
ਕਾਂਗਰਸ ਤੋਂ ਕੌਣ ਹੋ ਸਕਦੈ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ? ਪੜ੍ਹੋਂ ਪੂਰੀ ਰਿਪੋਰਟ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਜਨਵਰੀ:
ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਾ ਅੱਜ ਰਸਮੀ ਐਲਾਨ ਹੋਣ ਤੋਂ ਬਾਅਦ ਹੁਣ ਚੋਣਾਂ ਅਤੇ ਨਵੀਂ ਬਣਨ ਵਾਲੀ ਸਰਕਾਰ ਦੀ ਅਗਵਾਈ ਕਰਨ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਹੈ? ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹਨ।
ਸੂਰਜੇਵਾਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਮਾਹਰ ਇਹ ਤਰਕ ਦੇ ਰਹੇ ਹਨ ਕਿ ਸ਼ਾਇਦ ਕਾਂਗਰਸ ਇਹ ਸੋਚਦੀ ਹੋਵੇਗੀ ਜਾਂ ਹਾਈ ਕਮਾਂਡ ਨੇ ਇਹ ਨੀਤੀ ਬਣਾਈ ਹੋ ਸਕਦੀ ਹੈ ਕਿ ਜੇਕਰ ਦਲਿਤ ਵਰਗ ਦੀ ਜ਼ਿਆਦਾ ਵੋਟ ਮਿਲੇ ਤਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜੇਕਰ ਜੱਟ ਵੋਟ ਵੱਧ ਤਾਂ ਨਵਜੋਤ ਸਿੱਧੂ ਜਾਂ ਜੇਕਰ ਹਿੰਦੂ ਵੋਟਾਂ ਜ਼ਿਆਦਾ ਮਿਲੀਆਂ ਤਾਂ ਸੁਨੀਲ ਜਾਖੜ ਦੀ ਲਾਟਰੀ ਲੱਗ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਿੰਦੂ ਭਾਜਪਾ ਦਾ ਵੀ ਵੋਟ ਬੈਂਕ ਹੈ। ਜਿੱਥੋਂ ਤੱਕ ਜੱਟ ਕਹਿਣ ਤੋਂ ਭਾਵ ਕਿਸਾਨ ਵੋਟਾਂ ਦੀ ਗੱਲ ਹੈ, ਇਸ ਵਾਰ ਕਿਸਾਨ ਖ਼ੁਦ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਇਸ ਤਰ੍ਹਾਂ ਕਿਸਾਨੀ ਵਰਗ ਆਪਣੇ ਕਿਸਾਨ ਉਮੀਦਵਾਰ ਨਾਲ ਜਾ ਸਕਦਾ ਹੈ। ਜੇਕਰ ਇੰਜ ਹੋਇਆ ਤਾਂ ਨਵਜੋਤ ਸਿੱਧੂ ਦਾ ਪਤਾ ਕੱਟਣ ਦੀ ਸੰਭਾਵਨਾ ਹੋ ਸਕਦੀ ਹੈ। ਉਂਜ ਸੀਨੀਅਰ ਲੀਡਰਸ਼ਿਪ ਇਹ ਵੀ ਕਹਿ ਰਹੀ ਹੈ। ਉਕਤ ਤਿੰਨਾਂ ਆਗੂਆਂ ਦੀ ਸਾਂਝੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਨਤੀਜਿਆਂ ਤੋਂ ਬਾਅਦ ਸਾਰੇ ਵਿਧਾਇਕ ਅਤੇ ਹਾਈ ਕਮਾਂਡ ਮੁੱਖ ਮੰਤਰੀ ਦੇ ਉਮੀਦਵਾਰ ਦਾ ਫੈਸਲਾ ਕਰੇਗੀ, ਜੋ ਸਾਰਿਆਂ ਲਈ ਮੰਨਣਯੋਗ ਹੋਵੇਗਾ। ਹੁਣ ਤੱਕ ਕਾਂਗਰਸ ਦਾ ਇਹੀ ਕਲਚਰ ਰਿਹਾ ਹੈ। ਉਂਜ ਪਿਛਲੀ ਵਾਰ ਸਾਲ 2017 ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਹੀ ਮੁੱਖ ਮੰਤਰੀ ਦਾ ਉਮੀਦਵਾਰ ਘੋਸ਼ਿਤ ਕਰਕੇ ਚੋਣਾਂ ਲੜੀਆਂ ਸਨ ਪਰ ਐਤਕੀਂ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।