
ਭਾਗੋਮਾਜਰਾ ਮੰਡੀ ਵਿੱਚ ਸ਼ੁਰੂ ਹੋਈ ਕਣਕ ਦੀ ਖ਼ਰੀਦ, ਨਵਾਂ ਬਾਰਦਾਨਾ ਵੀ ਪਹੁੰਚਿਆ
ਮਾਰਕੀਟ ਕਮੇਟੀ ਦੇ ਚੇਅਰਮੈਨ ਗੋਵਿੰਦਰ ਮਿੱਤਲ ਵੱਲੋਂ ਭਾਗੋਮਾਜਰਾ ਵਿੱਚ ਸ਼ੁਰੂ ਕਰਵਾਈ ਕਣਕ ਦੀ ਖ਼ਰੀਦ
ਬਾਅਦ ਦੁਪਹਿਰ ਭਾਗੋਮਾਜਰਾ ਮੰਡੀ ਵਿੱਚ ਬਰਦਾਨਾ ਪੁੱਜਾ ਤੇ ਖ਼ਰੀਦ ਹੋਈ ਸ਼ੁਰੂ: ਰਵਨੀਤ ਕੋਰ
ਨਬਜ਼-ਏ-ਪੰਜਾਬ, ਮੁਹਾਲੀ, 11 ਅਪਰੈਲ:
ਲਾਂਡਰਾਂ ਨੇੜੇ ਭਾਗੋਮਾਜਰਾ ਅਨਾਜ ਮੰਡੀ ਵਿੱਚ ਸਮੇਂ ਸਿਰ ਕਣਕ ਖ਼ਰੀਦ ਸ਼ੁਰੂ ਨਾ ਹੋਣ ਅਤੇ ਬਾਰਦਾਨੇ ਦੀ ਅਣਹੋਂਦ ਅਤੇ ਲੋੜੀਂਦੀਆਂ ਤਰਪਾਲਾਂ ਨਾ ਹੋਣ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ‘ਮੀਡੀਆ’ ਵੱਲੋਂ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਪਰ ਸਰਕਾਰੀ ਖ਼ਰੀਦ ਵਿੱਚ ਦਿੱਕਤਾਂ ਅਤੇ ਪੁਰਾਣੇ ਬਾਰਦਾਨੇ ਬਾਰੇ ਡਿਟੇਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ। ਅੱਜ ਦੂਜੇ ਦਿਨ ਮੁੜ ਮੀਡੀਆ ਟੀਮ ਨੇ ਦੁਪਹਿਰ ਵੇਲੇ ਮੰਡੀ ਦਾ ਦੌਰਾ ਕਰਕੇ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲਿਆ ਤਾਂ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਸਰਕਾਰੀ ਅਣਦੇਖੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ 34 ਦਿਨਾਂ ਤੋਂ ਖੱਜਲ ਹੋ ਰਹੇ ਹਨ।
ਉਧਰ, ਮੀਡੀਆ ਦੀ ਭਿਣਕ ਪੈਣ ਤੋਂ ਬਾਅਦ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਗੋਬਿੰਦਰ ਮਿੱਤਲ ਨੇ ਭਾਗੋਮਾਜਰਾ ਅਨਾਜ ਮੰਡੀ ਵਿਖੇ ਪਹੁੰਚ ਕੇ ਕਣਕ ਦੀ ਖ਼ਰੀਦ ਵਿੱਚ ਆਈ ਮੁਸ਼ਕਲ ਨੂੰ ਦੂਰ ਕਰਕੇ ਮੁੜ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਭਾਗੋਮਾਜਰਾ ਵਿੱਚ ਮਾਰਕਫੈੱਡ ਵੱਲੋਂ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ। ਕੁਝ ਕਾਰਨਾਂ ਕਰਕੇ ਬਾਰਦਾਨੇ ਦੀ ਮੁਸ਼ਕਲ ਪੈਦਾ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਵਿੱਚ ਖ਼ਰੀਦ ਦੀ ਦਿੱਕਤ ਆ ਰਹੀ ਸੀ। ਮਾਮਲਾ ਧਿਆਨ ਵਿੱਚ ਆਉਣ ’ਤੇ ਉਨ੍ਹਾਂ ਖ਼ਰੀਦ ਏਜੰਸੀ ਦੇ ਅਧਿਕਾਰੀ ਨਾਲ ਰਾਬਤਾ ਕਰਕੇ ਬਾਰਦਾਨੇ ਦਾ ਪ੍ਰਬੰਧ ਕਰਵਾਇਆ ਅਤੇ ਮੰਡੀ ਵਿੱਚ ਖ਼ਰੀਦ ਸ਼ੁਰੂ ਕਰਵਾਈ ਗਈ।
ਮਿੱਤਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖ਼ਰੀਦ ਕਾਰਜਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹੀ ਮੁਸ਼ਕਲ ਆਉਂਦੀ ਹੈ ਤਾਂ ਉਹ ਤੁਰੰਤ ਮੌਕੇ ’ਤੇ ਹਾਜ਼ਰ ਹੋਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਅਨਾਜ ਵੇਚਣ ਲਈ ਲੈ ਕੇ ਆਉਣ ਤਾਂ ਜੋ ਨਵੀਂ ਦੀ ਵੱਧ ਮਾਤਰਾ ਕਾਰਨ ਉਨ੍ਹਾਂ ਨੂੰ ਫ਼ਸਲ ਸਕਾਉਣ ਲਈ ਮੰਡੀ ਵਿੱਚ ਉਡੀਕ ਨਾ ਕਰਨੀ ਪਵੇ।
ਇਸ ਤੋਂ ਪਹਿਲਾਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪੂਨੀਆ ਅਤੇ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਖ਼ਰੀਦ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਫਟੀਆਂ ਤਰਪਾਲਾਂ ਦਿਖਾਉਂਦੇ ਕਿਹਾ ਕਿ ਮੌਸਮ ਖ਼ਰਾਬ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ ਪ੍ਰੰਤੂ ਮੰਡੀਆਂ ਨਾ ਨਵਾਂ ਬਾਰਦਾਨਾ ਪਹੁੰਚਿਆ ਅਤੇ ਨਾ ਹੀ ਵਧੀਆ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਕਾਰਨ ਫ਼ਸਲ ਖ਼ਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ।
ਇਸ ਮੌਕੇ ਧਰਮਪਾਲ ਸਨੇਟਾ ਨੇ ਕਿਹਾ ਕਿ ਉਹ ਤਿੰਨ ਪਹਿਲਾਂ ਫ਼ਸਲ ਲੈ ਕੇ ਆਇਆ ਸੀ ਪਰ ਇੱਕ ਵੀ ਦਾਣਾ ਨਹੀਂ ਖਰੀਦਿਆਂ। ਅਮਰੀਕ ਸਿੰਘ ਢੇਲਪੁਰ ਨੇ ਵੀ ਸਰਕਾਰੀ ਪ੍ਰਬੰਧਾਂ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਆਪਣੀ ਟਰਾਲੀ ’ਚੋਂ ਹੀ ਫ਼ਸਲ ਥੱਲੇ ਨਹੀਂ ਲਾਹੀ। ਕਿਸਾਨ ਨੇ ਕਿਹਾ ਕਿ ਨਾ ਤਰਪਾਲਾਂ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਫ਼ਸਲ ਖ਼ਰੀਦ ਰਿਹਾ ਹੈ। ਇੰਜ ਹੀ ਗਿਆਨ ਸਿੰਘ ਮੌਜਪੁਰ, ਸ਼ਿਵਰਾਜ ਗਿਰ ਸ਼ਾਮਪੁਰ, ਗੁਰਮੁੱਖ ਸਿੰਘ ਰਾਏਪੁਰ, ਕਾਕਾ ਦੁਰਾਲੀ ਨੇ ਵੀ ਖ਼ਰੀਦ ਨਾ ਹੋਣ ਦੀ ਗੱਲ ਕਹੀ।
ਉਧਰ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲ ਸ੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਮੰਡੀ ਵਿੱਚ ਬਰਦਾਨਾ ਪਹੁੰਚ ਗਿਆ ਸੀ ਅਤੇ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਕਣਕ ਦੀ ਖ਼ਰੀਦ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਉਧਰ, ਚੇਅਰਮੈਨ ਨੇ ਇਹ ਵੀ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀਆ ਮੰਡੀਆਂ ਵਿੱਚ ਕਿਸਾਨਾ ਦੀ ਕਣਕ ਦਾ ਦਾਣਾ ਨਿਰਵਿਘਣ ਖਰੀਦਣ ਲਈ ਵਚਨਬੱਧ ਹੈ। ਇਸ ਮੌਕੇ ਵਿਜੈ ਸਕੱਤਰ ਮਾਰਕੀਟ ਕਮੇਟੀ, ਮਾਰਕਫੈੱਡ ਉੱਚ ਸ਼ਾਖਾ ਅਫ਼ਸਰ ਖਰੜ ਗੁਰਬਵਨ ਸਿੰਘ, ਆੜ੍ਹਤੀ ਰਾਜੀਵ ਅਗਰਵਾਲ, ਸੁਖਪਾਲ ਨੇਗੀ, ਜਸਪ੍ਰੀਤ ਸਿੰਘ ਗਡਾਣਾ ਅਤੇ ਕਿਸਾਨ ਗਿਆਨ ਸਿੰਘ, ਮੰਗਲ, ਮਾਰਕੀਟ ਕਮੇਟੀ ਮੁਲਾਜ਼ਮ ਲਖਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਕੁਲਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਹਾਜ਼ਰ ਸਨ।