Nabaz-e-punjab.com

10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖਰੀਦ, ਤਿਆਰੀਆਂ ਮੁਕੰਮਲ: ਭਾਰਤ ਭੂਸ਼ਨ ਆਸ਼ੂ

ਕਣਕ ਦੀ ਖਰੀਦ ਲਈ ਖਰੀਦ ਕੇਂਦਰ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ

ਕਣਕ ਦੀ ਬੋਲੀ ਦਾ ਸਮਾ ਸਵੇਰੇ 10.00 ਵਜੇ ਤੋਂ 6.00 ਵਜੇ ਤੱਕ ਕੀਤਾ ਗਿਆ ਨਿਰਧਾਰਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਅਪ੍ਰੈਲ:
ਪੰਜਾਬ ਰਾਜ ਵਿੱਚ 10 ਅਪ੍ਰੈਲ 2021 ਤੋਂ ਰੱਬੀ ਸੀਜ਼ਨ 2021-22 ਦੀ ਫਸਲ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਇਸ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਭਾਰਤ ਸਰਕਾਰ ਵੱਲੋਂ ਕਣਕ ਦੀ ਖਰੀਦ ਦੇ ਨਿਸ਼ਚਿਤ ਕੀਤੇ ਗਏ ਘੱਟੋ ਘੱਟ ਸਮਰਥਨ ਮੁੱਲ 1975/- ਰੁਪਏ ਤੇ ਸਮੂਹ ਖਰੀਦ ਏਜੰਸੀਆਂ ਸਮੇਤ ਐਫ.ਸੀ.ਆਈ.ਵੱਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ 130 ਲੱਖ ਮੀ.ਟਨ ਕਣਕ ਆਉਣ ਦੀ ਸੰਭਾਵਨਾ ਹੈ ਜਿਸ ਵਿੱਚੋਂ 8.50 ਲੱਖ ਮੀ.ਟਨ ਕਣਕ ਦੀ ਖਰੀਦ ਪਨਗਰੇਨ ਵੱਲੋਂ ਬਤੌਰ ਨੋਡਲ ਏਜੰਸੀ, ਰਾਜ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ ਵੰਡਣ ਲਈ ਅਤੇ 121.5 ਲੱਖ ਮੀ.ਟਨ ਕਣਕ ਦੀ ਖਰੀਦ ਸੈਂਟਰਲ ਪੂਲ ਅਧੀਨ ਸਮੂਹ ਏਜੰਸੀਆਂ ਭਾਵ ਪਨਗਰੇਨ, ਮਾਰਕਫੈਡ, ਪਨਸਪ, ਵੇਅਰਹਾਊਸ ਅਤੇ ਐਫ.ਸੀ.ਆਈ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਰਾਜ ਸਰਕਾਰ ਵੱਲੋਂ ਕਣਕ ਦੀ ਖਰੀਦ ਲਈ ਖਰੀਦ ਕੇਂਦਰ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਜਾ ਰਹੀ ਹੈ ਅਤੇ ਲਿਕਿੰਗ ਪਲਾਨ ਅਨੁਸਾਰ ਖਰੀਦ ਏਜੰਸੀਆਂ ਵਿਚਕਾਰ ਅਲਾਟਮੈਂਟ ਕੀਤੀ ਗਈ ਹੈ।
ਸ੍ਰੀ ਆਸ਼ੂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਰੱਬੀ ਸੀਜ਼ਨ 2021-22 ਦੌਰਾਨ ਸੈਂਟਰਲ ਪੂਲ ਲਈ ਕਣਕ ਦੀ ਖਰੀਦ ਕਰਨ ਸਬੰਧੀ ਏਜੰਸੀਆਂ ਵੱਲੋਂ 50 ਕਿਲੋ ਦੀ ਭਰਤੀ ਦੀਆਂ ਨਵੀਆਂ ਜੂਟ/ਐੱਚ.ਡੀ.ਪੀ.ਈ/ਪੀ.