ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰਾਂ ਨੇ ਕਿੱਥੇ ਛੁਪਾਏ ਹਥਿਆਰ?
ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ਨੂੰ ਜੇਲ੍ਹ ‘ਚੋਂ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦਾ
ਲਾਰੈਂਸ ਬਿਸ਼ਨੋਈ ਤੇ ਗੋਰਾ ਨੂੰ ਆਹਮੋ ਸਾਹਮਣੇ ਬਿਠਾ ਕੇ ਕੀਤੀ ਪੁੱਛਗਿੱਛ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 16 ਜੂਨ:
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਅਹਿਮ ਸੁਰਾਗ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਮਲਾਵਰਾਂ ਨੇ ਪੰਜਾਬ-ਹਰਿਆਣਾ ਬਾਰਡਰ ‘ਤੇ ਕਿਸੇ ਥਾਂ ਟੋਆ ਪੁੱਟ ਕੇ ਆਧੁਨਿਕ ਹਥਿਆਰ ਮਿੱਟੀ ਵਿੱਚ ਦੱਬ ਦਿੱਤੇ ਸਨ। ਕਿਉਂਕਿ ਜੇਕਰ ਉਹ ਹਥਿਆਰਾਂ ਸਮੇਤ ਫਰਾਰ ਹੁੰਦੇ ਤਾਂ ਉਹਨਾਂ ਦੇ ਫੜੇ ਜਾਣ ਦਾ ਡਰ ਸੀ।
ਉਧਰ, ਪੰਜਾਬ ਪੁਲੀਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਗੁਰਿੰਦਰ ਗੋਰਾ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਰੰਟ ‘ਤੇ ਆਪਣੀ ਹਿਰਾਸਤ ਵਿੱਚ ਲਿਆ ਹੈ। ਗੋਲਡੀ ਨੇ ਮੂਸੇਵਾਲਾ ਦੇ ਕਤਲ ਤੋਂ ਮਹਿਜ਼ ਦੋ ਕੁ ਘੰਟੇ ਬਾਅਦ ਗਾਇਕ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ। ਨਾਲ ਹੀ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਮੂਸੇਵਾਲਾ ਨੂੰ ਮਾਰਨ ਦੀ ਜਿੰਮੇਵਾਰੀ ਲਈ ਸੀ। ਬਿਸ਼ਨੋਈ ਹੀ ਇਸ ਪੂਰੇ ਘਟਨਾਕ੍ਰਮ ਦਾ ਮਾਸਟਰ ਮਾਈਂਡ ਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਕਾਲਜ ਫਰੈਂਡ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੀ ਹੱਤਿਆ ਦਾ ਬਦਲਾ ਲੈ ਲਿਆ ਹੈ।
ਗੋਰਾ ਇੱਕ ਅਪਰਾਧਿਕ ਮਾਮਲੇ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ। ਉਂਜ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਰੀਬ 9 ਕੇਸ ਦਰਜ ਹਨ। ਸੀਆਈਏ ਕੈਂਪਸ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਰਾ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਹੈ। ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਗੋਰਾ ਦਾ ਨਾਂਅ ਲਿਆ ਹੈ।
ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਪੁਲੀਸ ਦੌਰਾਨ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਸੀਆਈਏ ਸਟਾਫ ਮੁਹਾਲੀ ਦੇ ਕੈਂਪਸ ਆਫਿਸ ਖਰੜ ਵਿੱਚ ਹੀ ਰੱਖਿਆ ਜਾਵੇਗਾ। ਇਸ ਦਾ ਇੱਕ ਕਾਰਨ ਵੀ ਹੈ, ਸੀਆਈਏ ਦਾ ਇਹ ਕੈਂਪਸ ਦਫਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਦੀ ਜੂਹ ਵਿੱਚ ਹੈ। ਚੰਡੀਗੜ੍ਹ ਅਤੇ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਮੁੱਖ ਦਫਤਰ ਸਮੇਤ ਖੁਫੀਆ ਵਿੰਗ, ਐਸਟੀਅੈਫ, ਸਪੈਸ਼ਲ ਅਪਰੇਸ਼ਨ ਸੈੱਲ, ਓਕੋ ਸਮੇਤ ਅੈਂਟੀ ਗੈਂਗਸਟਰ ਸੈੱਲ ਸਥਾਪਿਤ ਹਨ ਅਤੇ ਇੱਥੇ ਡੀਜੀਪੀ, ਏਡੀਜੀਪੀ, ਆਈਜੀ, ਡੀਆਈਜੀ ਸਮੇਤ ਹੋਰ ਉੱਚ ਅਧਿਕਾਰੀ ਬੈਠਦੇ ਹਨ। ਜੋ ਸਮੇਂ ਸਮੇਂ ‘ਤੇ ਗ੍ਰਿਫਤਾਰ ਅਪਰਾਧੀਆਂ ਤੋਂ ਪੁੱਛਗਿੱਛ ਕਰ ਸਕਦੇ ਹਨ ਜਾਂ ਆਪਣੀ ਬਾਜ ਅੱਖ ਰੱਖ ਸਕਦੇ ਹਨ। ਮਾਨਸਾ ਜਾ ਕੇ ਪੁੱਛਗਿੱਛ ਕਰਨ ਜਾਣਾ ਏਨਾ ਸੌਖਾ ਨਹੀਂ ਹੈ।