦ ਕਿਸਾਨ ਆਗੂ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਅੱਜ ਕਣਕ ਦੀ ਖ਼ਰੀਦ ਨਹੀਂ ਹੋਈ ਹੈ ਅਤੇ ਕੱਲ੍ਹ ਵੀ ਸਿਰਫ਼ ਇੱਕ ਕਿਸਾਨ ਦੀ ਕਣਕ ਖ਼ਰੀਦੀ ਗਈ ਸੀ, ਉਹ ਵੀ ਪੁਰਾਣੀਆਂ ਬੋਰੀਆਂ ਵਿੱਚ ਭਰੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀ ਵਿੱਚ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ ਅਤੇ ਨਵਾਂ ਬਾਰਦਾਨਾ ਵੀ ਨਹੀਂ ਆਇਆ ਜਦੋਂਕਿ ਪੁਰਾਣੇ ਬਾਰਦਾਨੇ ਨਾਲ ਡੰਗ ਸਾਰਿਆ ਜਾ ਰਿਹਾ ਹੈ। ਬਲਜਿੰਦਰ ਸਿੰਘ ਨੇ ਪਿੰਡ ਸਨੇਟਾ ਦੇ ਇੱਕ ਕਿਸਾਨ ਦੇ ਹਵਾਲੇ ਨਾਲ ਦੱਸਿਆ ਕਿ ਉਹ ਬੁੱਧਵਾਰ ਨੂੰ ਆਪਣੀ ਫ਼ਸਲ ਲੈ ਕੇ ਭਾਗੋਮਾਜਰਾ ਮੰਡੀ ਵਿੱਚ ਆਇਆ ਸੀ ਪ੍ਰੰਤੂ ਅੱਜ ਦੂਜੇ ਦਿਨ ਵੀ ਉਸ ਦੀ ਫ਼ਸਲ ਨਹੀਂ ਖ਼ਰੀਦੀ ਗਈ। ਉਨ੍ਹਾਂ ਮੰਗ ਕੀਤੀ ਕਿ ਭਾਗੋਮਾਜਰਾ ਸਮੇਤ ਬਾਕੀ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਬਰਦਾਨੇ ਵਿੱਚ ਵਿਵਸਥਾ ਕੀਤੀ ਜਾਵੇ।
ਉਧਰ, ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲ ਸ੍ਰੀਮਤੀ ਰਵਨੀਤ ਕੌਰ ਅਤੇ ਸੁਪਰਡੈਂਟ ਆਰਤੀ ਵਸ਼ਿਸ਼ਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਨ੍ਹਾਂ ਦੋਵਾਂ ਨੇ ਫੋਨ ਨਹੀਂ ਚੁੱਕੇ। ਇਸ ਮਗਰੋਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਅਤੇ ਬਰਦਾਨੇ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਪਾਸਿਓਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਗੋਮਾਜਰਾ ਮੰਡੀ ਵਿੱਚ ਕਣਕ ਦੀ ਖ਼ਰੀਦ ਵਿੱਚ ਆ ਰਹੀ ਦਿੱਕਤ ਬਾਰੇ ਉਹ ਪਤਾ ਲਗਾਉਣਗੇ। ਪੁਰਾਣੇ ਬਰਦਾਨੇ ਬਾਰੇ ਪੁੱਛੇ ਜਾਣ ’ਤੇ ਡੀਸੀ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਬਰਦਾਨਾ ਪੁਰਾਣਾ ਹੋਵੇ ਜਾਂ ਨਵਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਹਾਂ ਫ਼ਸਲ ਖਰੀਦੇ ਜਾਣ ਤੋਂ ਬਾਅਦ ਉਸ ਦੀ ਸੰਭਾਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।