ਪੀ ਬੋਰੀਆਂ ਦਾ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਵੰਡੀ ਜਾਣ ਵਾਲੀ ਕਣਕ ਦੀ ਭਰਾਈ ਲਈ ਲੋੜੀਂਦੀਆਂ 30 ਕਿਲੋ ਕਪੈਸਟੀ ਦੀਆਂ ਬੋਰੀਆਂ ਦਾ ਪ੍ਰਬੰਧ ਪਨਗਰੇਨ ਵੱਲੋ ਕੀਤਾ ਗਿਆ ਹੈ। ਇਸ ਪ੍ਰਬੰਧ ਤਹਿਤ ਹਰ ਇਕ ਜਿਲ੍ਹੇ ਵਿਚ ਲੋੜ ਅਨੁਸਾਰ ਬਾਰਦਾਨਾ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਰਾਜ ਸਰਕਾਰ ਦੀਆਂ ਹਦਾਇਤਾ ਅਨੁਸਾਰ ਮੰਡੀ ਬੋਰਡ ਵੱਲੋਂ ਮੰਡੀਵਾਈਜ਼, ਆੜ੍ਹਤੀ ਵਾਈਜ਼ ਜਾਰੀ ਕੀਤੇ ਟੋਕਨਾਂ ਅਨੁਸਾਰ ਹੀ ਬਾਰਦਾਨਾ ਮੰਡੀ ਵਿੱਚ ਭੇਜਦੇ ਹੋਏ ਸਬੰਧਤ ਆੜ੍ਹਤੀਆਂ ਨੂੰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਣਕ ਦੀਆਂ ਬੋਰੀਆਂ ਤੇ ਨੀਲੇ ਰੰਗ ਦਾ ਛਾਪਾ ਲਾਲ ਰੰਗ ਦੇ ਧਾਗੇ ਨਾਲ ਸਿਲਾਈ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆ ਗਈਆਂ ਹਨ।
ਸ੍ਰੀ ਆਸ਼ੂ ਨੇ ਕਿਹਾ ਕਿ ਕੋਵਿਡ 19 ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਰਾਜ ਸਰਕਾਰ ਵੱਲੋਂ ਕਣਕ ਦੀ ਖਰੀਦ ਦਾ ਸੀਜ਼ਨ ਮਿਤੀ 10 ਅਪ੍ਰੈਲ 2021 ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਇਹ ਖ੍ਰੀਦ ਪ੍ਰੀਕ੍ਰਿਆ 31 ਮਈ 2021 ਤੱਕ ਜਾਰੀ ਰਹੇਗੀ।
ਖੁਰਾਕ ਮੰਤਰੀ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਵੱਲੋਂ ਮੰਡੀਆਂ ਵਿਚ ਯੋਜਨਾਬੱਧ ਤਰੀਕੇ ਰਾਹੀਂ ਕਣਕ ਲਿਆਂਦੀ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਵੱਲੋਂ ਰਾਜ ਦੀਆਂ ਮੰਡੀਆਂ ਵਿੱਚ ਸਖਤੀ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਲਈ ਉਪਰਾਲੇ ਕੀਤੇ ਗਏ ਹਨ, ਜਿਸ ਅਨੁਸਾਰ ਮੰਡੀਆਂ ਵਿੱਚ 2 ਮੀਟਰ ਦਾ ਫਾਸਲਾ ਰੱਖਦੇ ਹੋਏ 30 ਫੁੱਟ ਬਾਈ 30 ਫੁੱਟ ਦੇ ਬੋਕਸ ਬਣਾਏ ਗਏ ਹਨ, ਜਿਨ੍ਹਾਂ ਵਿੱਚ ਹੀ ਕਣਕ ਦੀ ਢੇਰੀ ਉਤਾਰੀ ਜਾਵੇਗੀ‌। ਸੀਜ਼ਨ ਦੌਰਾਨ ਸਰਕਾਰ ਵੱਲੋਂ ਕਣਕ ਦੀ ਬੋਲੀ ਦਾ ਸਮਾ ਸਵੇਰੇ 10.00 ਵਜੇ ਤੋਂ 6.00 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਹੈ। ਕਣਕ ਦੀ ਬੋਲੀ ਲਗਾਉਣ ਸਮੇਂ ਉਚਿਤ ਦੂਰੀ ਰੱਖਦੇ ਹੋਏ ਕਣਕ ਦੀ ਬੋਲੀ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ।
