ਪਿੰਡ ਭਾਗੋਮਾਜਰਾ ਵਿੱਚ ਅੱਗ ਲੱਗਣ ਕਾਰਨ ਦੋ ਕਿਸਾਨਾਂ ਦੀ ਕਣਕ ਸੜ ਕੇ ਸੁਆਹ

ਮੁਹਾਲੀ ਡੰਪਿੰਗ ਗਰਾਉਂਡ ਤੇ ਸੈਕਟਰ-82 ਵਿੱਚ ਜੰਗਲਨੁਮਾ ਏਰੀਆ ’ਚ ਵੀ ਲੱਗੀ ਅੱਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਇੱਥੋਂ ਦੇ ਨਜ਼ਦੀਕੀ ਪਿੰਡ ਭਾਗੋਮਾਜਰਾ ਵਿਖੇ ਅਚਾਨਕ ਅੱਗ ਲੱਗਣ ਕਾਰਨ ਖੇਤਾਂ ਵਿੱਚ ਖੜੀ ਦੋ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਬਿਜਲੀ ਦੇ ਟਰਾਂਸਫ਼ਾਰਮਰ ਤੋਂ ਸ਼ਾਰਟ ਸਰਕਟ ਹੋਣ ਕਾਰਨ ਕਿਸਾਨ ਨਰਾਤਾ ਸਿੰਘ ਅਤੇ ਗੁਰਮੀਤ ਸਿੰਘ ਦੀ 1-1 ਏਕੜ ਕਣਕ ਦੀ ਫਸਲ ਸੜ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਅੱਗ ਬਿਜਲੀ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਲੱਗੀ ਹੈ। ਤਾਰਾਂ ਢਿੱਲੀਆਂ ਹੋਣ ਕਾਰਨ ਸ਼ਾਰਟ ਸਰਕਟ ਹੋ ਗਿਆ। ਜਿਸ ਕਾਰਨ ਖੇਤਾਂ ਵਿੱਚ ਖੜੀ ਪੱਕੀ ਹੋਈ ਕਣਕ ਨੂੰ ਅੱਗ ਲੱਗ ਗਈ, ਪ੍ਰੰਤੂ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾ ਲੈਣ ਕਾਰਨ ਇਨ੍ਹਾਂ ਦੋਵੇਂ ਕਿਸਾਨਾਂ ਅਤੇ ਬਾਕੀ ਫਸਲ ਅਤੇ ਹੋਰਨਾਂ ਨੇੜਲੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਅੱਗ ਦੇ ਲਪੇਟੇ ਵਿੱਚ ਆਉਣ ਤੋਂ ਬਚਾਅ ਹੋ ਗਿਆ ਹੈ, ਕਿਉਂਕਿ ਇਸ ਸਮੇਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਜਲੀ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਟਾਫ਼ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਉਧਰ, ਇਸੇ ਤਰ੍ਹਾਂ ਐਤਵਾਰ ਨੂੰ ਸ਼ਾਮ ਨੂੰ ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਡੰਪਿੰਗ ਗਰਾਉਂਡ ਵਿੱਚ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇੰਜ ਹੀ ਮੁਹਾਲੀ ਏਅਰਪੋਰਟ ਸੜਕ ਨੇੜੇ ਸੈਕਟਰ-82 ਸਥਿਤ ਜੰਗਲ-ਨੁਮਾ ਏਰੀਆ ਵਿੱਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਇਨ੍ਹਾਂ ਦੋਵੇਂ ਥਾਵਾਂ ਮੁਹਾਲੀ ਫਾਇਰ ਬ੍ਰਿਗੇਡ ਦੀਆਂ ਦੋ ਟੀਮਾਂ ਤੁਰੰਤ ਫਾਇਰ ਟੈਂਡਰ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਅੱਗ ’ਤੇ ਕਾਬੂ ਪਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…