
ਪੰਜਾਬ ਵਿੱਚ ਕਦੋਂ ਹੋਣਗੀਆਂ ਵਿਧਾਨ ਸਭਾ ਚੋਣਾਂ, ਪੜ੍ਹੋ ਪੂਰੀ ਰਿਪੋਰਟ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 8 ਜਨਵਰੀ:
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਅੱਜ ਪੰਜਾਬ ਸਮੇਤ ਪੰਜ ਹੋਰਨਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ ਇਕ ਗੇੜ ਵਿੱਚ 14 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਅਧਿਕਾਰੀ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ 21 ਜਨਵਰੀ ਤੋਂ 28 ਜਨਵਰੀ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਕਣਗੇ। 29 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 31 ਜਨਵਰੀ ਤੱਕ ਕੋਈ ਵੀ ਉਮੀਦਵਾਰ ਆਪਣੇ ਪੇਪਰ ਵਾਪਸ ਲੈ ਸਕਦਾ ਹੈ।
ਚੋਣ ਕਮਿਸ਼ਨ ਦੀ ਜਾਣਕਾਰੀ ਅਨੁਸਾਰ ਪੰਜਾਬ ਸਮੇਤ ਯੂਪੀ, ਗੋਆ, ਮਣੀਪੁਰ ਅਤੇ ਉੱਤਰਾਖੰਡ ਵਿੱਚ 18 ਕਰੋੜ ਤੋਂ ਵੱਧ ਵੋਟਰ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਵਿਧਾਨ ਸਭਾ ਚੋਣਾਂ ਸਬੰਧੀ ਪੰਜ ਸੂਬਿਆਂ ਵਿੱਚ 2 ਲੱਖ 14 ਹਜ਼ਾਰ ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਅਤੇ ਮੁਲਾਜ਼ਮਾਂ ਨੇ ਕੋਵਿਡ ਦੀਆਂ ਦੋਵੇਂ ਡੋਜ\ਟੀਕਾਕਰਨ ਕਰਵਾਇਆ ਹੋਵੇਗਾ, ਉਨ੍ਹਾਂ ਨੂੰ ਹੀ ਪੋਲਿੰਗ ਬੂਥਾਂ ’ਤੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਆਦੇਸ਼ ਦਿੱਤੇ ਕਿ ਪੋਲਿੰਗ ਬੂਥਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ ਕਰਨਾ ਯਕੀਨੀ ਬਣਾਇਆ ਜਾਵੇ। ਚੋਣ ਅਮਲੇ ਸਮੇਤ ਮਤਦਾਨ ਕਰਨ ਆਉਣ ਵਾਲੇ ਵੋਟਰਾਂ ਲਈ ਮੂੰਹ ’ਤੇ ਮਾਸਕ ਲਾਜ਼ਮੀ ਕਰਾਰ ਦਿੱਤਾ ਗਿਆ ਹੈ।
ਚੋਣਾਂ ਪੂਰੀ ਤਰ੍ਹਾਂ ਕੋਵਿਡ ਗਾਈਡਲਾਈਨ ਅਤੇ ਪ੍ਰੋਟੋਕਾਲ ਤਹਿਤ ਕਰਵਾਈਆਂ ਜਾਣਗੀਆਂ। ਕੋਵਿਡ ਦੇ ਲਗਾਤਾਰ ਵਧ ਰਹੇ ਕਸਸਾਂ ਨੂੰ ਦੇਖਦੇ ਹੋਏ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ’ਤੇ ਸਖ਼ਤ ਸ਼ਿਕੰਜ਼ਾ ਵੀ ਕਸਿਆ ਗਿਆ ਹੈ। ਜਿਸ ਦੇ ਤਹਿਤ 15 ਜਨਵਰੀ ਤੱਕ ਕੋਈ ਵੀ ਉਮੀਦਵਾਰ ਜਾਂ ਪਾਰਟੀ ਰੋਡ ਸ਼ੋਅ ਅਤੇ ਪਦ ਯਾਤਰਾ ਨਹੀਂ ਕਰ ਸਕੇਗੀ। ਇਹੀ ਨਹੀਂ 15 ਜਨਰਵੀ ਤੱਕ ਵੱਡੀਆਂ ਰੈਲੀਆਂ ਅਤੇ ਜਨਤਕ ਮੀਟਿੰਗਾਂ ’ਤੇ ਵੀ ਰੋਕ ਲਗਾਈ ਗਈ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਡਿਜ਼ੀਟਲ ਚੋਣ ਪ੍ਰਚਾਰ ਕਰਨ ਦੀ ਸਲਾਹ ਦਿੱਤੀ ਗਈ ਹੈ।