ਉਨ੍ਹਾ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲੇਬਰ/ਢੋਆ ਢੋਆਈ ਦੇ ਠੇਕੇਦਾਰ ਵੱਲੋਂ ਲੇਬਰ ਨੂੰ ਲੋੜੀਂਦੇ ਮਾਸਕ ਮੁਹੱਈਆ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਖਰੀਦ ਏਜੰਸੀਆਂ/ਮੰਡੀ ਬੋਰਡ ਦੇ ਨੁਮਾਇੰਦਿਆ ਵੱਲੋਂ ਮੰਡੀਆਂ ਵਿੱਚ ਕੰਮ ਰਹੀ ਲੇਬਰ ਤੇ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਲੇਬਰ ਨੂੰ ਖੰਘ, ਜੁਕਾਮ ਅਤੇ ਬੁਖਾਰ ਆਦਿ ਨਾ ਹੋਵੇ। ਇਕ ਮੰਡੀ ਤੋਂ ਇਕ ਸਟੋਰੇਜ਼ ਪੁਆਇੰਟ ਵਿਚਕਾਰ ਹੀ ਇਕ ਰੂਟ ਤੇ ਕਣਕ ਦੀ ਢੋਆ ਢੋਆਈ ਅਤੇ ਸਮੇਂ ਸਮੇਂ ਤੇ ਸੈਨੇਟਾਈਜ਼ ਕਰਵਾਉਣ, ਟਰੱਕ ਡਰਾਇਵਰ/ਹੈਲਪਰ ਨੂੰ ਵੀ ਮੂੰਹ ਢੱਕਣ ਲਈ ਮਾਸਕ ਮੁਹੱਈਆ ਕਰਵਾਏ ਲਈ ਹਦਾਇਤਾਂ ਕੀਤੀਆ ਗਈਆਂ ਹਨ। ਰੱਬੀ ਸੀਜ਼ਨ 2021-22 ਦੌਰਾਨ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਆਨਲਾਈਨ ਵਿਧੀ ਨਾਲ Anaaj Kharid Portal ਰਾਹੀਂ ਕੀਤੀ ਜਾਵੇਗੀ।
ਸ੍ਰੀ ਆਸ਼ੂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰ, ਪੰਜਾਬ ਰਾਜ ਨੂੰ ਰਾਜ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਸਮੁੱਚੇ ਪ੍ਰਬੰਧ ਕਰਨ ਅਤੇ ਸਰਕਾਰ ਵੱਲੋਂ ਨਿਸ਼ਚਿਤ ਸਮੇਂ ਦੌਰਾਨ ਕਣਕ ਦੀ ਕਟਾਈ ਲਈ ਹਦਾਇਤਾਂ ਜਾਰੀ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ, ਚੇਅਰਮੈਨ ਬਿਜਲੀ ਬੋਰਡ ਪੰਜਾਬ ਨੂੰ ਰਾਜ ਦੇ ਘੋਸ਼ਿਤ ਕੀਤੇ ਗਏ 1872 ਖਰੀਦ ਕੇਂਦਰ ਅਤੇ ਵਾਧੂ ਅਲਾਟ ਕੀਤੇ ਗਏ ਰਾਈਸ ਮਿਲ-ਕਮ- ਮੰਡੀ ਯਾਰਡਾਂ ਵਿੱਚ 24 ਘੰਟੇ ਬਿਜਲੀ ਦੀ ਸਪਲਾਈ ਜਾਰੀ ਰੱਖਣ ਅਤੇ ਜਨਰਲ ਆਫ ਪੁਲਿਸ ਪੰਜਾਬ ਨੂੰ ਇਨ੍ਹਾਂ ਖਰੀਦ ਕੇਂਦਰਾਂ ਵਿੱਚ ਸੀਜ਼ਨ ਦੌਰਾਨ ਸਕਿਓਰਟੀ ਦਾ ਪ੍ਰਬੰਧ ਕਰਨ ਲਈ ਲਿਖਿਆ ਜਾ ਚੁੱਕਾ ਹੈ ਤਾਂ ਜੋ ਖਰੀਦ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਕਿਸਾਨਾਂ ਦੀ ਸਹੂਲਤ ਲਈ ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਅਤੇ ਮੰਡੀਵਾਈਜ਼ ਸ਼ਿਕਾਇਤ ਨਿਵਾਰਨ ਕਮੇਟੀਆਂ ਬਣਾਈਆ ਗਈਆਂ ਹਨ ਜਿਸ ਦੌਰਾਨ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Agriculture & Forrest

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …